nabaz-e-punjab.com

ਮੁਹਾਲੀ ਵਿੱਚ ਡੇਂਗੂ ਨੇ ਦਿੱਤੀ ਦਸਤਕ: 85 ਸ਼ੱਕੀ ਮਰੀਜ਼ਾਂ ਦੇ ਸੈਂਪਲਾਂ ਦੀ ਜਾਂਚ, 2 ਮਰੀਜ਼ਾਂ ਨੂੰ ਡੇਂਗੂ ਹੋਣ ਦੀ ਪੁਸ਼ਟੀ

ਪਿਛਲੇ ਸਾਲ 2017 ਵਿੱਚ ਮੁਹਾਲੀ ਵਿੱਚ ਰਿਹਾ ਡੇਂਗੂ ਦਾ ਕਹਿਰ, ਸੀਬੀਸੀ ਟੈੱਸਟਾਂ ਦੀ ਗਿਣਤੀ ਵਧੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੂਨ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਡੇਂਗੂ ਦੇ ਦੋ ਮਰੀਜ਼ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਇੱਕ ਮਰੀਜ਼ ਮੁਹਾਲੀ ਪਿੰਡ ਅਤੇ ਦੂਜਾ ਖਰੜ ਦਾ ਵਸਨੀਕ ਹੈ। ਮੁਹਾਲੀ ਵਿੱਚ ਡੇਂਗੂ ਦੀ ਦਸਤਕ ਦੇਣ ਤੋਂ ਬਾਅਦ ਸਿਹਤ ਵਿਭਾਗ ਚੌਕੰਨਾ ਹੋ ਗਿਆ ਹੈ ਅਤੇ ਇਸ ਸਬੰਧੀ ਸਰਕਾਰੀ ਹਸਪਤਾਲ ਫੇਜ਼-6 ਵਿੱਚ ਸਪੈਸ਼ਲ ਵਾਰਡ ਬਣਾਇਆ ਗਿਆ ਹੈ। ਇਸ ਗੱਲ ਦਾ ਖੁਲਾਸਾ ਜ਼ਿਲ੍ਹਾ ਐਪੀਡੈਮਿਓਲੋਜਿਸਟ ਕਮ ਡੇਂਗੂ ਨੋਡਲ ਅਫ਼ਸਰ ਡਾ. ਸ਼ਲਿੰਦਰ ਕੌਰ ਨੇ ਕੀਤਾ ਹੈ। ਜਦੋਂਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਵਿੱਚ ਮੁਹਾਲੀ ਵਿੱਚ ਡੇਂਗੂ ਦਾ ਪ੍ਰਕੋਪ ਸਿੱਖਰ ’ਤੇ ਸੀ। ਲੇਕਿਨ ਸਿਹਤ ਵਿਭਾਗ ਦੇ ਅਗਾਊਂ ਪ੍ਰਬੰਧਾਂ ਸਦਕਾ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੀ ਹੈ।
ਸਿਹਤ ਵਿਭਾਗ ਨੇ ਆਪਣੇ ਤੌਰ ’ਤੇ ਜਾਂਚ ਕੈਂਪ ਲਗਾਉਣ ਦੇ ਨਾਲ ਨਾਲ ਜਾਗਰੂਕਤਾ ਅਭਿਆਨ ਵੀ ਸ਼ੁਰੂ ਕੀਤਾ ਗਿਆ ਹੈ। ਜਿਸ ਵਿੰਚ ਮੁਹਾਲੀ ਨਗਰ ਨਿਗਮ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਸਿਹਤ ਵਿਭਾਗ ਤੋਂ ਜਾਣਕਾਰੀ ਮਿਲੀ ਹੈ ਕਿ ਇਕ ਹੋਰ ਮਰੀਜ਼ ਨੂੰ ਡੇਂਗੂ ਬੁਖਾਰ ਪਾਇਆ ਗਿਆ ਹੈ। ਸਿਹਤ ਵਿਭਾਗ ਵੱਲੋਂ 85 ਮਰੀਜ਼ਾਂ ਦੇ ਖੂਨ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ ਸੀ। ਜਿਨ੍ਹਾਂ ’ਚੋਂ 2 ਮਰੀਜ਼ ਡੇਂਗੂ ਤੋਂ ਪੀੜਤ ਪਾਏ ਗਏ ਹਨ। ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਇਸ ਸਾਲ ਪੂਰੇ ਜ਼ਿਲ੍ਹੇ ਦੇ ਟੈੱਸਟ ਹੋ ਰਹੇ ਹਨ। ਜਿਨ੍ਹਾਂ ਵਿੱਚ ਨਿੱਜੀ ਹਸਪਤਾਲਾਂ ਤੋਂ ਵੀ ਡੇਂਗੂ ਦੇ ਟੈਸਟ ਇਥੇ ਹੀ ਭੇਜਣ ਦੀ ਹਦਾਇਤ ਹੈ।
ਜਾਣਕਾਰੀ ਮਿਲੀ ਹੈ ਕਿ ਮੌਸਮ ਬਦਲਣ ਨਾਲ ਸਿਵਲ ਹਸਪਤਾਲ ਵਿੱਚ ਇਸ ਵੇਲੇ ਤੇਜ਼ ਬੁਖਾਰ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਮੈਡੀਸਨ ਦੇ ਮਾਹਰ ਡਾਕਟਰ ਇਸ ਵੇਲੇ ਇਨ੍ਹਾਂ ਸ਼ੱਕੀ ਮਰੀਜ਼ਾਂ ਦੇ ਸੀਬੀਸੀ ਟੈਸਟ ਕਰਵਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਇਸ ਵੇਲੇ ਹਰ ਰੋਜ਼ 150 ਮਰੀਜ਼ਾਂ ਦਾ ਸੀਬੀਸੀ (ਕੰਪਲੀਟ ਬਲੱਡ ਟੈੱਸਟ) ਹੁੰਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਹਰ ਤੇਜ਼ ਬੁਖਾਰ ਡੇਂਗੂ ਨਹੀਂ ਹੁੰਦਾ ਪਰ ਖੂਨ ਵਿੱਚ ਕਿਸ ਤਰ੍ਹਾਂ ਦੀ ਇਨਫ਼ੈਕਸ਼ਨ ਹੈ ਇਸ ਦੀ ਜਾਣਕਾਰੀ ਲੈਣੀ ਬੇਹੱਦ ਜ਼ਰੂਰੀ ਹੈ। ਜਿਸ ਕਰ ਕੇ ਟੈੱਸਟ ਕਰਵਾ ਕੇ ਸ਼ੰਕਾ ਦੂਰ ਕਰਨੀ ਲਾਜ਼ਮੀ ਹੈ।
ਜ਼ਿਕਰਯੋਗ ਹੈ ਕਿ ਸਾਲ 2017 ਵਿੱਚ ਮੁਹਾਲੀ ਸ਼ਹਿਰ ਡੇਂਗੂ ਅਤੇ ਚਿਕਨਗੁਣੀਆਂ ਦੇ ਮਰੀਜ਼ਾਂ ਵਿੱਚ ਸਭ ਤੋਂ ਵੱਧ ਮਰੀਜ਼ ਮੁਹਾਲੀ ਦੇ ਸਨ। ਇੱਕ ਅਨੁਮਾਨ ਮੁਤਾਬਕ ਇਕੱਲੇ ਮੁਹਾਲੀ ਸ਼ਹਿਰ ਤੋਂ 1800 ਦੇ ਕਰੀਬ ਮਰੀਜ਼ ਮੁਹਾਲੀ ਤੋਂ ਸਨ ਜਦੋਂਕਿ ਅੱਧਾ ਦਰਜਨ ਤੋਂ ਵੱਧ ਮਰੀਜ਼ਾਂ ਦੀ ਮੌਤ ਹੋ ਗਈ ਸੀ। ਇਸ ਲਈ ਸਿਹਤ ਵਿਭਾਗ ਇਸ ਵਰ੍ਹੇ ਡੇਂਗੂ ਪ੍ਰਤੀ ਕਾਫ਼ੀ ਗੰਭੀਰ ਦਿਖਾਈ ਦੇ ਰਿਹਾ ਹੈ।
(ਬਾਕਸ ਆਈਟਮ)
ਸਥਾਨਕ ਫੇਜ਼-4 ਦੇ ਰਿਹਾਇਸ਼ੀ ਖੇਤਰ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਕੰਨਟੇਕਰ ਸਰਵੇ ਕੀਤਾ ਗਿਆ। ਜਿਸ ਦੌਰਾਨ ਲੋਕਾਂ ਨੂੰ ਡੇਂਗੂ ਤੋਂ ਬਚਾਓ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸੁਪਰਵਾਈਜ਼ਰ ਬਲਜੀਤ ਸਿੰਘ ਅਤੇ ਗੁਰਜੀਤ ਸਿੰਘ ਨੇ ਲੋਕਾਂ ਨੂੰ ਦੱਸਿਆ ਕਿ ਘਰਾਂ ਵਿੱਚ ਕੂਲਰਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਸਾਫ਼ ਕਰਕੇ ਚੰਗੀ ਤਰ੍ਹਾਂ ਸੁਕਾਉਣ ਤੋਂ ਬਾਅਦ ਵਰਤੋਂ ਵਿੱਚ ਲਿਆਂਦਾ ਜਾਵੇ ਅਤੇ ਘਰਾਂ ਵਿੱਚ ਜਿੱਥੇ ਵੀ ਸਾਫ਼ ਪਾਣੀ ਖੜਾ ਹੈ, ਉਸ ਨੂੰ ਹਫ਼ਤੇ ਵਿੱਚ ਜ਼ਰੂਰ ਬਦਲ ਦਿੱਤਾ ਜਾਵੇ। ਕਿਉਂਕਿ ਡੇਂਗੂ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਡੇਂਗੂ ਬੁਖਾਰ ਦਾ ਸਪੋਰਟਿਵ ਟੈਸਟ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।
(ਬਾਕਸ ਆਈਟਮ)
ਉਧਰ, ਸਿਹਤ ਵਿਭਾਗ ਦੀ ਜ਼ਿਲ੍ਹਾ ਐਪੀਡੈਮਿਓਲੋਜਿਸਟ ਕਮ ਡੇਂਗੂ ਨੋਡਲ ਅਫ਼ਸਰ ਡਾ. ਸ਼ਲਿੰਦਰ ਕੌਰ ਨੇ ਦੱਸਿਆ ਕਿ ਹਾਲ ਹੀ ਵਿੱਚ ਸਿਹਤ ਵਿਭਾਗ ਵੱਲੋਂ ਡੇਂਗੂ ਦੇ 85 ਸ਼ੱਕੀ ਮਰੀਜਾਂ ਦੇ ਸੈਂਪਲ ਲੈ ਕੇ ਸਿਵਲ ਹਸਪਤਾਲ ਫੇਜ਼-6 ਦੀ ਲੈਬਾਰਟਰੀ ਵਿੱਚ ਜਾਂਚ ਕੀਤੀ ਗਈ। ਜਿਨ੍ਹਾਂ ’ਚੋਂ ਦੋ ਮਰੀਜ਼ਾਂ ਨੂੰ ਡੇਂਗੂ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਸਿਵਲ ਹਸਪਤਾਲ ਵਿੱਚ ਡੇਂਗੂ ਦੇ ਮੁਫ਼ਤ ਟੈੱਸਟ ਕੀਤੇ ਜਾਂਦੇ ਹਨ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਜਿਸ ਏਰੀਆ ’ਚੋਂ ਡੇਂਗੂ ਪੀੜਤ ਜਾਂ ਡੇਂਗੂ ਦਾ ਸ਼ੱਕੀ ਮਰੀਜ਼ ਮਿਲਦਾ ਹੈ ਤਾਂ ਸਬੰਧਤ ਇਲਾਕੇ ਵਿੱਚ ਸਰਵੇ ਕੀਤਾ ਜਾਂਦਾ ਹੈ ਅਤੇ ਆਸ ਪਾਸ ਇਲਾਕੇ ਵਿੱਚ ਮੁਫ਼ਤ ਦਵਾਈਆਂ ਵੰਡੀਆਂ ਜਾਂਦੀਆਂ ਹਨ ਅਤੇ ਸ਼ਹਿਰੀ ਖੇਤਰ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਦਿਹਾਤੀ ਖੇਤਰ ਵਿੱਚ ਪੰਚਾਇਤ ਵਿਭਾਗ ਨੂੰ ਫੌਗਿੰਗ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …