
ਪਹਿਲਗਾਮ ਹਾਦਸਾ: ਸੈਲਾਨੀਆਂ ਨੂੰ ਸ਼ਰਧਾਂਜ਼ਲੀ ਦੇਣ ਲਈ ਸਿੱਧੂ ਦੀ ਅਗਵਾਈ ਹੇਠ ਮੋਮਬੱਤੀ ਮਾਰਚ ਕੱਢਿਆ
ਪਹਿਲਗਾਮ ਵਿੱਚ ਅੱਤਵਾਦੀ ਹਮਲਾ ਬਹੁਤ ਹੀ ਸ਼ਰਮਨਾਕ ਤੇ ਦੁੱਖਦਾਇਕ: ਬਲਬੀਰ ਸਿੰਘ ਸਿੱਧੂ
ਨਬਜ਼-ਏ-ਪੰਜਾਬ, ਮੁਹਾਲੀ, 23 ਅਪਰੈਲ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤੱਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਸੈਲਾਨੀਆਂ ਨੂੰ ਸ਼ਰਧਾਂਜਲੀ ਦੇਣ ਲਈ ਕਾਂਗਰਸ ਪਾਰਟੀ ਵੱਲੋਂ ਮੁਹਾਲੀ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਕੱਢੇ ਕੈਂਡਲ ਮਾਰਚ ਦੀ ਅਗਵਾਈ ਕੀਤੀ। ਸਿੱਧੂ ਨੇ ਇਸ ਭਿਆਨਕ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ, ’’ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਇਆ ਅੱਤਵਾਦੀ ਹਮਲਾ ਬਹੁਤ ਹੀ ਸ਼ਰਮਨਾਕ, ਦੁੱਖਦਾਇਕ ਅਤੇ ਅਸਵੀਕਾਰਨਯੋਗ ਹੈ।’’
ਸਿੱਧੂ ਨੇ ਇਸ ਅੱਤਵਾਦੀ ਹਮਲੇ ਨੂੰ ’’ਮਨੁੱਖਤਾ ਵਿਰੁੱਧ ਘਿਨੌਣਾ ਅਪਰਾਧ’’ ਦੱਸਦਿਆਂ ਇਸਦੀ ਸਖ਼ਤ ਨਿੰਦਾ ਕੀਤੀ। ਇਸ ਹਮਲੇ ਦੇ ਵਿਰੋਧ ਵਿੱਚ ਅਤੇ ਨਿਹੱਥੇ ਮਾਰੇ ਗਏ ਸੈਲਾਨੀਆਂ ਦੀ ਯਾਦ ਵਿੱਚ ਕੈਂਡਲ ਮਾਰਚ ਕੱਢਿਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ, ਵਰਕਰਾਂ, ਨੌਜਵਾਨਾਂ ਅਤੇ ਸਥਾਨਕ ਨਿਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸਿੱਧੂ ਨੇ ਪਹਿਲਗਾਮ ਵਿਖੇ ਸੁਰੱਖਿਆ ਬਾਰੇ ਗੱਲ ਕਰਦਿਆਂ ਕਿਹਾ, ’’ਇਹ ਬਹੁਤ ਹੀ ਹੈਰਾਨ ਕਰਨ ਵਾਲਾ ਹੈ ਕਿ ਪਹਿਲਗਾਮ ਵਿੱਚ ਇੱਕੋ ਸਥਾਨ ’ਤੇ 2000 ਤੋਂ ਵੱਧ ਸੈਲਾਨੀ ਮੌਜੂਦ ਸਨ, ਫ਼ੇਰ ਵੀ ਓਥੇ ਕਿਸੇ ਵੀ ਤਰ੍ਹਾਂ ਦਾ ਸੁਰੱਖਿਆ ਪ੍ਰਬੰਧ ਨਹੀਂ ਕੀਤਾ ਗਿਆ ਸੀ। ਸਿਰਫ਼ ਇਨ੍ਹਾਂ ਹੀ ਨਹੀਂ ਉਥੇ ਪੁਲਿਸ ਅਤੇ ਫੌਜ ਦੇ ਜਵਾਨ ਵੀ ਇਸ ਭਿਆਨਕ ਘਟਨਾ ਦੇ 20 ਮਿੰਟ ਬਾਅਦ ਪਹੁੰਚੇ। ਇਹ ਸਾਫ਼ ਤੌਰ ’ਤੇ ਕੇਂਦਰ ਸਰਕਾਰ ਦੀ ਦੇਸ਼ਵਾਸੀਆਂ ਦੀ ਸੁਰੱਖਿਆ ਪ੍ਰਤੀ ਲਾਪਰਵਾਹੀ ਨੂੰ ਬਿਆਨ ਕਰਦਾ ਹੈ।’’
ਕੇਂਦਰ ਸਰਕਾਰ ‘ਤੇ ਸਵਾਲ ਚੁੱਕਦਿਆਂ ਸਿੱਧੂ ਨੇ ਕਿਹਾ, ’’ਪਹਿਲਾਂ ਉਰੀ ਹਮਲਾ, ਫ਼ੇਰ ਪੁਲਵਾਮਾ ਅਤੇ ਹੁਣ ਪਹਿਲਗਾਮ ਹਮਲਾ, ਇਹ ਸਾਰੇ ਘਟਨਾ ਕਰਮ ਸਿਰਫ਼ ਇੱਕ ਚੇਤਾਵਨੀ ਨਹੀਂ, ਸਗੋਂ ਸਰਕਾਰ ਦੀ ਦੇਸ਼ ਅਤੇ ਦੇਸ਼ਵਾਸੀਆਂ ਦੀ ਸੁਰੱਖਿਆ ਪ੍ਰਤੀ ਲਾਪਰਵਾਹੀ ਨੂੰ ਉਜਾਗਰ ਕਰਦੇ ਹਨ।’’ ਸਿੱਧੂ ਨੇ ਕਿਹਾ ਕਿ 2019 ਵਿੱਚ ਮੋਦੀ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਾ ਕੇ ਇਹ ਬਿਆਨ ਦਿੱਤਾ ਗਿਆ ਸੀ ਕਿ ਹੁਣ ਕਸ਼ਮੀਰ ਵਿੱਚ ਅੱਤਵਾਦੀ ਹਮਲੇ ਨਹੀਂ ਹੋਣਗੇ, ਲੇਕਿਨ ਅਜਿਹਾ ਹੋਇਆ ਕੁਝ ਵੀ ਨਹੀਂ। ਅੱਜ ਵੀ ਅੱਤਵਾਦੀ ਹਮਲੇ ਹੋ ਰਹੇ ਹਨ ਅਤੇ ਇਨ੍ਹਾਂ ਦਾ ਸ਼ਿਕਾਰ ਆਮ ਲੋਕ ਬਣ ਰਹੇ ਨੇ।
ਉਨ੍ਹਾਂ ਕਿਹਾ, ’’ਇਹ ਹਮਲਾ ਸਿਰਫ ਜੰਮੂ ਕਸ਼ਮੀਰ ਦੇ ਅਮਨ ਨੂੰ ਨਹੀਂ, ਸਗੋਂ ਭਾਰਤ ਦੇ ਭਾਈਚਾਰੇ ਅਤੇ ਅਖੰਡਤਾ ਨੂੰ ਠੇਸ ਪਹੁੰਚਾਉਣ ਵਾਲੀ ਕਰਤੂਤ ਹੈ। ਅਸੀਂ ਇਨ੍ਹਾਂ ਦੋਸ਼ੀਆਂ ਨੂੰ ਕਦੇ ਵੀ ਮਾਫ਼ ਨਹੀਂ ਕਰਾਂਗੇ, ਅਤੇ ਅਸੀਂ ਮੰਗ ਕਰਦੇ ਹਾਂ ਕਿ ਭਾਰਤ ਸਰਕਾਰ ਇਨ੍ਹਾਂ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ ਦੇਵੇ, ਤਾਂ ਜੋ ਭਵਿੱਖ ਵਿੱਚ ਕਦੇ ਵੀ ਅਜਿਹੀਆਂ ਘਟਨਾਵਾਂ ਨਾ ਹੋਣ।’’ ਮੁਹਾਲੀ ਵਿੱਚ ਕੈਂਡਲ ਮਾਰਚ ਦੌਰਾਨ ਹਾਜ਼ਰ ਲੋਕਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਦਿੱਤੀ ਅਤੇ ਅੱਤਵਾਦ ਦੇ ਖ਼ਿਲਾਫ਼ ਆਪਣੀ ਏਕਤਾ ਅਤੇ ਨਿਰੰਤਰ ਲੜਾਈ ਦਾ ਸੰਕੇਤ ਦਿੱਤਾ। ਸਿੱਧੂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ, ‘‘ਅਸੀਂ ਸ਼ਹੀਦਾਂ ਦੀ ਸ਼ਹਾਦਤ ਨੂੰ ਵਿਅਰਥ ਨਹੀਂ ਜਾਣ ਦੇਵਾਂਗੇ, ਅੱਤਵਾਦ ਦੇ ਖ਼ਿਲਾਫ਼ ਇਹ ਲੜਾਈ ਸਿਰਫ ਸਰਹੱਦਾਂ ਦੀ ਨਹੀਂ, ਸਗੋਂ ਮਨੁੱਖੀ ਅਰਮਾਨਾਂ ਦੀ ਵੀ ਲੜਾਈ ਹੈ। ਅਸੀਂ ਇਹ ਲੜਾਈ ਇੱਕ ਜੁੱਟ ਹੋ ਕੇ ਲੜਾਂਗੇ।’’ ਅੰਤ ਵਿੱਚ ਸਿੱਧੂ ਨੇ ਕਿਹਾ, ’’ਕਾਂਗਰਸ ਪਾਰਟੀ ਭਾਰਤ ਦੀ ਅਖੰਡਤਾ, ਸੰਵਿਧਾਨ ਅਤੇ ਲੋਕਤੰਤਰਕ ਮੁੱਲਾਂ ਦੀ ਰੱਖਿਆ ਲਈ ਹਮੇਸ਼ਾ ਖੜ੍ਹੀ ਸੀ, ਖੜ੍ਹੀ ਹੈ ਅਤੇ ਅੱਗੇ ਵੀ ਖੜ੍ਹੀ ਰਹੇਗੀ ਅਤੇ ਅੱਤਵਾਦ ਖ਼ਿਲਾਫ਼ ਸਾਡੀ ਲੜਾਈ ਅੰਤ ਤੱਕ ਜਾਰੀ ਰਹੇਗੀ।’’
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਕੌਂਸਲਰ ਸੁੱਚਾ ਸਿੰਘ ਕਲੌੜ, ਪਰਮਜੀਤ ਸਿੰਘ ਹੈਪੀ, ਕਮਲਪ੍ਰੀਤ ਸਿੰਘ ਬਨੀ, ਮੁਲਾਜ਼ਮ ਆਗੂ ਲੱਖਾ ਸਿੰਘ, ਪਰਮਜੀਤ ਸਿੰਘ ਚੌਹਾਨ, ਜਤਿੰਦਰ ਸਿੰਘ ਸੋਢੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।