Nabaz-e-punjab.com

ਯੈੱਸ ਬੈਂਕ ਅਤੇ ਏਟੀਐਮ ਦੇ ਬਾਹਰ ਪੈਸੇ ਕਢਾਉਣ ਵਾਲਿਆਂ ਵਾਲਾ ਤਾਂਤਾ ਲੱਗਿਆ

ਰਿਜ਼ਰਵ ਬੈਂਕ ਵੱਲੋਂ ਯੈੱਸ ਬੈਂਕ ਤੋਂ ਪੈਸੇ ਕਢਾਉਣ ਦੀ ਹੱਦ ਤੈਅ ਕੀਤੇ ਜਾਣ ਕਾਰਨ ਖਪਤਕਾਰ ਪ੍ਰੇਸ਼ਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਾਰਚ:
ਭਾਰਤੀ ਰਿਜ਼ਰਵ ਬੈਂਕ ਵੱਲੋਂ ਬੀਤੇ ਦਿਨੀਂ ਪੂੰਜੀ ਦੀ ਵੱਡੀ ਘਾਟ ਨਾਲ ਜੂਝ ਰਹੇ ਯੈੱਸ ਬੈਂਕ ਦੇ ਬੋਰਡ ਆਫ਼ ਡਾਇਰੈਕਟਰ ਨੂੰ ਭੰਗ ਕਰਕੇ ਆਪਣਾ ਪ੍ਰਬੰਧਕ ਨਿਯੁਕਤ ਕਰਨ ਅਤੇ ਯੈੱਸ ਬੈਂਕ ਦੇ ਖਾਤਾਧਾਰਕਾਂ ਲਈ ਅਗਲੇ ਹੁਕਮਾਂ ਤੱਕ ਪੈਸੇ ਕਢਵਾਉਣ ਦੀ ਲਿਮਟ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੈਅ ਕਰਨ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਖਪਤਕਾਰਾਂ ਵਿੱਚ ਅਜੀਬ ਜਿਹੀ ਖਲਬਲੀ ਮਚ ਗਈ ਹੈ। ਇਹੀ ਨਹੀਂ ਬਿਜਲੀ ਬਿੱਲਾਂ ਦਾ ਭੁਗਤਾਨ ਸਮੇਤ ਹੋਰ ਆਨਲਾਈਨ ਸਹੂਲਤਾਂ ਨਾਲ ਜੁੜੇ ਵੱਡੀ ਮਾਤਰਾਂ ਵਿੱਚ ਕਾਰੋਬਾਰੀਆਂ ਦੀ ਨੀਂਦ ਉੱਡ ਗਈ ਹੈ।
ਯੈੱਸ ਬੈਂਕ ਦੇ ਖਪਤਕਾਰ ਤੇ ਆਨਲਾਈਨ ਸੁਵਿਧਾ ਨਾਲ ਜੁੜੇ ਕਾਰੋਬਾਰੀ ਮਲਕੀਤ ਸਿੰਘ ਸੈਣੀ (ਮਲਕੀਤ ਕੌਮਨੀਕੇਸ਼ਨ) ਨੇ ਦੱਸਿਆ ਕਿ ਉਸ ਦਾ ਯੈੱਸ ਬੈਂਕ ਵਿੱਚ ਬਿਜ਼ਨਸ ਖਾਤਾ ਹੈ। ਇਸ ਖਾਤੇ ਵਿੱਚ ਹਰੇਕ ਮਹੀਨੇ ਘੱਟੋ ਘੱਟ 30 ਹਜ਼ਾਰ ਰੁਪਏ ਬਕਾਇਆ ਦਿਖਾਉਣਾ ਪੈਂਦਾ ਹੈ। ਇਸ ਤੋਂ ਬਾਅਦ ਹੀ 5 ਲੱਖ ਤੱਕ ਦਾ ਕਾਰੋਬਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਬਿਜਲੀ ਬਿੱਲ, ਭਰਤੀ ਫਾਰਮ, ਵਿਦਿਆਰਥੀਆਂ ਦੀਆਂ ਫੀਸਾਂ ਸਮੇਤ ਹੋਰ ਲੋੜਵੰਦਾਂ ਦੀਆਂ ਛੋਟੀਆਂ ਪੇਮੈਂਟਾਂ ਦਾ ਕੈਸ਼ ਭੁਗਤਾਨ ਕਰਦਾ ਆ ਰਿਹਾ ਸੀ ਪ੍ਰੰਤੂ ਇਹ ਕਾਰੋਬਾਰ ਉਸ ਦਾ ਅੱਜ ਤੋਂ ਬਿਲਕੁਲ ਬੰਦ ਹੋ ਗਿਆ ਹੈ। ਜਦੋਂਕਿ ਯੈੱਸ ਬੈਂਕ ਦੇ ਖਾਤੇ ਵਿੱਚ ਉਸ ਦੀ ਕਾਫੀ ਜਮ੍ਹਾ ਪੂੰਜੀ ਪਈ ਹੈ। ਇਸ ਰਾਸ਼ੀ ’ਤੇ ਉਸ ਨੂੰ ਕੋਈ ਵਿਆਜ ਵੀ ਨਹੀਂ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਬੈਂਕ ਵਿੱਚ ਉਸ ਦਾ ਪ੍ਰਤੀ ਮਹੀਨਾ 5 ਲੱਖ ਦਾ ਕਾਰੋਬਾਰ ਸੀ। ਉਧਰ, ਬੈਂਕ ਦੇ ਖਪਤਕਾਰ ਸਵੇਰ ਤੋਂ ਲਾਈਨਾਂ ਵਿੱਚ ਲੱਗ ਕੇ ਬੈਂਕ ਤੋਂ ਪੈਸੇ ਕਢਵਾਉਣ ਲਈ ਖੱਜਲ-ਖੁਆਰ ਹੋ ਰਹੇ ਹਨ।
ਇੱਥੋਂ ਦੇ ਫੇਜ਼-3ਬੀ2 ਦੀ ਮਾਰਕੀਟ ਵਿੱਚ ਯੈੱਸ ਬੈਂਕ ਵਿੱਚ ਅੱਜ ਸਵੇਰ ਤੋਂ ਪੈਸੇ ਕਢਵਾਉਣ ਵਾਲੇ ਖਪਤਕਾਰਾਂ ਦਾ ਤਾਂਤਾ ਲੱਗਿਆ ਰਿਹਾ। ਬੈਂਕ ’ਚੋਂ ਪੈਸੇ ਕਢਵਾਉਣ ਲਈ ਲਾਈਨ ਵਿੱਚ ਲੱਗੇ ਰਵਿੰਦਰ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਯੈੱਸ ਬੈਂਕ ਦੇ ਏਟੀਐਮ ਵੀ ਬੰਦ ਹੋ ਗਏ ਹਨ। ਜਿਸ ਕਾਰਨ ਏਟੀਐਮ ਵਿੱਚ ਕੋਈ ਪੈਸਾ ਨਹੀਂ ਨਿਕਲ ਰਿਹਾ। ਬੈਂਕ ਅਧਿਕਾਰੀ ਵੀ ਬਰਾਂਚ ਵਿੱਚ ਪੈਸਿਆਂ ਦੀ ਤੋਟ ਆਉਣ ਦੀ ਗੱਲ ਆਖ ਰਹੇ ਹਨ। ਖਪਤਕਾਰਾਂ ਨੂੰ 50 ਹਜ਼ਾਰ ਵੀ ਨਹੀਂ ਦਿੱਤੇ ਜਾ ਰਹੇ ਹਨ।
ਖਪਤਕਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਹੁਣ ਕਿੱਥੇ ਜਾਣ। ਖਪਤਕਾਰ ਨੇ ਦੱਸਿਆ ਕਿ ਉਸਨੇ ਆਪਣੇ ਘਰ ਦੇ ਖਰਚੇ ਤੋਂ ਇਲਾਵਾ ਮਕਾਨ ਸਮੇਤ ਹੋਰ ਕਰਜ਼ਿਆਂ ਦੀਆਂ ਕਿਸ਼ਤਾਂ ਦੇਣੀਆਂ ਹੁੰਦੀਆਂ ਹਨ ਅਤੇ 31 ਮਾਰਚ ਤੱਕ ਬਕਾਇਆ ਕਿਸ਼ਤਾਂ ਦਾ ਭੁਗਤਾਨ ਕਰਨਾ ਜ਼ਰੂਰੀ ਹੈ। ਉਸ ਦੀ ਸਾਰੀ ਤਨਖ਼ਾਹ ਵੀ ਯੈੱਸ ਬੈਂਕ ਦੇ ਖਾਤੇ ਵਿੱਚ ਆਉਂਦੀ ਹੈ ਅਤੇ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਸਿਰਫ਼ 50 ਹਜ਼ਾਰ ਰੁਪਏ ਵਿੱਚ ਗੁਜ਼ਾਰਾ ਕਿਵੇਂ ਕਰੇਗਾ। ਬੈਂਕ ਦੇ ਬਾਹਰ ਲਾਈਨ ਵਿੱਚ ਖੜੇ ਖਾਤਾਧਾਰਕਾਂ ਨੇ ਰੋਸ ਪ੍ਰਗਟ ਕਰਦਿਆਂ ਥੋੜ੍ਹੀ ਦੇਰ ਬਾਅਦ ਬੈਂਕ ਬੰਦ ਹੋਣ ਵਾਲਾ ਹੈ ਪ੍ਰੰਤੂ ਬੈਂਕ ਸਟਾਫ਼ ਉਨ੍ਹਾਂ ਦੀ ਸਮੱਸਿਆ ਨਹੀਂ ਸਮਝ ਰਿਹਾ ਹੈ। ਜਿਹੜੇ ਲੋਕਾਂ ਨੇ ਯੈੱਸ ਬੈਂਕ ਤੋਂ ਕਰਜ਼ਾ ਲਿਆ ਹੋਇਆ ਹੈ। ਉਨ੍ਹਾਂ ਨੂੰ ਖਾਤੇ ਵਿੱਚ ਮੌਜੂਦ ਪੈਸੇ ਕਢਵਾਉਣ ਤੋਂ ਇਹ ਕਹਿ ਕੇ ਜਵਾਬ ਦਿੱਤਾ ਜਾ ਰਿਹਾ ਹੈ ਕਿ ਪਹਿਲਾਂ ਉਹ ਆਪਣੇ ਕਰਜ਼ੇ ਦੀ ਅਦਾਇਗੀ ਕਰਨ। ਉਂਜ ਵੀ ਬੈਂਕ ਦਾ ਸੁਰੱਖਿਆ ਕਰਮਚਾਰੀ ਖਾਤਾਧਾਰਕਾਂ ਨੂੰ ਇੱਕ ਇੱਕ ਕਰਕੇ ਅੰਦਰ ਜਾਣ ਦੇ ਰਿਹਾ ਸੀ। ਉਧਰ, ਬੈਂਕ ਅਧਿਕਾਰੀ ਅਤੇ ਸਟਾਫ਼ ਨੇ ਇਹ ਕਹਿ ਕੇ ਗੱਲ ਕਰਨ ਤੋਂ ਟਾਲਾ ਵੱਟ ਲਿਆ ਕਿ ਉਹ ਮੀਡੀਆ ਨਾਲ ਗੱਲ ਕਰਨ ਲਈ ਅਧਿਕਾਰਤ ਨਹੀਂ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…