ਵਟ ਐਨ ਆਈਡੀਆ-ਏ ਸਟਾਰਟਅਪ ਚੈਲੰਜ ਲਈ 400 ਤੋਂ ਵੱਧ ਬਿਨੈਕਾਰਾਂ ਦੀ ਰਜਿਸਟਰੇਸ਼ਨ: ਆਸ਼ਿਕਾ ਜੈਨ

ਉੱਭਰਦੇ ਉੱਦਮੀਆਂ ਨੂੰ ਸਲਾਹ ਦੇਣਾ ਤੇ ਸੰਭਾਲਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਨਾ ਸਟਾਰਟਅਪ ਚੈਲੰਜ ਦਾ ਉਦੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਫਰਵਰੀ:
ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਸਹਿਯੋਗ ਨਾਲ ਉੱਦਮੀ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਨ ਲਈ ਵਟ ਐਨ ਆਈਡੀਆ-ਏ ਸਟਾਰਟਅਪ ਚੈਲੰਜ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਹੁਣ ਤੱਕ ਕੁੱਲ 403 ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ। ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਅਰਜ਼ੀਆਂ ਦੇਣ ਦੀ ਆਖ਼ਰੀ 15 ਫਰਵਰੀ ਹੈ। ਇਸ ਪ੍ਰੋਗਰਾਮ ਤਹਿਤ ਨੌਜਵਾਨਾਂ ਨੂੰ ਪ੍ਰਾਜੈਕਟ ਸ਼ੁਰੂ ਕਰਨ ਲਈ ਮਾਹਰਾਂ ਵੱਲੋਂ ਸਲਾਹ ਤੇ ਹੋਰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਓਪਨ ਸ਼੍ਰੇਣੀਆਂ ’ਚੋਂ ਪਹਿਲੇ ਤਿੰਨ ਜੇਤੂਆਂ ਨੂੰ ਨਗਦ ਇਨਾਮ ਵੀ ਦਿੱਤੇ ਜਾਣਗੇ। ਜ਼ਿਲ੍ਹੇ ਵਿੱਚ ਇਹ ਪ੍ਰੋਗਰਾਮ ਬੀਤੀ 17 ਜਨਵਰੀ ਨੂੰ ਸ਼ੁਰੂ ਕੀਤਾ ਗਿਆ ਸੀ।
ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਉਨ੍ਹਾਂ ਨੇ ਆਸ-ਪਾਸ ਸਥਿਤ ਵੱਖ-ਵੱਖ ਸੰਸਥਾਵਾਂ ਅਤੇ ਇਨਕਿਊਬੇਸ਼ਨ ਸੈਂਟਰਾਂ ਜਿਵੇਂ ਕਿ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀਐਸਸੀਐਸਟੀ), ਸਾਫ਼ਟਵੇਅਰ ਟੈਕਨਾਲੋਜੀ ਪਾਰਕ ਆਫ਼ ਇੰਡੀਆ (ਐਸਟੀਪੀਆਈ), ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਸ਼ਰ), ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ), ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਅਤੇ ਇਨੋਵੇਸ਼ਨ ਮਿਸ਼ਨ ਪੰਜਾਬ ਨਾਲ ਵਿਸਤ੍ਰਿਤ ਮੀਟਿੰਗ ਕੀਤੀ।
ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਅਧਿਕਾਰੀਆਂ ਨੇ ਇਨੋਵੇਸ਼ਨ ਮਿਸ਼ਨ (ਆਈਐਮ) ਪੰਜਾਬ ਟੀਮ ਦੇ ਨਾਲ ਜ਼ੋਰਦਾਰ ਢੰਗ ਨਾਲ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਉਨ੍ਹਾਂ ਨੂੰ ਇਸ ਚੁਨੌਤੀ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਲਈ ਵੱਖ-ਵੱਖ ਵਿੱਦਿਅਕ ਸੰਸਥਾਵਾਂ, ਬੀਡੀਪੀਓ ਦਫ਼ਤਰਾਂ ਅਤੇ ਪਿੰਡਾਂ ਵਿੱਚ 50 ਤੋਂ ਵੱਧ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਸਟਾਰਟਅਪ ਚੈਲੇਂਜ ਦਾ ਉਦੇਸ਼ ਉੱਭਰਦੇ ਉੱਦਮੀਆਂ ਨੂੰ ਸਲਾਹ ਦੇਣ ਅਤੇ ਉਨ੍ਹਾਂ ਨੂੰ ਸੰਭਾਲਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਨਾ ਹੈ। ਇਨਕਿਊਬੇਸ਼ਨ ਸੈਂਟਰ ਵੱਖ-ਵੱਖ ਸੈਕਟਰਾਂ ਵਿੱਚ ਸਹਿ-ਕਾਰਜ ਕਰਨ ਵਾਲੀਆਂ ਥਾਵਾਂ, ਵਿੱਤੀ ਸਹਾਇਤਾ ਅਤੇ ਸਲਾਹ ਦੇਣ ਵਰਗੀਆਂ ਸਹੂਲਤਾਂ ਪ੍ਰਦਾਨ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਇਸ ਪ੍ਰੋਗਰਾਮ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਇਸ ਉਪਰਾਲੇ ਨੂੰ ਸਫਲ ਬਣਾਉਣ। ਉਨ੍ਹਾਂ ਕਿਹਾ ਕਿ ਇੱਛੁਕ ਉਮੀਦਵਾਰ https://bit.ly/What1n9deaMohali ਉੱਤੇ 15 ਫਰਵਰੀ ਤੱਕ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …