ਮੁਹਾਲੀ ਵਿੱਚ ਸਰਾਓ ਹੋਟਲ ਦੇ ਮਾਲਕ ਵੱਲੋਂ ਗੋਲੀਆਂ ਮਾਰ ਕੇ ਆਪਣੀ ਪਤਨੀ ਦਾ ਕਤਲ

ਪੀਜੀਆਈ ਵਿੱਚ ਦਵਾਈ ਲੈਣ ਜਾਣ ਸਮੇਂ ਰਸਤੇ ’ਚ ਮਾਮੂਲੀ ਤਕਰਾਰ ਮਗਰੋਂ ਪਤਨੀ ਦੀ ਪੁੜਪੁੜੀ ਵਿੱਚ ਦਾਗੀਆਂ ਛੇ ਗੋਲੀਆਂ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਕਤੂਬਰ:
ਸਥਾਨਕ ਫੇਜ਼-10 ਵਿੱਚ ਸਥਿਤ ਹੋਟਲ ਸਰਾਓ ਦੇ ਮਾਲਕ ਨਿਰੰਕਾਰ ਸਿੰਘ ਨੇ ਅੱਜ ਉਸ ਨਾਲ ਕਾਰ ਵਿੱਚ ਜਾ ਰਹੀ ਆਪਣੀ ਪਤਨੀ ਕੁਲਵੰਤ ਕੌਰ ਨਾਲ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਉਸ ਦੇ ਸਿਰ ਵਿੱਚ ਗੋਲੀਆਂ ਮਾਰ ਦਿੱਤੀਆਂ। ਜਿਸ ਕਾਰਨ ਕੁਲਵੰਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਨਿਰੰਕਾਰ ਸਿੰਘ ਪਿਛਲੇ ਕੁੱਝ ਸਮੇੱ ਤੋੱ ਬਿਮਾਰ ਸੀ ਅਤੇ ਉਸਦਾ ਪੀ ਜੀ ਆਈ ਚੰਡੀਗੜ੍ਹ ਵਿੱਚ ਇਲਾਜ ਚਲ ਰਿਹਾ ਸੀ। ਅੱਜ ਸਵੇਰੇ ਪੌਣੇ ਦਸ ਵਜੇ ਦੇ ਆਸ ਪਾਸ ਉਹ ਆਪਣੀ ਪਤਨੀ ਦੇ ਨਾਲ ਪੀ ਜੀ ਆਈ ਚੈਕਅੱਪ ਲਈ ਜਾ ਰਿਹਾ ਸੀ ਜਦੋੱ ਰਾਹ ਵਿੱਚ (ਮਾਨਵ ਮੰਗਲ ਸਕੂਲ ਫੇਜ਼-10 ਨੇੜੇ) ਕਿਸੇ ਗੱਲ ਤੇ ਉਸਦੀ ਆਪਣੀ ਪਤਨੀ ਨਾਲ ਬਹਿਸ ਹੋ ਗਈ ਅਤੇ ਉਸਨੇ ਉੱਥੇ ਹੀ ਕਾਰ ਰੋਕ ਲਈ। ਇਸਤੋੱ ਬਾਅਦ ਉਸਨੇ ਆਪਣੇ ਲਾਈਸੰਸੀ ਰਿਵਾਲਵਰ ਨਾਲ ਆਪਣੀ ਪਤਨੀ ਦੀ ਪੁੜਪੁੜੀ ਵਿੱਚ ਲਗਾਤਾਰ ਛੇ ਗੋਲੀਆਂ ਮਾਰ ਕੇ ਉਸਨੂੰ ਕਤਲ ਕਰ ਦਿੱਤਾ। ਜਿਸ ਕਾਰ ਵਿੱਚ ਇਹ ਵਾਰਦਾਤ ਵਾਪਰੀ ਉਹ ਕਾਰ ਨਿਰੰਕਾਰ ਸਿੰਘ ਦੇ ਮੈਨੇਜਰ ਅਨੀਸ਼ ਸ਼ਰਮਾ ਦੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਨਿੰਰਕਾਰ ਸਿੰਘ ਨੇ ਸਵੇਰੇ ਆਪਣੇ ਮੈਨੇਜਰ ਨੂੰ ਆਪਣੇ ਘਰ ਬੁਲਾਇਆ ਸੀ ਅਤੇ ਉਸਨੂੰ ਕਿਹਾ ਸੀ ਕਿ ਉਸਦੀ ਕਾਰ ਸਰਵਿਸ ਕਰਵਾਉਣ ਲਈ ਭੇਜ ਦੇਵੇ ਅਤੇ ਆਪਣੀ (ਮੈਨੇਜਰ ਦੀ) ਕਾਰ ਉਸ ਕੋਲ ਛੱਡ ਦੇਵੇ। ਕਤਲ ਵੇਲੇ ਨਿਰੰਕਾਰ ਸਿੰਘ ਆਪਣੇ ਮੈਨੇਜਰ ਦੀ ਕਾਰ ਵਿੱਚ ਹੀ ਪੀ ਜੀ ਆਈ ਜਾ ਰਿਹਾ ਸੀ।
ਨਿਰੰਕਾਰ ਸਿੰਘ ਮੁਹਾਲੀ ਵਿੱਚ ਹੋਟਲ ਖੋਲ੍ਹਣ ਤੋਂ ਪਹਿਲਾਂ (2004 ਤਕ) ਇੰਗਲੈਂਡ ਰਹਿੰਦਾ ਸੀ ਅਤੇ ਬਾਅਦ ਵਿੱਚ ਉਹ ਮੁਹਾਲੀ ਰਹਿਣ ਲੱਗ ਪਿਆ ਸੀ। ਉਹ ਆਪਣੀ ਪਤਨੀ ਦੇ ਨਾਲ ਹੋਟਲ ਦੀ ਪਹਿਲੀ ਮੰਜਿਲ ਤੇ ਹੀ ਰਹਿੰਦਾ ਸੀ। ਇਸ ਜੋੜੇ ਦੇ ਦੋ ਬੱਚੇ ਹਨ ਜਿਹੜੇ ਇੰਗਲੈਂਡ ਵਿੱਚ ਹੀ ਰਹਿੰਦੇ ਹਨ।
ਆਪਣੀ ਪਤਨੀ ਨੂੰ ਗੋਲੀਆਂ ਮਾਰਨ ਤੋਂ ਬਾਅਦ ਨਿਰੰਕਾਰ ਸਿੰਘ ਮੌਕੇ ਤੇ ਹੀ ਖੜ੍ਹਾ ਰਿਹਾ ਅਤੇ ਇਸ ਦੌਰਾਨ ਕਿਸੇ ਵੱਲੋਂ ਪੁਲੀਸ ਕੰਟਰੋਲ ਰੂਮ ਵਿੱਚ ਘਟਨਾ ਦੀ ਜਾਣਕਾਰੀ ਤੋੱ ਬਾਅਦ ਪੁਲੀਸ ਟੀਮ ਮੌਕੇ ਤੇ ਪਹੁੰਚੀ ਜਿਸਨੇ ਨਿਰੰਕਾਰ ਸਿੰਘ ਦੀ ਪਤਨੀ ਨੂੰ ਫੋਰਟਿਸ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਦੌਰਾਨ ਪੁਲੀਸ ਵਲੋੱ ਮੌਕੇ ਤੋਂ ਨਿੰਰਕਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸਤੋੱ ਪੁੱਛਗਿੱਛ ਕਰਨ ਲਈ ਪੁਲੀਸ ਉਸਨੂੰ ਫੇਜ਼-11 ਦੇ ਥਾਣੇ ਲੈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨਿਰੰਕਾਰ ਨੇ ਪੁਲੀਸ ਨੰ ਦਿੱਤੇ ਆਪਣੇ ਬਿਆਨ ਵਿੱਚ ਆਪਣੀ ਪਤਨੀ ਨੂੰ ਕਤਲ ਕਰਨ ਦੀ ਗੱਲ ਕਬੂਲ ਕਰ ਲਈ ਹੈ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਮੁਹਾਲੀ ਦੇ ਐਸਐਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਹੋਟਲ ਮਾਲਕ ਨਿਰੰਕਾਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਅਧੀਨ ਐਫ਼ਆਰਆਈ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵੱਲੋਂ ਹੋਟਲ ਮਾਲਕ ਦੀ ਲਾਇਸੈਂਸੀ ਰਿਵਾਲਵਰ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤਰੀਕੇ ਨਾਲ ਦਿਨ ਦਿਹਾੜੇ ਚਲਦੀ ਸੜਕ ’ਤੇ ਇੱਕ ਕਾਰ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਸਾਰਾ ਦਿਨ ਲੋਕ ਇਸ ਵਾਰਦਾਤ ਬਾਰੇ ਚਰਚਾ ਕਰਕੇ ਰਹੇ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…