ਵੈਟਰਨਰੀ ਅਫ਼ਸਰਾਂ ਦੇ ਤਨਖਾਹ ਸਕੇਲ ਘਟਾਏ ਜਾਣ ਕਾਰਨ ਐਸੋਸੀਏਸ਼ਨ ਵਿਚ ਭਾਰੀ ਰੋਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜਨਵਰੀ:
ਪੰਜਾਬ ਸਟੇਟ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਦੀ ਸੂਬਾ ਕਾਰਜਕਾਰਨੀ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਸੂਬਾ ਪ੍ਰਧਾਨ ਡਾ. ਸਰਬਜੀਤ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵਿੱਤ ਵਿਭਾਗ ਵੱਲੋਂ ਬੀਤੀ 4 ਜਨਵਰੀ ਨੂੰ ਇਕ ਪੱਤਰ ਜਾਰੀ ਕਰਕੇ ਨਵੇਂ ਭਰਤੀ ਹੋਏ ਵੈਟਰਨਰੀ ਅਫ਼ਸਰਾਂ ਦੀ ਮੁੱਢਲੀ ਤਨਖਾਹ 56100 ਰੁਪਏ ਤੋਂ ਘਟਾ ਕੇ 47600 ਰੁਪਏ ਕੀਤੇ ਜਾਣ ਦੇ ਫੈਸਲੇ ’ਤੇ ਸਖ਼ਤ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਡਾ. ਰੰਧਾਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ ਮੰਗ ਕੀਤੀ ਕਿ ਵੈਟਰਨਰੀ ਅਫ਼ਸਰਾਂ ਨੂੰ 7ਵੇਂ ਕੇਂਦਰੀ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮੁਤਾਬਕ ਅਸੂਲਨ 56100 ਰੁਪਏ ਦੀ ਮੁੱਢਲੀ ਤਨਖ਼ਾਹ ਦਿੱਤੀ ਜਾਵੇ, ਕਿਉਂਕਿ ਸੁਪਰੀਮ ਕੋਰਟ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਵੈਟਰਨਰੀ ਅਫ਼ਸਰਾਂ ਨੂੰ ਮੈਡੀਕਲ ਅਫ਼ਸਰਾਂ ਦੇ ਬਰਾਬਰ ਤਨਖ਼ਾਹ ਦੇਣ ਲਈ ਕਿਹਾ ਗਿਆ ਹੈ।
ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਵਿੱਚ ਸਮੂਹ ਵੈਟਰਨਰੀ ਅਫ਼ਸਰਾਂ ਵੱਲੋਂ ਫਰੰਟਲਾਈਨ ’ਤੇ ਕੰਮ ਕੀਤਾ ਗਿਆ ਹੈ। ਲੌਕਡਾਊਨ ਦੇ ਸਮੇਂ ਦੁੱਧ, ਮੀਟ ਅਤੇ ਚਿਕਨ ਦੀ ਸਪਲਾਈ ਵਿੱਚ ਕੋਈ ਵੀ ਵਿਘਨ ਨਹੀਂ ਪੈਣ ਦਿੱਤਾ ਗਿਆ ਅਤੇ ਡੇਅਰੀ,ਪੋਲਟਰੀ ਤੇ ਹੋਰ ਧੰਦੇ ਸੁਚਾਰੂ ਢੰਗ ਨਾਲ ਚੱਲਦੇ ਰਹੇ ਹਨ। ਹੁਣ ਦੇਸ਼ ਵਿੱਚ ਬਰਡ ਫਲੂ ਦੀ ਬਿਮਾਰੀ ਫੈਲ ਰਹੀ ਹੈ। ਪੰਜਾਬ ਵਿੱਚ ਪਸ਼ੂ ਪਾਲਣ ਵਿਭਾਗ ਵੱਲੋਂ ਪੂਰੀ ਸੁਹਿਰਦਾ ਨਾਲ ਇਸ ਬਿਮਾਰੀ ਨੂੰ ਕੰਟਰੋਲ ਕਰਨ ਲਈ ਤਹਿਸੀਲ ਅਤੇ ਜ਼ਿਲ੍ਹਾ ਪੱਧਰ ’ਤੇ ਰੈਪਿਡਰਿਸਪਾਂ ਟੀਮਾਂ ਦਾ ਗਠਨ ਕਰਕੇ ਸਰਵੀਲੈਂਸ ਸ਼ੁਰੂ ਕਰ ਦਿੱਤੀ ਗਈ ਹੈ। ਇਸ ਅੌਖੀ ਘੜੀ ਵਿੱਚ ਵੈਟਰਨਰੀ ਅਫ਼ਸਰਾਂ ਦੇ ਮਨੋਬਲ ਦਾ ਵਧਾਉਣ ਦੀ ਬਜਾਏ ਸਰਕਾਰ ਵੈਟਰਨਰੀ ਅਫ਼ਸਰਾਂ ਦੇ ਤਨਖ਼ਾਹ ਸਕੇਲ ਘਟਾ ਕੇ ਉਨ੍ਹਾਂ ਦਾ ਮਨੋਬਲ ਘਟਾ ਰਹੀ ਹੈ।
