
ਸਾਂਝੀਆਂ ਜ਼ਮੀਨਾਂ ਦੇ ਮਾਲਕੀ ਹੱਕ ਪੰਚਾਇਤਾਂ ਨੂੰ ਦੇਣਾ ਆਪ ਸਰਕਾਰ ਦਾ ਲੋਕਾਂ ਨਾਲ ਵੱਡਾ ਧੋਖਾ: ਅਕਾਲੀ ਦਲ
ਮੁਹਾਲੀ ਜ਼ਿਲ੍ਹੇ ਵਿੱਚ ਪੀੜਤ ਲੋਕਾਂ ਨੂੰ ਨਾਲ ਲੈ ਕੇ ਵੱਡੇ ਪੱਧਰ ’ਤੇ ਸੰਘਰਸ਼ ਵਿੱਢਣ ਦਾ ਐਲਾਨ
ਆਬਾਦਕਾਰਾਂ ਦੀਆਂ ਜ਼ਮੀਨਾਂ ਖੋਹਣ ਦੀ ਕੋਝੀ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ: ਬੈਦਵਾਨ
ਸ਼ਹਿਰ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਪਹਿਲਾਂ ਮਿਲਦਾ ਹਿੱਸਾ ਖੇਵਟਦਾਰਾਂ ਤੋਂ ਖੋਹਣ ਦੇ ਰੌਂਅ ’ਚ ਹੇ ਸਰਕਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਨਵੰਬਰ:
ਸ਼੍ਰੋਮਣੀ ਅਕਾਲੀ ਦਲ ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ ਨੇ ਪਿੰਡਾਂ ਦੀਆਂ ਸਾਂਝੀਆਂ ਜ਼ਮੀਨਾਂ ਦੇ ਮਲਕੀ ਹੱਕ ਗਰਾਮ ਪੰਚਾਇਤਾਂ ਨੂੰ ਦੇਣ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਇਹ ਪੰਜਾਬ ਦੀ ਆਪ ਸਰਕਾਰ ਜ਼ਮੀਨਾਂ ਦੇ ਲੱਖਾਂ ਆਬਾਦਕਾਰਾਂ ਨਾਲ ਵੱਡਾ ਧੋਖਾ ਹੈ, ਸਰਕਾਰ ਦੀ ਅਜਿਹੀ ਕਿਸੇ ਵੀ ਲੋਕ ਵਿਰੋਧੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਕਾਲੀ ਆਗੂ ਪਰਵਿੰਦਰ ਸਿੰਘ ਬੈਦਵਾਨ ਅਤੇ ਹੋਰਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡਾਂ ਦੀਆਂ ਸਾਂਝੀਆਂ ਜ਼ਮੀਨਾਂ ਦੇ ਕਾਬਜਕਾਰ ਕਿਸਾਨਾਂ ਤੋਂ ਮਾਲਕੀ ਹੱਕ ਨਾ ਖੋਹੇ ਜਾਣ। ਉਨ੍ਹਾਂ ਕਿਹਾ ਕਿ ਮੁਹਾਲੀ ਨੇੜਲੇ ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਵੱਖ-ਵੱਖ ਪ੍ਰਾਜੈਕਟਾਂ ਤਹਿਤ ਪਹਿਲਾਂ ਹੀ ਐਕਵਾਇਰ ਹੋ ਚੁੱਕੀ ਹੈ ਅਤੇ ਮੁਸ਼ਤਰਕਾ ਮਾਲਕਾਨਾ ਜ਼ਮੀਨਾਂ ਦੇ ਹਿੱਸੇ ਵੀ ਖੇਵਟਦਾਰਾਂ ਨੂੰ ਹੀ ਮਿਲਦੇ ਰਹੇ ਪ੍ਰੰਤੂ ਹੁਣ ਆਪ ਸਰਕਾਰ ਲੋਕਾਂ ਤੋਂ ਹੱਕ ਖੋਹਣ ਦੇ ਰੌਂਅ ਵਿੱਚ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਧੱਕੇਸ਼ਾਹੀ ਨਾਲ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਸਮੁੱਚੇ ਮੁਹਾਲੀ ਜ਼ਿਲ੍ਹੇ ਅੰਦਰ ਪੀੜਤ ਲੋਕਾਂ ਨੂੰ ਨਾਲ ਲੈ ਕੇ ਵੱਡੇ ਪੱਧਰ ’ਤੇ ਸੰਘਰਸ਼ ਵਿੱਢੇਗਾ।
ਅਕਾਲੀ ਆਗੂ ਨੇ ਕਿਹਾ ਕਿ ਇਹ ਸਾਂਝੀਆਂ ਜ਼ਮੀਨਾਂ ਪਿੰਡਾਂ ਦੇ ਜ਼ਿਮੀਂਦਾਰਾਂ ਦੇ ਹਿੱਸਿਆਂ ਦੀ ਜ਼ਮੀਨਾਂ ਹਨ। ਇਸ ਲਈ ਇਨ੍ਹਾਂ ਮੁਸ਼ਤਰਕਾ ਮਾਲਕਾਨਾ ਜ਼ਮੀਨਾਂ ’ਤੇ ਖੇਵਟਦਾਰਾਂ ਅਤੇ ਆਬਾਦਕਾਰਾਂ ਦਾ ਹੀ ਹੱਕ ਹੈ। ਉਨ੍ਹਾਂ ਸਰਕਾਰ ਦੇ ਇਸ ਫ਼ੈਸਲੇ ਨੂੰ ਤੁਗਲਕੀ ਫ਼ਰਮਾਨ ਦੱਸਦਿਆਂ ਕਿਹਾ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਵਾਅਦੇ ਕਰਕੇ ਸੱਤਾ ਵਿੱਚ ਆਈ ਆਪ ਸਰਕਾਰ ਨੇ ਪਿੱਛੇ ਜਿਹੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਮੁਸ਼ਤਰਕਾ ਮਾਲਕਾਨਾ ਜ਼ਮੀਨ ਦੀ ਮਾਲਕੀ ਦੇ ਹੱਕ ਪੰਚਾਇਤ ਨੂੰ ਦੇਣ ਦਾ ਬਿੱਲ ਪਾਸ ਕੀਤਾ ਸੀ ਅਤੇ ਹੁਣ ਸਰਕਾਰ ਇਨ੍ਹਾਂ ਜ਼ਮੀਨਾਂ ਨੂੰ ਪੰਚਾਇਤਾਂ ਦੇ ਹਵਾਲੇ ਕਰਨ ਦੀ ਕਾਰਵਾਈ ਆਰੰਭ ਦਿੱਤੀ ਹੈ। ਉਨ੍ਹਾਂ ਪੀੜਤ ਲੋਕਾਂ ਨੂੰ ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੰਦੇ ਹੋਏ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਂਝੀ ਲੜਾਈ ਲੜਨ ਦੀ ਅਪੀਲ ਕੀਤੀ ਹੈ।