
ਗਿਆਨ ਜਯੋਤੀ ਇੰਸਟੀਚਿਊਟ ਵਿੱਚ ਨਵੇਂ ਵਿਦਿਆਰਥੀਆਂ ਲਈ ਉਰੀਅਨਟੇਸ਼ਨ ਪ੍ਰੋਗਰਾਮ ਦਾ ਆਯੋਜਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਗਸਤ:
ਸਥਾਨਕ ਗਿਆਨ ਜਯੋਤੀ ਗਰੁੱਪ ਆਫ਼ ਇੰਸਟੀਚਿਊਟ ਵੱਲੋਂ ਬੀ.ਟੈਕ, ਐਮ.ਬੀ.ਏ, ਬੀ.ਬੀ.ਏ ਅਤੇ ਬੀ.ਸੀ.ਏ ਦੇ ਨਵੇਂ ਆਏ ਵਿਦਿਆਰਥੀਆਂ ਲਈ ਕੈਂਪਸ ਵਿੱਚ ਉਰੀਅਨਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਉਰੀਅਨਟੇਸ਼ਨ ਪ੍ਰੋਗਰਾਮ ਵਿੱਚ ਗਿਆਨ ਜਯੋਤੀ ਗਰੁੱਪ ਦੇ ਪ੍ਰੋਫਾਈਲ, ਵਿਕਾਸ ਦੇ ਸਫ਼ਰ ਅਤੇ ਮੈਨੇਜਮੈਂਟ ਦੇ ਵਿਸ਼ਾਲ ਖੇਤਰ ਬਾਰੇ ਜਾਣੂ ਕਰਾਇਆ ਗਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਸਮੂਹ ਸਟਾਫ ਸਬੰਧੀ ਜਾਣਕਾਰੀ ਦਿੰਦੇ ਹੋਏ ਜੀ ਐਮ ਗੁਰਵਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਉਹਨਾਂ ਨੂੰ ਪੜਾਈ ਨਾਲ ਨਾਲ ਵਧੀਆ ਪ੍ਰੋਫ਼ੈਸ਼ਨਲ ਜੀਵਨ ਜਾਚ ਸਿੱਖਣ ਦਾ ਵੀ ਮੌਕਾ ਮਿਲੇਗਾ।
ਇਸ ਦੌਰਾਨ ਵਿਦਿਆਰਥੀਆਂ ਲਈ ਟਰੈਜ਼ਰ ਹੰਟ ਨਾਮਕ ਗੇਮ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿਚ ਵੱਖ ਵੱਖ ਟੀਮਾਂ ਬਣਾ ਕੇ ਖ਼ਜ਼ਾਨਾ ਲੱਭਣ ਲਈ ਕਈ ਰੋਚਕ ਸਵਾਲ ਪੁੱਛੇ ਗਏ। ਇਸ ਖੇਡ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਆਪਣਾ ਪਹਿਲਾ ਦਿਨ ਕੈਂਪਸ ਵਿਚ ਫੁਟਬਾਲ, ਬਾਸਕਟ ਬਾਲ, ਟੈਨਿਸ, ਟੇਬਲ ਟੈਨਿਸ, ਚੈੱਸ, ਕੈਰਮ ਬੋਰਡ ਜਿਹੀਆਂ ਖੇਡਾਂ ਨਾਲ ਬਿਤਾਇਆ। ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇ ਐਸ ਬੇਦੀ ਨੇ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦੇ ਹੋਏ ਵਿਦਿਆਰਥੀਆਂ ਨੂੰ ਆਪਣੀ ਸਫਲ ਜਿੰਦਗੀ ਲਈ ਵਿਦਿਆਰਥੀਆਂ ਨੂੰ ਆਪਣੇ ਟੀਚਾ ਮਿੱਥ ਕੇ ਨਿਸ਼ਾਨੇ ਤੱਕ ਪਹੁੰਚਣ ਲਈ ਰਣਨੀਤੀ ਹੁਣ ਤੋਂ ਹੀ ਬਣਾਉਣ ਤਾਂ ਜੋ ਮੰਜ਼ਿਲ ਦੇ ਰਸਤੇ ਵਿੱਚ ਆਉਣ ਵਾਲੀਆਂ ਮੁਸ਼ਕਲਾਤ ਲਈ ਉਹ ਪਹਿਲਾਂ ਹੀ ਤਿਆਰ-ਬਰ-ਤਿਆਰ ਰਹਿਣ ਤੇ ਪੜਾਈ ਪੂਰੀ ਕਰਦੇ ਹੀ ਜ਼ਿੰਦਗੀ ਨੂੰ ਸਹੀ ਦਿਸ਼ਾ ’ਤੇ ਲਿਜਾ ਸਕਣ। ਉਹਨਾਂ ਨੇ ਅਨੁਸ਼ਾਸਨ, ਸਕਾਰਾਤਮਿਕ ਰਵੱਈਆ ਅਤੇ ਤਿਆਗ ਭਾਵਨਾ ’ਤੇ ਜ਼ੋਰ ਦਿੰਦਿਆਂ ਹੋਇਆ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਜ਼ਿੰਦਗੀ ਦਾ ਮਕਸਦ ਪਾਉਣ ਲਈ ਹਮੇਸ਼ਾ ਉੱਚਾ ਨਿਸ਼ਾਨਾ ਰੱਖਣਾ ਚਾਹੀਦਾ ਹੈ। ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਗਿਆਨ ਜਯੋਤੀ ਇੰਸਟੀਚਿਊਟ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਸਹੀ ਸੇਧ ਦੇਵੇਗਾ ਅਤੇ ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਪੂਰਾ ਯੋਗਦਾਨ ਦੇਵੇਗਾ, ਇਸ ਦੇ ਨਾਲ ਹੀ ਉਹਨਾਂ ਕਾਰਜ ਪ੍ਰਣਾਲੀ ਦੀਆਂ ਨਵੀਆਂ ਨੀਤੀਆਂ ਤੇ ਵੀ ਚਾਨਣਾ ਪਾਇਆ।