
ਗਿਆਨ ਜਯੋਤੀ ਗਲੋਬਲ ਸਕੂਲ ਵਿੱਚ ਨਵੇਂ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ
ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਬਾਰੇ ਮਾਪਿਆਂ ਨਾਲ ਸਾਂਝੀ ਕੀਤੀ ਜਾਣਕਾਰੀ
ਨਬਜ਼-ਏ-ਪੰਜਾਬ, ਮੁਹਾਲੀ, 30 ਮਾਰਚ:
ਇੱਥੋਂ ਦੇ ਗਿਆਨ ਜੋਤੀ ਗਲੋਬਲ ਸਕੂਲ ਫੇਜ਼-2 ਵਿਖੇ ਨਵੇਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਪ੍ਰਭਾਵਸ਼ਾਲੀ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਸਕੂਲ ਦੇ ਸਿਧਾਂਤਾਂ, ਪਾਠਕ੍ਰਮ ਅਤੇ ਸਿੱਖਣ ਦੇ ਵਾਤਾਵਰਨ ਨਾਲ ਪਰਿਵਾਰਾਂ ਨੂੰ ਜੋੜਿਆ ਗਿਆ। ਨਾਲ ਹੀ ਨਵੇਂ ਸੈਸ਼ਨ ਵਿੱਚ ਮਾਪਿਆਂ ਨੂੰ ਸਕੂਲ ਦੀਆਂ ਵਿੱਦਿਅਕ ਯੋਜਨਾਵਾਂ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਬਾਰੇ ਜਾਣਕਾਰੀ ਦਿੱਤੀ।
ਸਕੂਲ ਦੀ ਪ੍ਰਿੰਸੀਪਲ ਗਿਆਨ ਜੋਤ ਨੇ ਮਾਪਿਆਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਸਕੂਲ ਦੇ ਉਦੇਸ਼ਾਂ-ਯੋਗਤਾ, ਚਰਿੱਤਰ ਨਿਰਮਾਣ ਅਤੇ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ’ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਕਿਵੇਂ ਗਿਆਨ ਜਯੋਤੀ ਗਲੋਬਲ ਸਕੂਲ ਆਪਣੇ ਵਿਦਿਆਰਥੀਆਂ ਨੂੰ ਸਵੈ-ਨਿਰਭਰ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਪ੍ਰਤੀਬੱਧ ਹੈ।
ਇਸ ਸਮਾਗਮ ਵਿੱਚ ਅਧਿਆਪਕਾਂ ਅਤੇ ਕੋਆਰਡੀਨੇਟਰਾਂ ਨੇ ਪਾਠਕ੍ਰਮ, ਨਵੀਨਤਮ ਸਿੱਖਣ ਦੇ ਤਰੀਕੇ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਮਾਪਿਆਂ ਨੇ ਵੀ ਸਕੂਲ ਦੇ ਵਿੱਦਿਅਕ ਮਾਡਲ ਅਤੇ ਵਿਦਿਆਰਥੀਆਂ ਦੀ ਸਫਲਤਾ ਲਈ ਬਣਾਈ ਗਈ ਸਹਾਇਤਾ ਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕੀਤੀ। ਪ੍ਰੋਗਰਾਮ ਦੌਰਾਨ ਮਾਪਿਆਂ ਨੇ ਸਕੂਲ ਦੇ ਟੀਚਿਆਂ ਨਾਲ ਆਪਣੀ ਸਾਂਝੀਦਾਰੀ ਦਾ ਵਾਅਦਾ ਕੀਤਾ ਅਤੇ ਨਵੇਂ ਸੈਸ਼ਨ ਦੀ ਸ਼ੁਰੂਆਤ ਉਤਸ਼ਾਹ ਨਾਲ ਕੀਤੀ। ਅਖੀਰ ਵਿੱਚ ਸਕੂਲ ਦੀ ਡਾਇਰੈਕਟਰ ਰਣਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ
ਕਿਹਾ ਕਿ ਗਿਆਨ ਜੋਤੀ ਗਲੋਬਲ ਸਕੂਲ ਇੱਕ ਪ੍ਰਮੁੱਖ ਵਿੱਦਿਅਕ ਸੰਸਥਾ ਹੈ ਜੋ ਵਿਦਿਆਰਥੀਆਂ ਨੂੰ ਗੁਣਵੱਤਾ ਪੂਰਨ ਸਿੱਖਿਆ, ਨੈਤਿਕ ਮੁੱਲ ਅਤੇ ਸਰਵਪੱਖੀ ਵਿਕਾਸ ਪ੍ਰਦਾਨ ਕਰਦੀ ਹੈ।