
ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿੱਚ ਲਿੰਗ ਸਮਾਨਤਾ ਬਾਰੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ:
ਇੱਥੋਂ ਦੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਵਿੱਚ ਲੜਕਾ-ਲੜਕੀ ਨੂੰ ਇੱਕ ਬਰਾਬਰ ਦਰਜਾ ਦੇਣ ਸਬੰਧੀ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ ਸੱਤਵੀਂ ਜਮਾਤ ਵੱਲੋਂ ਆਯੋਜਿਤ ਇਸ ਪ੍ਰਾਰਥਨਾ ਸਭਾ ਵਿੱਚ ਬੱਚਿਆਂ ਨੇ ਇਸ ਥੀਮ ਰਾਹੀਂ ਬਹੁਤ ਵਧੀਆ ਸੁਨੇਹਾ ਦਿੱਤਾ। ਪ੍ਰਾਰਥਨਾ ਸਭਾ ਦਾ ਆਰੰਭ ‘ਦੇਹਿ ਸ਼ਿਵਾ ਬਰ ਮੋਹਿ’ ਸ਼ਬਦ ਨਾਲ ਹੋਇਆ। ਉਸ ਤੋਂ ਬਾਅਦ ਲੜਕਾ-ਲੜਕੀ ਵਿੱਚ ਭੇਦ-ਭਾਵ ਨਾ ਕਰਨ ਸਬੰਧੀ ਭਾਸ਼ਣ ਦਿੱਤਾ ਗਿਆ। ਜਿਸ ਵਿੱਚ ਦੱਸਿਆ ਗਿਆ ਕਿ ਕੁੜੀਆਂ ਅੱਜ ਕੱਲ੍ਹ ਹਰ ਖੇਤਰ ਵਿੱਚ ਮੁੰਡਿਆਂ ਦੇ ਬਰਾਬਰ ਹਨ ਅਤੇ ਸਾਨੂੰ ਕੁੜੀਆਂ ਨੂੰ ਅੱਗੇ ਵਧਣ ਵਿੱਚ ਆਪਣਾ ਹੋਰ ਵਧੇਰੇ ਯੋਗਦਾਨ ਦੇਣਾ ਚਾਹੀਦਾ ਹੈ। ਇਸ ਵਿਸ਼ੇ ’ਤੇ ਸਲੋਗਨ ਵੀ ਪੇਸ਼ ਕੀਤੇ ਗਏ।
ਇਸ ਮੌਕੇ ਵਿਦਿਆਰਥੀਆਂ ਨੇ ਇੱਕ ਨਾਟਕ ਦੀ ਪੇਸ਼ਕਾਰੀ ਨਾਲ ਸਮਾਜ ਦੀ ਸੋਚ ਬਾਰੇ ਦੱਸਿਆ ਗਿਆ ਕਿ ਕੁੱਝ ਲੋਕ ਕੁੜੀਆਂ ਨੂੰ ਮੁੰਡਿਆ ਦੇ ਬਰਾਬਰ ਸਮਾਨਤਾ ਨਹੀਂ ਦਿੰਦੇ ਹਨ। ਇਸ ਨਾਟਕ ਰਾਹੀਂ ਕੁੜੀਆਂ ਅਤੇ ਮੁੰਡਿਆਂ ਨੂੰ ਬਰਾਬਰ ਦਾ ਦਰਜਾ ਦੇਣ ਦਾ ਸੰਦੇਸ਼ ਦਿੱਤਾ ਗਿਆ। ਸਕੂਲ ਦੀ ਡਾਇਰੈਕਟਰ ਸ੍ਰੀਮਤੀ ਪਵਨਦੀਪ ਕੌਰ ਗਿੱਲ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਕੁੜੀਆਂ ਹਰ ਖੇਤਰ ਵਿੱਚ ਮੁੰਡਿਆ ਤੋਂ ਵੀ ਅੱਗੇ ਹਨ। ਲਿਹਾਜ਼ਾ ਸਾਨੂੰ ਲਿੰਗ ਭੇਦ-ਭਾਵ ਨਾ ਕਰਦੇ ਹੋਏ ਲੜਕਾ-ਲੜਕੀ ਨੂੰ ਇੱਕ ਬਰਾਬਰ ਮੰਨਣਾ ਚਾਹੀਦਾ ਹੈ।