
‘ਪਾਣੀ ਬਚਾਓ, ਜੀਵਨ ਬਚਾਓ’ ਵਿਸ਼ੇ ’ਤੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੁਲਾਈ:
ਇੱਥੋਂ ਦੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਫੇਜ਼-7 ਵਿਖੇ ‘ਪਾਣੀ ਬਚਾਓ, ਜੀਵਨ ਬਚਾਓ’ ਵਿਸ਼ੇ ’ਤੇ ਸਵੇਰ ਦੀ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਨੇ ਭਾਸ਼ਣ, ਕਵਿਤਾਵਾਂ ਤੇ ਲਘੂ ਨਾਟਕ ਰਾਹੀਂ ਪਾਣੀ ਦੀ ਦੁਰਵਰਤੋਂ ਨਾਲ ਹੋ ਰਹੇ ਨੁਕਸਾਨਾਂ ਬਾਰੇ ਚਾਨਣਾ ਪਾਇਆ ਕਿ ਕਿਸ ਤਰ੍ਹਾਂ ਪਾਣੀ ਦੀ ਦੁਰਵਰਤੋਂ ਨਾਲ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ। ਦੋ ਦਹਾਕੇ ਪਹਿਲਾਂ ਜੋ ਪਾਣੀ 40 ਫੁੱਟ ਦੀ ਡੂੰਘਾਈ ਤੋਂ ਹਾਸਲ ਹੁੰਦਾ ਸੀ ਉਹ ਅੱਜ 90 ਤੋਂ 100 ਫੁੱਟ ਹੇਠਾਂ ਚਲਿਆ ਗਿਆ ਹੈ ਅਤੇ ਜੇਕਰ ਪਾਣੀ ਦੀ ਸੰਭਾਲ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਮਨੁੱਖ ਨੂੰ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਪਾਣੀ ਦੇ ਸੰਕਟ ਦਾ ਮੁਕਾਬਲਾ ਪਾਣੀ ਦੇ ਸਰੋਤਾਂ ਨੂੰ ਸੁਰੱਖਿਅਤ ਰੱਖ ਕੇ ਹੀ ਕੀਤਾ ਜਾ ਸਕਦਾ ਹੈ। ਇਸ ਲਈ ਵਿਦਿਆਰਥੀਆਂ ਦੁਆਰਾ ਪਾਣੀ ਦੀ ਸਹੀ ਵਰਤੋਂ ਤੇ ਇਸ ਦੀ ਬੱਚਤ ਕਰਨ ਦਾ ਪ੍ਰਣ ਲਿਆ ਗਿਆ। ਵਿਦਿਆਰਥੀਆਂ ਦੁਆਰਾ ਕਵਿਜ਼ ਪ੍ਰਸ਼ਨ ਵੀ ਪੁਛੇ ਗਏ ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਬੜੀ ਉਤਸੁਕਤਾ ਨਾਲ ਭਾਗ ਲਿਆ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਕਿਹਾ ਕਿ ਪਾਣੀ ਸਾਡੇ ਲਈ ਬਹੁਤ ਅਨਮੋਲ ਹੈ ਅਤੇ ਇਹ ਸਾਰੇ ਜੀਵ-ਜੰਤੂਆਂ ਲਈ ਜਰੂਰੀ ਹੈ। ਪਾਣੀ ਤੋਂ ਬਿਨਾਂ ਜੀਵਨ ਦਾ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪਾਣੀ ਦਾ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਸਾਨੂੰ ਆਪਣੇ ਨਿੱਜੀ ਜੀਵਨ ਵਿੱਚ ਇਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਪਾਣੀ ਦੀ ਸੰਭਾਲ ਕਰਕੇ ਹੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਸਕੂਲ ਡਾਇਰੈਕਟਰ ਸ੍ਰੀਮਤੀ ਪਵਨਦੀਪ ਕੌਰ ਗਿੱਲ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਗਤੀਵਿਧੀਆਂ ਹੋਣੀਆਂ ਲਾਜ਼ਮੀ ਹਨ ਤਾਂ ਕਿ ਬੱਚਿਆਂ ਵਿੱਚ ਸਵੈ ਭਰੋਸੇ ਦੀ ਭਾਵਨਾ ਪੈਦਾ ਹੋਵੇ।