ਮੁਹਾਲੀ ਦੇ ਜਿਮ ਤੇ ਫਿਟਨੈੱਸ ਸੈਂਟਰਾਂ ਦੇ ਮਾਲਕਾਂ, ਟਰੇਨਰਾਂ ਤੇ ਸਟਾਫ਼ ਵੱਲੋਂ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

ਜਦੋਂ ਚੋਣ ਮੀਟਿੰਗਾਂ ਤੇ ਬਾਕੀ ਸਭ ਕੁਝ ਖੁੱਲ੍ਹਾ ਹੈ ਤਾਂ ਫਿਰ ਜਿਮ ਬੰਦ ਕਰਨ ਦਾ ਕੀ ਮਤਲਬ

ਜ਼ਿਲ੍ਹਾ ਪ੍ਰਸ਼ਾਸਨ ਦੇ ਇਕਪਾਸੜ ਹੁਕਮਾਂ ਕਾਰਨ ਜਿਮ ਦਾ ਕਾਰੋਬਾਰ ਤਬਾਹ ਹੋਣ ਕੰਢੇ ਪੁੱਜਾ: ਪੀੜਤ ਜਿਮ ਮਾਲਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜਨਵਰੀ:
ਮੁਹਾਲੀ ਦੇ ਜਿੰਮ ਅਤੇ ਫਿਟਨੈੱਸ ਸੈਂਟਰਾਂ ਦੇ ਮਾਲਕਾਂ ਟਰੇਨਰਾਂ ਅਤੇ ਸਟਾਫ਼ ਵੱਲੋਂ ਜਿਮ ਅਤੇ ਫਿਟਨੈੱਸ ਸੈਂਟਰਾਂ ਨੂੰ ਬੰਦ ਰੱਖਣ ਦੇ ਹੁਕਮਾਂ ਖ਼ਿਲਾਫ਼ ਗਰੇਟਰ ਪੰਜਾਬ ਜਿਮ ਐਸੋਸੀਏਸ਼ਨ ਦੇ ਬੈਨਰ ਹੇਠ ਭਲਕੇ 20 ਜਨਵਰੀ ਨੂੰ ਦੁਪਹਿਰ 12 ਵਜੇ ਜ਼ਿਲ੍ਹਾ ਪ੍ਰਸ਼ਾਸਨ ਦੇ ਖ਼ਿਲਾਫ਼ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਇਸ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਜਿੱਥੇ ਸ਼ਾਪਿੰਗ ਮਾਲ ਹੋਟਲ ਰੇਸਤਰਾਂ ਆਦਿ ਖੁੱਲ੍ਹੇ ਰੱਖਣ ਦੀ ਇਜਾਜ਼ਤ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਹੈ ਉੱਥੇ ਜਿੰਮ ਅਤੇ ਫਿਟਨੈੱਸ ਸੈਂਟਰਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਇਹ ਫੈਸਲਾ ਮੁਹਾਲੀ ਵਿੱਚ ਜਿੰਮ ਅਤੇ ਫਿਟਨੈੱਸ ਸੈਂਟਰਾਂ ਦੇ ਮਾਲਕਾਂ ਦੀ ਹੋਈ ਹੰਗਾਮੀ ਮੀਟਿੰਗ ਵਿੱਚ ਲਿਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਸ਼ਾਪਿੰਗ ਮਾਲ, ਰੇਸਤਰਾਂ, ਹੋਟਲ, ਬਾਰ ਆਦਿ ਖੋਲ੍ਹੇ ਜਾ ਸਕਦੇ ਹਨ ਤਾਂ ਜਿਮ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਕਰੋਨਾ ਵੈਕਸੀਨੇਸ਼ਨ ਸਮੇਤ ਜੋ ਸ਼ਰਤਾਂ ਸ਼ਾਪਿੰਗ ਮਾਲ ਅਤੇ ਹੋਟਲ ਰੇਸਤਰਾਂ ਵਾਲੇ ਪੂਰੀ ਕਰਦੇ ਹਨ ਉਸੇ ਤਰ੍ਹਾਂ ਜਿੰਮ ਅਤੇ ਫਿਟਨੈੱਸ ਸੈਂਟਰਾਂ ਵਾਲੇ ਵੀ ਕਰਦੇ ਹਨ। ਤਾਂ ਫਿਰ ਸਿਰਫ਼ ਜਿਮ ਅਤੇ ਫਿਟਨੈੱਸ ਸੈਂਟਰ ਬੰਦ ਰੱਖਣ ਦੀ ਕੀ ਵਜ੍ਹਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਸ਼ਾਸਨਿਕ ਫ਼ੈਸਲਿਆਂ ਕਾਰਨ ਜਿਮ ਅਤੇ ਫਿਟਨੈੱਸ ਇੰਡਸਟਰੀ ਪੂਰੀ ਤਰ੍ਹਾਂ ਤਬਾਹ ਹੋ ਕੇ ਰਹਿ ਗਈ ਹੈ ਅਤੇ ਸਰਕਾਰ ਵੱਲੋਂ ਇਨ੍ਹਾਂ ਦੀ ਮਦਦ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਇਹ ਤੀਜੀ ਵਾਰੀ ਹੈ ਜਦੋਂ ਜਿਮ ਸੈਂਟਰਾਂ ਅਤੇ ਫਿਟਨੈੱਸ ਸੈਂਟਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਜਦੋਂ ਸਭ ਕੁਝ ਖੁੱਲ੍ਹਾ ਹੈ ਤਾਂ ਜਿਮ ਬੰਦ ਕਰਨ ਦਾ ਕੋਈ ਮਤਲਬ ਹੀ ਨਹੀਂ ਬਣਦਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅੱਡ ਅੱਡ ਮੈਸੇਜ ਕਰਨ ਜਾਂ ਗੱਲਾਂ ਕਰਨ ਨਾਲ ਕੁਝ ਨਹੀਂ ਬਣਨਾ ਸੰਗਠਿਤ ਹੋ ਕੇ ਕਾਰਵਾਈ ਕਰਨ ਨਾਲ ਹੀ ਜਿਮ ਸੈਂਟਰਾਂ ਦਾ ਕੋਈ ਭਲਾ ਹੋ ਸਕਦਾ ਹੈ। ਉਨ੍ਹਾਂ ਇਸ ਮੌਕੇ ਸਮੂਹ ਜਿਮ ਟਰੇਨਰਾਂ, ਮਾਲਕਾਂ, ਸਟਾਫ਼, ਹਾਊਸ ਕੀਪਿੰਗ ਅਤੇ ਜਿੰਮ ਵਿੱਚ ਕਸਰਤ ਕਰਨ ਲਈ ਆਉਣ ਵਾਲੇ ਮੈਂਬਰਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਹੁੰਮ ਹੁਮਾ ਕੇ 20 ਜਨਵਰੀ ਨੂੰ ਇਕੱਠੇ ਹੋਣ ਤਾਂ ਜੋ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਧੱਕੇ ਨਾਲ ਸੰਗਠਿਤ ਹੋ ਕੇ ਲੜਿਆ ਜਾ ਸਕੇ।
ਇਸ ਮੌਕੇ ਮੈਂਬਰਾਂ ਨੇ ਇਹ ਵੀ ਕਿਹਾ ਕਿ ਪੂਰੇ ਹਿੰਦੁਸਤਾਨ ਵਿੱਚ ਹੀ ਫਿਟਨੈੱਸ ਇੰਡਸਟਰੀ ਖ਼ਤਰੇ ਵਿੱਚ ਹੈ ਅਤੇ ਸਰਕਾਰ ਦੇ ਅਜਿਹੇ ਹੁਕਮਾਂ ਨਾਲ ਜਿੰਮ ਮਾਲਕਾਂ ਨੂੰ ਆਪਣਾ ਘਰ ਚਲਾਉਣਾ ਵੀ ਅੌਖਾ ਹੋ ਗਿਆ ਹੈ। ਇਸ ਮੌਕੇ ਧਰਮਪਾਲ (ਡੀ ਥ੍ਰੀ ਜਿੰਮ), ਆਰਿਅਨ (ਪੈਸ਼ਨ ਜ਼ੀਰਕਪੁਰ), ਸੁੱਖੀ (ਬਾਰਬੈੱਲ), ਸੂਰਜ ਭਾਨ (ਐਫਜ਼ੈੱਡ), ਮਹਿੰਦਰ (ਅਲਟੀਮੇਟ), ਪੰਕਜ (ਬਰਨ), ਪ੍ਰਦੀਪ (ਓਕਟੇਨ), ਤਨਵੀਰ (ਕਲੈਪਸ ਜਿਮ), ਮਾਨ (ਓਰਨ), ਤਜਿੰਦਰ (ਓਹੀਓ), ਰਣਧੀਰ (ਸ਼ਾਰਪ), ਅਭਿਨਵ (ਜਸਟ), ਅਭਿਸ਼ੇਕ (ਅਲਟੀਮੇਟ) ਸਮੇਤ ਹੋਰ ਜਿਮ ਓਨਰ ਅਤੇ ਟਰੇਨਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…