ਵਾਰਸ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਗੋਸ਼ਟੀ ਦਾ ਆਯੋਜਨ

ਵਾਰਸ ਸ਼ਾਹ ਪੰਜਾਬੀ ਕਿੱਸਾ ਕਾਵਿ ਦਾ ਵਾਰਸ ਹੀ ਨਹੀਂ, ਸ਼ਾਹ ਅਸਵਾਰ ਵੀ ਹੈ: ਪ੍ਰੋਫੈਸਰ ਖੀਵਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਜ਼ਿਲ੍ਹਾ ਭਾਸ਼ਾ ਅਫ਼ਸਰ (ਮੁਹਾਲੀ) ਦੇ ਦਫ਼ਤਰ ਦੇ ਵਿਹੜੇ ਅੱਜ ਵਾਰਸ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਗੋਸ਼ਟੀ ਮੌਕੇ ਪ੍ਰੋ. ਜਲੌਰ ਸਿੰਘ ਖੀਵਾ, ਪ੍ਰੋ. ਲਾਭ ਸਿੰਘ ਖੀਵਾ ਅਤੇ ਬਲਕਾਰ ਸਿੰਘ ਸਿੱਧੂ (ਸਾਬਕਾ ਸਹਾ. ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ) ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ,ਪੰਜਾਬ ਦੀ ਵਿਭਾਗੀ ਧੁਨੀ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਆਏ ਹੋਏ ਸਾਹਿਤਕਾਰਾਂ, ਪਾਠਕਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੁਹਾਲੀ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਾਇਆ ਗਿਆ।ਵਾਰਸ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਲੈ ਕੇ ਉਨ੍ਹਾਂ ਵੱਲੋਂ ਕਰਵਾਈ ਜਾ ਰਹੀਗੋਸ਼ਟੀ ਦੇ ਮਨੋਰਥ ਬਾਰੇ ਜਾਣਕਾਰੀ ਦੇ ਕੇ ਚਰਚਾ ਦਾ ਆਗਾਜ਼ ਕੀਤਾ।
ਪ੍ਰਧਾਨਗੀ ਮੰਡਲ ਦੇ ਮੁੱਖ ਬੁਲਾਰੇ ਪ੍ਰੋ. ਜਲੌਰ ਸਿੰਘ ਖੀਵਾ ਵੱਲੋਂ ਵਾਰਸ ਸ਼ਾਹ ਦੀ ਹੀਰ ਬਾਰੇ ਆਪਣੇ ਪਰਚੇ ਵਿਚ ਖੋਜ ਭਰਪੂਰ ਤੱਥ ਪੇਸ਼ ਕਰਦੇ ਹੋਏ ਕਿਹਾ ਗਿਆ ਕਿ ‘‘ਵਾਰਸ ਸ਼ਾਹ ਦੀ ਹੀਰ ਬਾਰੇ ਬਹੁਤ ਜ਼ਿਆਦਾ ਲਿਖਿਆ ਗਿਆ ਹੈ ਪਰ ਇਸ ਨੂੰ ਬਹੁਤ ਘੱਟ ਜਾਣਿਆ ਗਿਆ ਹੈ। ਵਾਰਸ ਸ਼ਾਹ ਪੰਜਾਬੀ ਕਿੱਸਾ ਕਾਵਿ ਦਾ ਵਾਰਸ ਹੀ ਨਹੀਂ, ਸ਼ਾਹ ਅਸਵਾਰ ਵੀ ਹੈ।’’ਉਨ੍ਹਾਂ ਅੱਗੇ ਕਿਹਾ ਕਿ ਵਾਰਸ ਸ਼ਾਹ ਨੇ ਤਤਕਾਲੀਨ ਸਮਾਜਿਕ ਅਤੇ ਸਭਿਆਚਾਰਕ ਹਾਲਤਾਂ ਦੀ ਪੇਸ਼ਕਾਰੀ ਲਈਹੀਰ-ਰਾਂਝੇ ਦੀ ਪ੍ਰੇਮ ਕਹਾਣੀ ਨੂੰ ਅਧਾਰ ਬਣਾਇਆ ਨਾ ਕਿ ਸਿਰਫ਼ ਪ੍ਰੇਮ ਕਥਾ ਨੂੰ ਬਿਆਨ ਕੀਤਾ ਹੈ।
