
ਪੇਂਡੂ ਇਲਾਕਿਆਂ ਵਿੱਚ ਸਕੂਲੀ ਸਿੱਖਿਆ ਵਿੱਚ ਸੁਧਾਰ ਲਿਆਉਣਾ ਸਾਡਾ ਮਿਸ਼ਨ: ਸਿੱਧੂ
ਮੁਹਾਲੀ ਵਿਧਾਨ ਸਭਾ ਖੇਤਰ ਵਿੱਚ 5 ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਕੇ ਨਵੇਂ ਸਾਲ ਦਾ ਤੋਹਫ਼ਾ ਦਿੱਤਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ:
ਸਕੂਲੀ ਪੱਧਰ ਅਤੇ ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਪੇਂਡੂ ਇਲਾਕਿਆਂ ਵਿੱਚ ਵਿੱਦਿਆ ਦੀ ਪਹੁੰਚ ਵਧਾਉਣ ਦੇ ਲਈ ਅਸੀਂ ਪੇਂਡੂ ਇਲਾਕਿਆਂ ਵਿਚ ਸਕੂਲੀ ਸਿੱਖਿਆ ਵਿੱਚ ਸੁਧਾਰ ਤੇ ਧਿਆਨ ਕੇਂਦਰਿਤ ਕੀਤਾ ਹੈ। ਇਸ ਏਜੰਡੇ ਦੇ ਤਹਿਤ ਮੋਹਾਲੀ ਵਿਧਾਨ ਸਭਾ ਖੇਤਰ ਵਿਚ ਪੰਜ ਸਕੂਲਾਂ ਨੂੰ ਅਪਗ੍ਰੇਡ ਕੀਤਾ ਗਿਆ। ਮੁਹਾਲੀ ਤੋਂ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਕੈਬੀਨਟ ਮਤਰੀ ਬਲਬੀਰ ਸਿੱਧੂ ਨੇ ਸੋਮਵਾਰ ਨੂੰ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਕਿਹਾ ਕਿ ਇਸੇ ਏਜੰਡੇ ਦੇ ਤਹਿਤ ਨਗਾਰੀ ਦੇ ਗੌਰਮਿੰਟ ਪ੍ਰਾਈਮਰੀ ਸਕੂਲ ਨੂੰ ਮਿਡਲ ਸਕੂਲ ਵਿਚ ਅਪਗ੍ਰੇਡ ਕੀਤਾ ਗਿਆ। ਬੱਲੋਮਾਜਰਾ ਅਤੇ ਸਿਆਊ ਦੇ ਸਰਕਾਰੀ ਮਿਡਲ ਸਕੂਲਾਂ ਨੂੰ ਹਾਈ ਸਕੂਲਾਂ ਵਿੱਚ ਅਪਗ੍ਰੇਡ ਕੀਤਾ ਗਿਆ। ਸਿੱਧੂ ਨੇ ਕਿਹਾ ਕਿ ਲਾਂਡਰਾਂ ਅਤੇ ਸਨੇਟਾ ਦੇ ਹਾਈ ਸਕੂਲਾਂ ਨੂੰ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਅਪਗ੍ਰੇਡ ਕੀਤਾ ਗਿਆ ਹੈ।
ਪੇਂਡੂ ਇਲਾਕਿਆਂ ਵਿੱਚ ਸਰਕਾਰੀ ਸਕੂਲਾਂ ਦੇ ਮੁੱਢਲੇ ਢਾਂਚੇ ਵਿਚ ਸੁਧਾਰ ਕਰਨਾ ਸਾਡੀ ਮੁੱਖ ਪਹਿਲ ਰਹੀ ਹੈ। ਪੇਂਡੂ ਇਲਾਕਿਆਂ ਦੇ ਹਰੇਕ ਬੱਚੇ ਨੂੰ ਸ਼ੁਰੂਆਤੀ ਸਕੂਲੀ ਸਿੱਖਿਆ ਉਪਲਬਧ ਕਰਾਉਣਾ ਸਾਡਾ ਟੀਚਾ ਹੈ। ਬਲਬੀਰ ਸਿੱਧੂ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਪੇਂਡੂ ਸਕੂਲੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਫਿਰ ਤੋਂ ਸੇਵਾ ਕਰਨ ਦਾ ਮੌਕਾ ਮਿਲਣ ਤੇ ਪੇਂਡੂ ਸਿੱਖਿਆ ਵਿੱਚ ਹੋਰ ਸੁਧਾਰ ਲੈ ਕੇ ਆਵਾਂਗੇ।