ਪਟਾਕਿਆਂ ਦੇ ਸਟਾਲਾਂ ਵਾਲੀ ਥਾਂ ’ਤੇ ਬਿਨਾਂ ਲਾਇਸੈਂਸ ਤੋਂ ਹੋਰਨਾਂ ਲੋਕਾਂ ਨੇ ਕੀਤੇ ਕਬਜ਼ੇ

ਮਾਮਲੇ ਦੀ ਪੜਤਾਲ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ: ਡੀਸੀ ਆਸ਼ਿਕਾ ਜੈਨ

ਨਬਜ਼-ਏ-ਪੰਜਾਬ, ਮੁਹਾਲੀ, 28 ਅਕਤੂਬਰ:
ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਮਾਰਕੀਟਾਂ ਵਿੱਚ ਪੂਰੀ ਚਹਿਲ-ਪਹਿਲ ਹੈ। ਪਟਾਕਿਆਂ ਦੀ ਵਿੱਕਰੀ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਕਰੀਬ 14 ਵਿਅਕਤੀਆਂ ਨੂੰ ਪਟਾਕੇ ਵੇਚਣ ਦੇ ਆਰਜ਼ੀ ਲਾਇਸੈਂਸ ਜਾਰੀ ਕੀਤੇ ਗਏ ਹਨ ਪ੍ਰੰਤੂ ਫੇਜ਼-8 ਵਿੱਚ ਪਟਾਕਿਆਂ ਦੀ ਵਿੱਕਰੀ ਲਈ ਅਲਾਟ ਕੀਤੀ ਥਾਂ ਉੱਤੇ ਕੁੱਝ ਅਜਿਹੇ ਵਿਅਕਤੀਆਂ ਨੇ ਟੈਂਟ ਲਗਾ ਕੇ ਕਥਿਤ ਨਾਜਾਇਜ਼ ਕਬਜ਼ੇ ਕਰ ਲਏ ਹਨ, ਜਿਨ੍ਹਾਂ ਨੂੰ ਲਾਇਸੈਂਸ ਜਾਰੀ ਨਹੀਂ ਕੀਤਾ ਗਿਆ। ਇਸ ਸਬੰਧੀ ਲਾਇਸੈਂਸ ਧਾਰਕ ਰਵਿੰਦਰਪਾਲ ਸਿੰਘ, ਸ਼ਹਿਰੀਨ, ਰੋਹਿਤ ਕੁਮਾਰ, ਕਿਰਨਦੀਪ ਕੌਰ, ਦਮਨਦੀਪ ਸਿੰਘ, ਹਰਕਮਲ ਪ੍ਰੀਤ ਕੌਰ, ਅਮਨਦੀਪ ਸਿੰਘ ਅਤੇ ਹੋਰਨਾਂ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਸਮੇਤ ਹੋਰਨਾਂ ਵਿਅਕਤੀਆਂ ਨੂੰ ਪਟਾਕਿਆਂ ਦੀ ਵਿੱਕਰੀ ਲਈ 14 ਲਾਇਸੈਂਸ ਜਾਰੀ ਕੀਤੇ ਗਏ ਹਨ। ਇਸ ਸਬੰਧੀ ਉਨ੍ਹਾਂ ਵੱਲੋਂ ਬਕਾਇਦਾ ਫੀਸਾਂ ਜਮ੍ਹਾ ਕਰਵਾ ਕੇ ਐਨਓਸੀ ਲਈ ਗਈ ਹੈ। ਜਦੋਂ ਉਹ ਉਨ੍ਹਾਂ ਨੂੰ ਅਲਾਟ ਕੀਤੀ ਜਗ੍ਹਾ ’ਤੇ ਪਟਾਕਿਆਂ ਦੀ ਵਿੱਕਰੀ ਲਈ ਆਪਣਾ ਆਪਣਾ ਟੈਂਟ ਲਗਾਉਣ ਗਏ ਤਾਂ ਉੱਥੇ ਪਹਿਲਾਂ ਹੀ ਕਈ ਹੋਰ ਵਿਅਕਤੀ ਟੈਂਟ ਲਗਾ ਕੇ ਬੈਠੇ ਹੋਏ ਸਨ। ਉਨ੍ਹਾਂ ਕਿਹਾ ਕਿ ਇਸ ਥਾਂ ’ਤੇ ਕਬਜ਼ਾ ਵਿਅਕਤੀਆਂ ਵੱਲੋਂ ਉਨ੍ਹਾਂ ਨੂੰ ਟੈਂਟ ਲਗਾਉਣ ਤੋਂ ਰੋਕਿਆ ਗਿਆ ਅਤੇ ਨਾਲ ਹੀ ਗਾਲੀ ਗਲੋਚ ਅਤੇ ਝਗੜਾ ਕੀਤਾ ਗਿਆ।
ਪੀੜਤ ਵਿਅਕਤੀਆਂ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਅਲਾਟ ਕੀਤੀ ਜਗ੍ਹਾ ਉੱਤੇ ਤਰਤੀਬਵਾਰ 14 ਟੈਂਟ ਲਗਵਾਏ ਜਾਣ ਅਤੇ ਉੱਥੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਜਾਣ। ਨਾਲ ਹੀ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਨੇ ਧੱਕੇ ਨਾਲ ਸਬੰਧਤ ਜਗ੍ਹਾ ਵਿੱਚ ਟੈਂਟ ਲਗਾਏ ਗਏ ਹਨ, ਉਨ੍ਹਾਂ ਨੂੰ ਫੌਰੀ ਹਟਾਇਆ ਜਾਵੇ।
ਇਸ ਸਬੰਧੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਉਨ੍ਹਾਂ ਨੂੰ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਸਮਰੱਥ ਅਧਿਕਾਰੀ ਨੂੰ ਮੌਕੇ ’ਤੇ ਭੇਜ ਕੇ ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ ਅਤੇ ਬਿਨਾਂ ਲਾਇਸੈਂਸ ਤੋਂ ਟੈਂਟ ਲਗਾ ਕੇ ਪਟਾਕੇ ਵੇਚਣ ਵਾਲੇ ਵਿਅਕਤੀਆਂ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਸਪੱਸ਼ਟ ਆਖਿਆ ਕਿ ਕਿਸੇ ਨੂੰ ਬਿਨਾਂ ਲਾਇਸੈਂਸ ਪਟਾਕੇ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਸਿਰਫ਼ ਲਾਇਸੈਂਸ ਧਾਰਕ ਹੀ ਪਟਾਕੇ ਵੇਚਣ ਦੀਆਂ ਆਰਜ਼ੀ ਦੁਕਾਨਾਂ ਖੋਲ੍ਹ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

Ensure disposal of complaints in fair, transparent, time bound manner: VB Chief Directs Officials

Ensure disposal of complaints in fair, transparent, time bound manner: VB Chief Directs Of…