Nabaz-e-punjab.com

ਅਣਦੇਖੀ: ਸ਼ਹਿਰ ਵਿੱਚ ਓਵਰਬ੍ਰਿਜਾਂ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਹਾਲਤ ਮਾੜੀ, ਨਸ਼ੇੜੀਆਂ ਦੇ ਅੱਡਾ ਬਣੇ ਓਵਰਬ੍ਰਿਜ

ਓਵਰਬ੍ਰਿਜਾਂ ਦੀ ਸਾਂਭ ਸੰਭਾਲ ਲਈ ਲੋੜੀਂਦੀ ਕਾਰਵਾਈ ਕਰੇ ਮੁਹਾਲੀ ਨਿਗਮ: ਕੁਲਜੀਤ ਬੇਦੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਸਤੰਬਰ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਅਕਾਲੀ ਸਰਕਾਰ ਦੌਰਾਨ ਕਾਫੀ ਸਮਾਂ ਪਹਿਲਾਂ ਸ਼ਹਿਰ ਦੀ ਅੰਦਰਲੀ ਮੁੱਖ ਸੜਕ ’ਤੇ ਫੇਜ਼-7 ਵਿੱਚ, ਚਾਵਲਾ ਚੌਂਕ ਫੇਜ਼-7 ਅਤੇ ਫੇਜ਼-3 ਅਤੇ ਫੇਜ਼-5 ਦੇ ਟਰੈਫ਼ਿਕ ਲਾਈਟ ਪੁਆਇੰਟਾਂ ’ਤੇ ਆਮ ਲੋਕਾਂ ਨੂੰ ਸੜਕ ਪਾਰ ਕਰਨ ਵੇਲੇ ਆਉਣ ਵਾਲੀਆਂ ਮੁਸ਼ਕਲਾਂ ਤੋਂ ਛੁਟਕਾਰਾ ਦਿਵਾਉਣ ਲਈ ਚਾਰ ਓਵਰਬ੍ਰਿਜਾਂ ਦੀ ਉਸਾਰੀ ਕੀਤੀ ਗਈ ਸੀ। ਜਿਨ੍ਹਾਂ ਦੇ ਰੱਖ ਰਖਾਓ ਦੀ ਜ਼ਿੰਮੇਵਾਰੀ ਨਗਰ ਨਿਗਮ ਵੱਲੋਂ ਸੰਭਾਲੀ ਜਾਂਦੀ ਹੈ ਪ੍ਰੰਤੂ ਮੌਜੂਦਾ ਸਮੇਂ ਵਿੱਚ ਨਿਗਮ ਸਟਾਫ਼ ਵੱਲੋਂ ਓਵਰਬ੍ਰਿਜਾਂ ਦੀ ਸਹੀ ਤਰੀਕੇ ਨਾਲ ਸਾਂਭ ਸੰਭਾਲ ਕੀਤੇ ਜਾਣ ਕਾਰਨ ਜਿੱਥੇ ਇਨ੍ਹਾਂ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਹੈ, ਉੱਥੇ ਓਵਰਬ੍ਰਿਜ ਨਸ਼ੇੜੀਆਂ ਦੇ ਅੱਡੇ ਬਣ ਗਏ ਹਨ।
ਆਰਟੀਆਈ ਕਾਰਕੁਨ ਅਤੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਓਵਰਬ੍ਰਿਜਾਂ ਦੀਆਂ ਪੌੜੀਆਂ ਅਤੇ ਉੱਪਰਲੇ ਹਿੱਸੇ ਉੱਤੇ ਸ਼ਰਾਬ ਦੀਆਂ ਖਾਲੀ ਬੋਤਲਾਂ, ਤੰਬਾਕੂ ਦੇ ਖਾਲੀ ਪੈਕਟ ਅਤੇ ਹੋਰ ਕੂੜਾ ਕਰਕਟ ਮਿਲਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਇਨ੍ਹਾਂ ਓਵਰਬ੍ਰਿਜਾਂ ਨੂੰ ਸਿਰਫ਼ ਆਪਣੀ ਆਮਦਨ ਦੇ ਸਾਧਨ ਵਜੋਂ ਤਾਂ ਵਰਤਿਆ ਜਾਂਦਾ ਹੈ ਪ੍ਰੰਤੂ ਇਨ੍ਹਾਂ ਦੀ ਸਾਂਭ ਸੰਭਾਲ ਵੱਲ ਉੱਕਾ ਹੀ ਧਿਆਨ ਨਾ ਦਿੱਤੇ ਜਾਣ ਕਾਰਨ ਇਨ੍ਹਾਂ ਦੀ ਹਾਲਤ ਕਾਫੀ ਖ਼ਰਾਬ ਹੋ ਚੁੱਕੀ ਹੈ।
ਸ੍ਰੀ ਬੇਦੀ ਨੇ ਕਿਹਾ ਕਿ ਸ਼ਹਿਰ ਵਿਚ ਦਿਨੋ ਦਿਨ ਵੱਧ ਰਹੀ ਭੀੜ ਦੇ ਕਾਰਨ ਪੈਦਲ ਚੱਲਣ ਵਾਲੇ ਲੋਕਾਂ ਨੂੰ ਸੜਕਾਂ ਪਾਰ ਕਰਨ ਵਿਚ ਸੌਖ ਬਣਾਉਣ ਲਈ ਲਗਭਗ 9 ਸਾਲ ਪਹਿਲਾਂ ਗਮਾਡਾ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਸ਼ਹਿਰ ਵਿਚ ਬਣਾਏ ਗਏ ਇਹ ਓਵਰਬ੍ਰਿਜ ਮਾੜੀ ਹਾਲਤ ਵਿੱਚ ਹਨ। ਉਨ੍ਹਾਂ ਕਿਹਾ ਕਿ ਲੋਹੇ ਨਾਲ ਬਣੇ ਇਨ੍ਹਾਂ ਓਵਰਬ੍ਰਿਜਾਂ ਨੂੰ ਹੁਣ ਜੰਗਾਲ ਲੱਗਣਾ ਸ਼ੁਰੂ ਹੋ ਗਿਆ ਹੈ। ਭਾਵੇਂ ਨਗਰ ਨਿਗਮ ਇਨ੍ਹਾਂ ਓਵਰਬ੍ਰਿਜਾਂ ਉੱਤੇ ਇਸ਼ਤਿਹਾਰਬਾਜ਼ੀ ਰਾਹੀਂ ਵੱਖ ਵੱਖ ਕੰਪਨੀਆਂ ਤੋਂ ਲੱਖਾਂ ਰੁਪਏ ਦੀ ਆਮਦਨ ਕਮਾ ਰਹੀ ਹੈ ਪ੍ਰੰਤੂ ਨਿਗਮ ਵੱਲੋਂ ਇਨ੍ਹਾਂ ਓਵਰਬ੍ਰਿਜਾਂ ਦੀ ਸਾਂਭ ਸੰਭਾਲ ਉੱਤੇ ਕੋਈ ਪੈਸਾ ਖਰਚ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਓਵਰਬ੍ਰਿਜਾਂ ਦੀ ਸੰਭਾਲ ਨਹੀਂ ਕੀਤੀ ਤਾਂ ਕਰੋੜਾ ਰੁਪਏ ਦੀ ਇਹ ਸੰਪਤੀ ਨੂੰ ਜੰਗ ਲੱਗ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਓਵਰਬ੍ਰਿਜਾਂ ਦੀ ਸਾਂਭ ਸੰਭਾਲ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ ਤਾਂ ਜੋ ਆਮ ਲੋਕ ਇਨ੍ਹਾਂ ਓਵਰਬ੍ਰਿਜਾਂ ਦੀ ਵਰਤੋਂ ਕਰ ਸਕਣ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…