ਇਸ ਮੌਕੇ ਡਾ. ਟੀਪੀ ਸੈਣੀ, ਪੈਟਰਨ, ਸੰਯੁਕਤ ਡਾਇਰੈਕਟਰ (ਸੇਵਾਮੁਕਤ) ਡਾ. ਗੁਰਿੰਦਰ ਸਿੰਘ ਵਾਲੀਆ, ਡਿਪਟੀ ਡਾਇਰੈਕਟਰ (ਸੇਵਾਮੁਕਤ) ਡਾ. ਨਿਤਿਨ ਕੁਮਾਰ ਨੇ ਕਿਹਾ ਕਿ ਵੈਟਰਨਰੀ ਅਫ਼ਸਰਾਂ ਵੱਲੋਂ ਬੇਜੁਬਾਨਾਂ ਦਾ ਇਲਾਜ ਕਰਕੇ ਦੁੱਧ ਦੀ ਪੈਦਾਵਾਰ ਨੂੰ ਵਧਾ ਕੇ ਪੰਜਾਬ ਦੀ ਜੀਡੀਪੀ ਵਿੱਚ ਵਧੇਰੇ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਵੈਟਰਨਰੀ ਡਾਕਟਰਾਂ ਦੀ ਮੈਡੀਕਲ ਡਾਕਟਰਾਂ ਦੇ ਨਾਲ ਤਨਖ਼ਾਹ ਪੈਰਿਟੀ ਨੂੰ ਮੁੜ ਬਹਾਲ ਕੀਤਾ ਜਾਵੇ।
ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੰਗ ਕੀਤੀ ਕਿ ਵਿੱਤ ਵਿਭਾਗ ਵੱਲੋਂ ਤਨਖਾਹ ਸਕੇਲ ਘਟਾਉਣ ਵਾਲਾ ਜਾਰੀ ਪੱਤਰ ਤੁਰੰਤ ਵਾਪਸ ਲਿਆ ਜਾਵੇ ਅਤੇ ਵੈਟਰਨਰੀ ਅਫ਼ਸਰਾਂ ਦੀ 7ਵੇਂ ਕੇਂਦਰੀ ਤਨਖ਼ਾਹ ਕਮਿਸ਼ਨ ਦੇ ਲੈਵਲ 10 ਦੀ ਤਰਜ਼ ’ਤੇ ਤਨਖ਼ਾਹ ਨਿਰਧਾਰਿਤ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੁਲਾਜ਼ਮ ਵਿਰੋਧੀ ਪੱਤਰ ਵਾਪਸ ਨਾ ਲਿਆ ਅਤੇ ਵੈਟਰਨਰੀ ਡਾਕਟਰਾਂ ਦੀ ਤਨਖ਼ਾਹ ਪੈਰਿਟੀ ਬਹਾਲ ਨਾ ਕੀਤੀ ਗਈ ਤਾਂ ਜਥੇਬੰਦੀ ਨੂੰ ਮਜਬੂਰ ਹੋ ਕੇ ਸੰਘਰਸ਼ ਦਾ ਰਾਹ ਅਪਣਾਉਣਾ ਪਵੇਗਾ।
ਇਸ ਮੀਟਿੰਗ ਵਿੱਚ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨਾਂ, ਸੇਵਾਮੁਕਤ ਵੈਟਰਨਰੀ ਅਧਿਕਾਰੀਆਂ ਅਤੇ ਪੰਜਾਬ ਸਟੇਟ ਵੈਟਰਨਰੀ ਕੌਂਸਲ ਦੇ ਮੈਂਬਰਾਂ ਤੋਂ ਇਲਾਵਾ ਡਾ. ਸੂਰਜਭਾਨ, ਡਾ. ਗੁਰਦੇਵ ਸਿੰਘ, ਡਾ ਸਰਬਦੀਪ ਸਿੰਘ, ਡਾ. ਚਤਿੰਦਰ ਸਿੰਘ, ਡਾ. ਹਰਬੰਸ ਸਿੰਘ ਭਿੰਡਰ, ਡਾ. ਰਵੀਕਾਂਤ, ਡਾ. ਤਜਿੰਦਰ ਸਿੰਘ, ਡਾ. ਸੰਦੀਪ ਗੁਪਤਾ, ਡਾ. ਹਰਮਨਿੰਦਰ ਸਿੰਘ, ਡਾ. ਅਨਿਲ ਕਪੂਰ, ਡਾ. ਗੁਰਦਿੱਤ ਸਿੰਘ, ਡਾ. ਕਰਮਜੀਤ ਸਿੰਘ, ਡਾ. ਸੁਖਰਾਜ ਸਿੰਘ ਬੱਲ, ਡਾ. ਵਿਜੈ ਗਾਂਧੀ, ਡਾ ਕੁਲਦੀਪ ਸਿੰਘ ਅਟਵਾਲ, ਡਾ. ਹਰਿੰਦਰ ਸਿੰਘ ਭੁੱਲਰ, ਡਾ ਪੁਨੀਤ ਮਲਹੋਤਰਾ, ਡਾ. ਗਗਨਦੀਪ ਸਿੰਘ, ਡਾ ਰਵਿੰਦਰ ਸਿੰਘ ਕੰਗ, ਡਾ ਅਮਰਇਕਬਾਲ ਸਿੰਘ, ਡਾ ਹਰਵਿੰਦਰ ਸਿੰਘ, ਡਾ. ਗੋਪਾਲ ਸ਼ਰਮਾ, ਡਾ. ਅਨਿਲ ਸੇਠੀ, ਡਾ. ਸੁਭਾਸ਼, ਡਾ. ਨਵਜੀਤ ਸਿੰਘ, ਡਾ ਜਸਪ੍ਰੀਤ ਸਿੰਘ, ਡਾ. ਸੰਘਾ ਅਤੇ ਡਾ. ਸੁਖਹਰਮਨ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…