ਡਾ. ਲਾਭ ਸਿੰਘ ਖੀਵਾ ਵੱਲੋਂ ਸਮੁੱਚੀ ਗੋਸ਼ਟੀ ਦੇ ਨਿਚੋੜ ਨੂੰ ਬੜੀਆਂ ਭਾਵਪੂਰਤ ਟਿੱਪਣੀਆਂ ਅਤੇ ਹਵਾਲਿਆਂ ਨਾਲ ਸਾਰਬੱਧ ਕਰਦਿਆਂ ਸਮੁੱਚੀ ਕਿੱਸਾ ਪਰੰਪਰਾ ਦੇ ਇਤਿਹਾਸ ਅਤੇ ਪੰਜਾਬੀ ਕਿੱਸਾ-ਕਾਵਿਦੀਆਂ ਪ੍ਰਾਪਤੀਆਂ ਦਾ ਵਾਰਸ ਸ਼ਾਹ ਦੀ ਹੀਰ ਦੇ ਪਰਿਪੇਖ ਵਿੱਚ ਜ਼ਿਕਰ ਕੀਤਾ ਗਿਆ। ਬਲਕਾਰ ਸਿੰਘ ਸਿੱਧੂ ਨੇ ਹੀਰ-ਰਾਂਝੇ ਦੀ ਵਾਰਤਾ ’ਚੋਂ ਕੁੱਝ ਬੰਦਾਂ ਨੂੰ ਨਾਟਕੀ ਰੂਪ ਵਿਚ ਪੇਸ਼ ਕਰਦਿਆਂ ਇਸਦੇ ਮੰਚੀਕਰਨ ਤੋਂ ਜਾਣੂ ਕਰਵਾਇਆ। ਸਰਨਜੀਤ ਸਿੰਘ ਨਈਅਰ ਨੇ ਵਾਰਸ ਦੀ ਹੀਰ ਨੂੰ ਗਾ ਕੇ ਸਮਾਂ ਬੰਨ੍ਹ ਦਿੱਤਾ।
ਪ੍ਰੋ. ਅਵਤਾਰ ਸਿੰਘ ਪਤੰਗ ਅਤੇ ਗੁਰਦਰਸ਼ਨ ਸਿੰਘ ਮਾਵੀ ਨੇ ਵੀ ਆਪਣੇ ਮੁੱਲਵਾਨ ਵਿਚਾਰਾਂ ਨਾਲ ਗੋਸ਼ਟੀ ਨੂੰ ਹੋਰ ਸਾਰਥਕ ਬਣਾਇਆ। ਇਨ੍ਹਾਂ ਤੋਂ ਇਲਾਵਾ ਸਮਾਗਮ ਵਿਚ ਜ਼ਿਲ੍ਹੇ ਦੀਆਂ ਅਨੇਕ ਨਾਮਵਰ ਸ਼ਖਸੀਅਤਾਂ ਡਾ. ਸੁਰਿੰਦਰ ਸਿੰਘ ਗਿੱਲ, ਪ੍ਰੀਤ ਕੰਵਲ ਸਿੰਘ (ਜ਼ਿਲ੍ਹਾ ਲੇਕ ਸੰਪਰਕ ਅਫ਼ਸਰ), ਸੰਜੀਵਨ ਸਿੰਘ (ਨਾਟਕਕਾਰ), ਸ਼੍ਰੀਮਤੀ ਕੰਚਨ ਸ਼ਰਮਾ ਅਤੇ ਸ਼੍ਰੀਮਤੀ ਸੁਰਜੀਤ ਕੌਰ (ਡਿਪਟੀ ਡੀਈਓ), ਸ਼੍ਰੀਮਤੀ ਸੱਚਪ੍ਰੀਤ ਖੀਵਾ, ਜਸਵਿੰਦਰ ਸਿੰਘ ਅੌਲਖ, ਡਾ. ਬਲਜੀਤ ਕੌਰ, ਸ਼੍ਰੀਮਤੀ ਮਨਜੀਤ ਮੀਤ, ਰਾਬਿੰਦਰ ਸਿੰਘ ਰੱਬੀ, ਬਲਦੇਵ ਸਿੰਘ ਬਿੰਦਰਾ, ਮਨਜੀਤਪਾਲ ਸਿੰਘ, ਗੁਰਚਰਨ ਸਿੰਘ, ਜਸਵੀਰ ਸਿੰਘ ਗੋਸਲ, ਦਿਲਬਾਗ ਸਿੰਘ, ਪਾਲ ਅਜਨਬੀ, ਸੁਰਿੰਦਰ ਸਿੰਘ, ਹਰਿੰਦਰ ਸਿੰਘ, ਜਸਵੀਰ ਸਿੰਘ ਗੋਸਲ, ਜਗਰੂਪ ਸਿੰਘ, ਰਣਬੀਰ ਸੋਹਲ ਨੇ ਵੀ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਮੁੱਖ ਮਹਿਮਾਨਾਂ ਦਾ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨ ਕੀਤਾ ਅਤੇ ਹੋਰ ਪਤਵੰਤੇ ਸੱਜਣਾਂ ਦਾ ਗੋਸ਼ਟੀ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਜ਼ਿਲ੍ਹਾ ਖੋਜ ਅਫ਼ਸਰ ਦਰਸ਼ਨ ਕੌਰ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੁਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਇੰਸਟ੍ਰਕਟਰ ਜਤਿੰਦਰਪਾਲ ਸਿੰਘ, ਕਲਰਕ ਲਲਿਤ ਕਪੂਰ ਅਤੇ ਗੁਰਵਿੰਦਰ ਸਿੰਘ ਵੀ ਮੌਜੂਦ ਸਨ।

Check Also

ਪੰਜਾਬ ਪੁਲੀਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵੱਲੋਂ ‘ਵਰਲਡ ਅਸਥਮਾ ਡੇਅ ’ਤੇ ਸੈਮੀਨਾਰ

ਪੰਜਾਬ ਪੁਲੀਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵੱਲੋਂ ‘ਵਰਲਡ ਅਸਥਮਾ ਡੇਅ ’ਤੇ ਸੈਮੀਨਾਰ ਹਸਪਤਾਲ ਦੀ ਟੀਮ ਵੱਲੋਂ…