
‘ਆਪ’ ਦੇ ਨਾਰਾਜ਼ ਆਗੂ ਸਰਬਜੀਤ ਸਿੰਘ ਪੰਧੇਰ ਵੱਲੋਂ ਆਜ਼ਾਦ ਚੋਣ ਲੜਨ ਦਾ ਐਲਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜਨਵਰੀ:
ਪੰਜਾਬ ਪੁਲੀਸ ਦੇ ਸੇਵਾਮੁਕਤ ਏਆਈਜੀ ਅਤੇ ‘ਆਪ’ ਆਗੂ ਸਰਬਜੀਤ ਸਿੰਘ ਪੰਧੇਰ ਨੇ ਪਾਰਟੀ ਦੇ ਫੈਸਲੇ ਦੇ ਉਲਟ ਇੱਥੋਂ ਦੇ ਵਾਰਡ ਨੰਬਰ-14 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ (ਆਪ) ਨੇ ਬੀਤੇ ਕੱਲ੍ਹ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜ਼ਾਦ ਗਰੁੱਪ ਨਾਲ ਮਿਲ ਕੇ ਨਗਰ ਨਿਗਮ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਇਸ ਬਾਰੇ ਸ੍ਰੀ ਪੰਧੇਰ ਨੇ ਕਿਹਾ ਕਿ ਜ਼ਿਲ੍ਹਾ ਮੁਹਾਲੀ ਦੀ ਲੀਡਰਸ਼ਿਪ ਇਸ ਫੈਸਲੇ ਤੋਂ ਸਖ਼ਤ ਨਾਰਾਜ਼ ਹੈ, ਪ੍ਰੰਤੂ ਪਾਰਟੀ ਅਨੁਸ਼ਾਸਨ ਦੇ ਚੱਲਦਿਆਂ ਕੋਈ ਆਗੂ ਅਤੇ ਵਾਲੰਟੀਅਰ ਆਪਣਾ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ।
ਸ੍ਰੀ ਪੰਧੇਰ ਨੇ ਕਿਹਾ ਕਿ ਉਨ੍ਹਾਂ ਨੇ ਆਪ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਵਾਰਡ ਨੰਬਰ-14 ਤੋਂ ਨਗਰ ਨਿਗਮ ਦੀ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ ਸੀ ਅਤੇ ਉਹ ਪਿਛਲੇ ਕਾਫੀ ਦਿਨਾਂ ਤੋਂ ਉਕਤ ਖੇਤਰ ਵਿੱਚ ਚੋਣ ਪ੍ਰਚਾਰ ਕਰਨ ਵਿੱਚ ਜੁਟੇ ਹੋਏ ਹਨ। ਲੇਕਿਨ ਪਾਰਟੀ ਦਾ ਆਜ਼ਾਦ ਗਰੁੱਪ ਨਾਲ ਮਿਲ ਕੇ ਚੋਣ ਲੜਨ ਦੀ ਖ਼ਬਰ ਪੜ੍ਹ ਕੇ ਉਨ੍ਹਾਂ ਦੇ ਮਨ ਨੂੰ ਭਾਰੀ ਸੱਟ ਲੱਗੀ ਹੈ। ਜਿਸ ਨੇ ਉਨ੍ਹਾਂ ਨੇ ਸਥਾਨਕ ਲੋਕਾਂ ਦੀ ਸਹਿਮਤੀ ਨਾਲ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਲਿਆ ਹੈ। ਸ੍ਰੀ ਪੰਧੇਰ ਨੇ ਉਹ ਪੰਜਾਬ ਪੁਲੀਸ ਵਿੱਚ ਸਰਵਿਸ ਦੌਰਾਨ ਉਨ੍ਹਾਂ ਨੇ ਸੂਬੇ ਵਿੱਚ ਕਾਲੇ ਦੌਰਾ ਵੇਲੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਡਿਊਟੀ ਕੀਤੀ ਹੈ ਅਤੇ ਵੱਖ-ਵੱਖ ਅਹੁਦਿਆਂ ’ਤੇ ਤਾਇਨਾਤ ਰਹੇ ਹਨ ਅਤੇ ਉਨ੍ਹਾਂ ਕੋਲ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਲੰਮਾ ਤਜਰਬਾ ਹੈ। ਉਨ੍ਹਾਂ ਕਿਹਾ ਕਿ ਉਹ ਨਗਰ ਨਿਗਮ ਦੇ ਹਾਊਸ ਵਿੱਚ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਮੁੱਦੇ ਚੁੱਕ ਕੇ ਉਨ੍ਹਾਂ ਨੂੰ ਹੱਲ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।
ਉਧਰ, ਇਸ ਤੋਂ ਪਹਿਲਾਂ ਮੁੰਡੀ ਖਰੜ ਵਿੱਚ ਆਪ ਵਲੰਟੀਅਰ ਸੁਖਵਿੰਦਰ ਸਿੰਘ ਬਾਦਲ ਘਵੱਦੀ ਵੀ ਸੀਨੀਅਰ ਲੀਡਰਸ਼ਿਪ ਦੀ ਅਣਦੇਖੀ ਦਾ ਹੋਣ ਕਾਰਨ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਲੈ ਚੁੱਕੇ ਹਨ। ਇਨ੍ਹਾਂ ਨੇ ਵੀ ਸੀਨੀਅਰ ਆਗੂਆਂ ’ਤੇ ਉਨ੍ਹਾਂ ਦੀ ਗੱਲ ਨੂੰ ਅਣਗੌਲਿਆ ਕਰਨ ਦੇ ਦੋਸ਼ ਲਗਾਏ ਹਨ। ਸ੍ਰੀ ਬਾਦਲ ਘਵੱਦੀ ਨੇ ਕਿਹਾ ਕਿ ਉਨ੍ਹਾਂ ਨੇ ਸੀਨੀਅਰ ਲੀਡਰਸ਼ਿਪ ਨੂੰ ਚੋਣ ਲੜਨ ਵਾਲੇ ਪਹਿਲਾਂ ਹੀ ਸਾਰੀ ਸਥਿਤੀ ਤੋਂ ਜਾਣੂ ਕਰਵਾ ਦਿੱਤਾ ਸੀ ਅਤੇ ਅਖੀਰ ਤੱਕ ਜ਼ਿਲ੍ਹੇ ਦੇ ਆਗੂ ਉਨ੍ਹਾਂ ਨੂੰ ਚੋਣ ਲੜਾਉਣ ਦਾ ਭਰੋਸੇ ਦਿੰਦੇ ਆਏ ਹਨ ਪਰ ਬਾਅਦ ਵਿੱਚ ਟਿਕਟ ਕਿਸੇ ਹੋਰ ਨੂੰ ਦੇ ਦਿੱਤੀ।