nabaz-e-punjab.com

ਕੈਪਟਨ ਸਰਕਾਰ ਵੱਲੋਂ ਪਕੋਕਾ ਨੂੰ ਵਿਰੋਧੀਆਂ ਵਿਰੁੱਧ ਸਿਆਸੀ ਹਥਿਆਰ ਵਜੋਂ ਵਰਤਣ ਦਾ ਖਦਸ਼ਾ: ਆਪ

ਪੰਜਾਬ ਦੀ ਕਾਂਗਰਸ ਸਰਕਾਰ ’ਤੇ ਸਵਾਲਾਂ ਦੀ ਬੁਛਾੜ ਨਾਲ ‘ਆਪ’ ਵੱਲੋਂ ਪਕੋਕਾ ਦਾ ਸਖ਼ਤ ਵਿਰੋਧ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 3 ਨਵੰਬਰ:
ਪੰਜਾਬ ਦੀ ਬਿਗੜੀ ਕਾਨੂੰਨ ਵਿਵਸਥਾ ਨੂੰ ਠੀਕ ਕਰਨ ਦੇ ਬਹਾਨੇ ਨਾਲ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪਕੋਕਾ ਕਾਨੂੰਨ ਲਿਆਉਣ ਦੇ ਪ੍ਰਸਤਾਵ ’ਤੇ ਆਮ ਆਦਮੀ ਪਾਰਟੀ ਨੇ ਗੰਭੀਰ ਸਵਾਲ ਉਠਾਉਂਦੇ ਹੋਏ ਇਸ ਦਾ ਵਿਰੋਧ ਕੀਤਾ ਹੈ। ਆਪ ਦੇ ਪੰਜਾਬ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਮੈਂਬਰ ਪਾਰਲੀਮੈਂਟ ਸਾਧੂ ਸਿੰਘ, ਮੀਤ ਪ੍ਰਧਾਨ ਵਿਧਾਇਕ ਅਮਨ ਅਰੋੜਾ, ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂਕੇ, ਵਿਧਾਇਕ ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਕੁਲਤਾਰ ਸਿੰਘ ਸੰਧਵਾਂ, ਨਾਜ਼ਰ ਸਿੰਘ ਮਾਨਸ਼ਾਹੀਆ, ਹਰਪਾਲ ਸਿੰਘ ਚੀਮਾ, ਜੈ ਕ੍ਰਿਸ਼ਨ ਸਿੰਘ ਰੌੜੀ, ਪ੍ਰਿੰਸੀਪਲ ਬੁੱਧਰਾਮ, ਅਮਨਰਜੀਤ ਸਿੰਘ ਸੰਧੋਆ, ਜਗਦੇਵ ਸਿੰਘ ਕਮਾਲੂ, ਮੀਤ ਹੇਅਰ, ਪਿਰਮਲ ਸਿੰਘ ਧੌਲਾ, ਕੁਲਵੰਤ ਸਿੰਘ ਪੰਡੌਰੀ, ਮਾਸਟਰ ਬਲਦੇਵ ਸਿੰਘ ਅਤੇ ਮਨਜੀਤ ਸਿੰਘ ਬਲਾਸਪੁਰ ਨੇ ਪੁੱਛਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਿਸ ਮਕਸਦ ਅਤੇ ਕਿੰਨਾ ਅਨਸਰਾਂ ਲਈ ਪਕੋਕਾ ਵਰਗਾ ਕਾਨੂੰਨ ਪੰਜਾਬ ਦੀ ਜਨਤਾ ’ਤੇ ਥੋਪ ਰਹੇ ਹਨ, ਸੂਬੇ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ। ਕਿਉਂਕਿ ਆਮ ਆਦਮੀ ਪਾਰਟੀ ਸਮੇਤ ਪੰਜਾਬ ਦੇ ਆਮ-ਜਨ ਨੂੰ ਇਹ ਖਦਸਾ ਹੈ ਕਿ ਪਕੋਕਾ ਦਾ ਦੱਬ ਕੇ ਦੁਰਉਪਯੋਗ ਹੋਵੇਗਾ ਅਤੇ ਸੱਤਾਧਾਰੀ ਧਿਰ ਇਸ ਕਾਨੂੰਨ ਨੂੰ ਆਪਣੇ ਵਿਰੋਧੀਆਂ ਖ਼ਿਲਾਫ਼ ਹਥਿਆਰ ਵਜੋਂ ਵਰਤੇਗੀ।
ਸ੍ਰੀ ਅਮਨ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸੀ ਆਗੂਆਂ ਨੂੰ ਯਾਦ ਕਰਾਇਆ ਕਿ ਜਦੋਂ ਪਿਛਲੀ ਬਾਦਲ ਸਰਕਾਰ ਨੇ ਪਕੋਕਾ ਦਾ ਪ੍ਰਸਤਾਵ ਲਿਆਂਦਾ ਸੀ, ਉਦੋਂ ‘ਆਪ‘ ਦੇ ਨਾਲ-ਨਾਲ ਕਾਂਗਰਸ ਨੇ ਵੀ ਇਹੋ ਖਦਸੇ ਜ਼ਾਹਿਰ ਕਰਦੇ ਹੋਏ ਅਕਾਲੀ-ਭਾਜਪਾ ਸਰਕਾਰ ਦੇ ਤਤਕਾਲੀ ਪਕੋਕਾ ਪ੍ਰਸਤਾਵ ਦਾ ਵਿਰੋਧ ਕੀਤਾ ਸੀ। ਅਮਨ ਅਰੋੜਾ ਨੇ ਕੈਪਟਨ ਸਰਕਾਰ ‘ਤੇ ਵਿਅੰਗ ਕੱਸਦੇ ਹੋਏ ਕਿਹਾ ਕਿ ਜੇਕਰ ਪਕੋਕਾ ਲਿਆਂਦਾ ਵੀ ਜਾਂਦਾ ਹੈ ਤਾਂ ਕੀ ਇਸ ਨੂੰ ਜੁਰਮ ਅਤੇ ਅਜੋਕੀ ਕਤਲੋ-ਗਾਰਤ ਦੇ ਵਿਰੁੱਧ ਹਵਾ ‘ਚ ਲਾਗੂ ਕੀਤਾ ਜਾਵੇਗਾ, ਕਿਉਂਕਿ ਪੰਜਾਬ ਦੀ ਅਮਨ ਸ਼ਾਂਤੀ ਅਤੇ ਆਪਸੀ ਸਦਭਾਵਨਾ ਨੂੰ ਸੱਟ ਮਾਰਨ ਵਾਲੇ ਕਾਤਲਾਂ ’ਚੋਂ ਅਜੇ ਤੱਕ ਇੱਕ ਵੀ ਫੜਿਆ ਨਹੀਂ ਗਿਆ ਅਤੇ ਨਾ ਹੀ ਹਾਈ-ਪ੍ਰੋਫਾਈਲ ਹੱਤਿਆਵਾਂ ਦੀ ਸਾਜ਼ਿਸ਼ ਰਚਣ ਵਾਲੀਆਂ ਵਿਰੋਧੀ ਤਾਕਤਾਂ ਦੀ ਪਹਿਚਾਣ ਹੋਈ ਹੈ। ਪੰਜਾਬ ਅਤੇ ਦੇਸ਼ ਦੀਆਂ ਸਾਰੀਆਂ ਖ਼ੁਫ਼ੀਆ ਅਤੇ ਜਾਂਚ ਏਜੰਸੀਆਂ ਨਾਕਾਮ ਸਾਬਤ ਹੋਈਆਂ ਹਨ। ਜਦ ਹਤਿਆਰੇ ਫੜੇ ਨਹੀਂ ਜਾ ਰਹੇ, ਫਿਰ ਪਕੋਕਾ ਕਿਸ ‘ਤੇ ਲਾਗੂ ਕੀਤਾ ਜਾਵੇਗਾ?
ਸ੍ਰੀ ਅਰੋੜਾ ਨੇ ਹੋਰ ਤੰਜ ਕਸਦੇ ਹੋਏ ਕਿਹਾ ਕਿ ਕੀ ਪਕੋਕਾ ਜੇਲ੍ਹਾਂ ‘ਚ ਬੰਦ ਉਨ੍ਹਾਂ ਗੈਂਗਸਟਰਾਂ ਲਈ ਲਿਆਂਦਾ ਜਾ ਰਿਹਾ ਜੋ ਗ੍ਰਹਿ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨੱਕ ਥੱਲੇ ਜੇਲ੍ਹ ‘ਚ ਹੀ ਜਨਮ ਦਿਨ ਜਸ਼ਨ ਮਨਾਉਂਦੇ ਹਨ, ਹੱਥਾਂ ‘ਚ ਮਹਿੰਗੇ ਮੋਬਾਈਲ ਫ਼ੋਨ ਫੜਕੇ ਭੰਗੜੇ ਪਾ ਰਹੇ ਹਨ। ‘ਆਪ‘ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਦੇ ਨਾਲ-ਨਾਲ ਗ੍ਰਹਿ ਮੰਤਰੀ ਵਜੋਂ ਵੀ ਕੈਪਟਨ ਅਮਰਿੰਦਰ ਸਿੰਘ ਨਾਕਾਮ ਆਗੂ ਸਾਬਤ ਹੋ ਚੁੱਕੇ ਹਨ। ਪਕੋਕਾ ਲਿਆਉਣ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਨੂੰ ਗ੍ਰਹਿ ਮੰਤਰੀ ਦਾ ਅਹੁਦਾ ਛੱਡ ਕੇ ਕਿਸੇ ਹੋਰ ਸਮਰੱਥ ਸ਼ਖ਼ਸ ਨੂੰ ਸੌਂਪ ਦੇਣਾ ਚਾਹੀਦਾ ਹੈ, ਜਿਸ ਨੂੰ ਪੰਜਾਬ ਦਾ ਫ਼ਿਕਰ ਹੋਵੇ ਅਤੇ ਉਹ ਪੰਜਾਬ ਦੇ ਲੋਕਾਂ ‘ਚ ਫੈਲੀ ਦਹਿਸ਼ਤ ਅਤੇ ਅਸੁਰੱਖਿਆ ਦੀ ਭਾਵਨਾ ਤੋਂ ਮੁਕਤ ਕਰਾਉਣ ਲਈ ਦ੍ਰਿੜ੍ਹ ਇਰਾਦਾ ਰੱਖਦਾ ਹੋਵੇ।
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਅਸਲੀ ਹਕੀਕਤ ਇਹ ਹੈ ਕਿ ਅੱਜ ਅਮਨ-ਕਾਨੂੰਨ ਵਿਵਸਥਾ ਵਜੋਂ ਪੰਜਾਬ ਬੇਹੱਦ ਖ਼ਤਰਨਾਕ ਦੌਰ ‘ਚੋਂ ਗੁਜ਼ਰ ਰਿਹਾ ਹੈ। ਅਪਰਾਧੀ ਬੇਖ਼ੌਫ ਹਨ ਅਤੇ ਪੁਲਸ ਤੰਤਰ ਬੇਬਸ ਹੈ। ਹੁਣ ਤਾਂ ਅਪਰਾਧੀ ਤੱਤ ਭਰੇ ਬਾਜ਼ਾਰ ‘ਚ ਕਿਸੇ ਹੱਤਿਆ ਨੂੰ ਅੰਜਾਮ ਦੇਣ ਸਮੇਂ ਆਪਣਾ ਮੂੰਹ ਢੱਕਣਾ ਵੀ ਜ਼ਰੂਰੀ ਨਹੀਂ ਸਮਝਦੇ। ਹਰ ਰੋਜ਼ ਦੀਆਂ ਅਖ਼ਬਾਰਾਂ ਹੱਤਿਆਵਾਂ, ਬਲਾਤਕਾਰਾਂ, ਫਿਰੌਤੀਆਂ, ਡਕੈਤੀਆਂ, ਮਾਫ਼ੀਆ ਅਤੇ ਧੋਖਾਧੜੀਆਂ ਨਾਲ ਭਰੀਆਂ ਹੁੰਦੀਆਂ ਹਨ, ਇਹ ਸਭ ਪੰਜਾਬ ਦੇ ਜੰਗਲ ਰਾਜ ਦੀ ਮੂੰਹ ਬੋਲਦੀਆਂ ਤਸਵੀਰਾਂ ਹਨ। ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਅੰਦਰ ਫੈਲੀ ਅਰਾਜਕਤਾ ਨੂੰ ਰੋਕਣ ਲਈ ਕਿਸੇ ਵੀ ਨਵੇਂ ਕਾਨੂੰਨ ਨਾਲੋਂ ਕਾਨੂੰਨ ਦੇ ਰਾਜ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨ ਵਾਲੀ ਪੰਜਾਬ ਪੁਲਸ ਦਾ ਸਿਆਸੀਕਰਨ ਬੰਦ ਕੀਤਾ ਜਾਵੇ ਅਤੇ ਪੁਲਸ ਨੂੰ ਬਗੈਰ ਕਿਸੇ ਸਿਆਸੀ ਦਖ਼ਲ ਜਾਂ ਦਬਾਅ ਦੇ ਕਾਨੂੰਨ ਅਨੁਸਾਰ ਮੈਰਿਟ ‘ਤੇ ਕੰਮ ਕਰਨ ਦੀ ਖੁੱਲ ਦਿੱਤੀ ਜਾਵੇ।
ਅਮਨ ਅਰੋੜਾ ਨੇ ਕਿਹਾ ਕਿ ਪਿਛਲੀ ਬਾਦਲ ਸਰਕਾਰ ਵਾਂਗ ਕੈਪਟਨ ਸਰਕਾਰ ਵੀ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਹਾਲ ਕਰਨ ‘ਚ ਨਾਕਾਮ ਸਾਬਤ ਹੋਈ ਹੈ ਅਤੇ ਬਾਦਲਾਂ ਵਾਂਗ ਆਪਣੀ ਨਾਕਾਮੀ ਤੋਂ ਧਿਆਨ ਭਟਕਾਉਣ ਲਈ ਪਕੋਕਾ ਦਾ ਰਾਗ ਅਲਾਪਣ ਲੱਗੀ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…