Nabaz-e-punjab.com

ਪਾਕ ਡਰੋਨ ਮਾਮਲਾ: ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ 4 ਹੋਰ ਮੁਲਜ਼ਮਾਂ ਨੂੰ ਜੇਲ੍ਹ ਭੇਜਿਆ

ਮੁਲਜ਼ਮ ਆਕਾਸ਼ਦੀਪ ਨੇ ਅਰਜ਼ੀ ਦਾਇਰ ਕਰਕੇ ਡਰੋਨ ਅਦਾਲਤ ਵਿੱਚ ਪੇਸ਼ ਕਰਨ ਦੀ ਮੰਗ, ਛੇੜਛਾੜ ਕਰਨ ਦਾ ਖ਼ਦਸ਼ਾ

ਮੁਹਾਲੀ ਅਦਾਲਤ ਨੇ ਐਨਆਈਏ ਨੂੰ 7 ਨਵੰਬਰ ਲਈ ਨੋਟਿਸ ਕੀਤਾ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਕਤੂਬਰ:
ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨ ਵਾਲੇ ਪਾਸਿਓਂ ਹਥਿਆਰਾਂ ਦੀ ਤਸਕਰੀ ਲਈ ਵਰਤੇ ਗਏ ਡਰੋਨਾਂ ਦੀ ਬਰਾਮਦਗੀ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਚਾਰ ਮੁਲਜ਼ਮਾਂ ਨੂੰ ਬਾਬਾ ਬਲਵੰਤ ਸਿੰਘ, ਆਕਾਸ਼ਦੀਪ ਸਿੰਘ ਰੰਧਾਵਾ, ਸ਼ੁਭਦੀਪ ਸਿੰਘ ਅਤੇ ਮਾਨ ਸਿੰਘ ਨੂੰ ਪਹਿਲਾਂ ਦਿੱਤਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਮੁਹਾਲੀ ਸਥਿਤ ਐਨਆਈਏ ਦੇ ਵਿਸ਼ੇਸ਼ ਜੱਜ ਐਨਐਸ ਗਿੱਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ 7 ਨਵੰਬਰ ਤੱਕ ਨਿਆਇਕ ਹਿਰਾਸਤ ਅਧੀਨ ਅੰਮ੍ਰਿਤਸਰ ਜੇਲ੍ਹ ਭੇਜ ਦਿੱਤਾ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਉਕਤ ਮੁਲਜ਼ਮਾਂ ਦੇ ਬਾਕੀ ਪੰਜ ਸਾਥੀ ਹਰਭਜਨ ਸਿੰਘ, ਬਲਬੀਰ ਸਿੰਘ ਉਰਫ਼ ਬਿੰਦਾ, ਰੋਮਨਦੀਪ ਸਿੰਘ, ਸਾਜਨ ਪ੍ਰੀਤ ਸਿੰਘ ਅਤੇ ਗੁਰਦੇਵ ਸਿੰਘ ਪਹਿਲਾਂ ਹੀ ਨਿਆਇਕ ਹਿਰਾਸਤ ਅਧੀਨ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹਨ।
ਅੱਜ ਪੇਸ਼ੀ ਦੌਰਾਨ ਮੁਲਜ਼ਮ ਆਕਾਸ਼ਦੀਪ ਸਿੰਘ ਰੰਧਾਵਾ ਨੇ ਆਪਣੇ ਵਕੀਲ ਸਿਮਰਨਜੀਤ ਸਿੰਘ ਰਾਹੀਂ ਅਦਾਲਤ ਵਿੱਚ ਇਕ ਅਰਜ਼ੀ ਦਾਇਰ ਕਰਕੇ ਪੰਜਾਬ ਪੁਲੀਸ ਵੱਲੋਂ ਸਰਹੱਦੀ ਇਲਾਕੇ ’ਚੋਂ ਬਰਾਮਦ ਡਰੋਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਡਰੋਨਾਂ ਨਾਲ ਛੇੜਛਾੜ ਹੋਣ ਦਾ ਖ਼ਦਸ਼ਾਂ ਪ੍ਰਗਟ ਕੀਤਾ ਹੈ। ਅਦਾਲਤ ਦੇ ਬਾਹਰ ਬਚਾਅ ਪੱਖ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਐਨਆਈਏ ਦੇ ਤੱਥਾਂ ਨੂੰ ਆਧਾਰਹੀਣ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਮੁਵਕਿਲਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਂਚ ਏਜੰਸੀਆਂ ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਫਿਰ ਤੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਕ ਡਰੋਨ ਰਾਹੀਂ ਕੋਈ ਵੀ ਭਾਰੀ ਵਸਤੂ ਇਕ ਥਾਂ ਤੋਂ ਦੂਜੀ ਥਾਂ ਨਹੀਂ ਲਿਜਾਈ ਜਾ ਸਕਦੀ ਹੈ। ਉਂਜ ਵੀ ਸਰਹੱਦੀ ਇਲਾਕੇ ਵਿੱਚ 500-500 ਮੀਟਰ ’ਤੇ ਬੀਐਸਅੇਫ਼ ਦੀ ਟੁਕੜੀਆਂ ਤਾਇਨਾਤ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮੁਖੀ ਦੇ 14.50 ਲੱਖ ਰੁਪਏ ਦੀ ਬਰਾਮਦਗੀ ਨੂੰ ਝੂਠ ਦੱਸਦਿਆਂ ਕਿਹਾ ਕਿ ਮੁਲਜ਼ਮਾਂ ਤੋਂ 10 ਲੱਖ ਬਰਾਮਦਗੀ ਦਿਖਾਈ ਗਈ ਹੈ ਅਤੇ ਤਿੰਨ ਦਿਨਾਂ ਬਾਅਦ ਮੁਲਜ਼ਮ ਮਾਨ ਸਿੰਘ ਨੂੰ ਘਰੋਂ ਚੁੱਕਿਆ ਗਿਆ ਹੈ ਅਤੇ ਗੁਰਦੇਵ ਸਿੰਘ ਪਿਛਲੇ ਡੇਢ ਸਾਲ ਤੋਂ ਕਿਸੇ ਹੋਰ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੀ। ਉਨ੍ਹਾਂ ਕਿਹਾ ਕਿ ਐਨਆਈਏ ਹੁਣ ਤੱਕ ਮੁਲਜ਼ਮਾਂ ਤੋਂ ਬਰਾਮਦਗੀ ਨਹੀਂ ਕਰ ਸਕੀ ਅਤੇ ਨਾ ਹੀ ਪੁੱਛਗਿੱਛ ਦੌਰਾਨ ਮਿਲੀ ਕੋਈ ਅਹਿਮ ਜਾਣਕਾਰੀ ਬਾਰੇ ਹੀ ਅਦਾਲਤ ਨੂੰ ਦੱਸਿਆ ਗਿਆ ਹੈ। ਬਚਾਅ ਪੱਖ ਨੇ ਇਸ ਕਾਰਵਾਈ ਨੂੰ ਮਹਿਜ਼ ਦਹਿਸ਼ਤ ਵਾਲਾ ਮਾਹੌਲ ਬਣਾਉਣਾ ਦੱਸਿਆ ਹੈ।
ਜਾਣਕਾਰੀ ਅਨੁਸਾਰ ਸਰਹੱਦੀ ਇਲਾਕੇ ਵਿੱਚ ਅਗਸਤ ਅਤੇ ਸਤੰਬਰ ਵਿੱਚ ਡਰੋਨਾਂ ਦੀ ਬਰਾਮਦਗੀ ਤੋਂ ਬਾਅਦ ਪੰਜਾਬ ਪੁਲੀਸ ਨੇ ਇਸ ਮਾਮਲੇ ਦੀ ਤੈਅ ਤੱਕ ਜਾਣ ਲਈ ਵੱਡੇ ਪੱਧਰ ’ਤੇ ਜਾਂਚ ਆਰੰਭ ਦਿੱਤੀ ਸੀ ਪ੍ਰੰਤੂ ਇਹ ਮਾਮਲਾ ਪਾਕਿਸਤਾਨ ਅਤੇ ਅਤਿਵਾਦੀ ਜਥੇਬੰਦੀਆਂ ਨਾਲ ਜੁੜਿਆ ਹੋਣ ਕਾਰਨ ਕੇਂਦਰ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡਰੋਨ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪੀ ਗਈ ਹੈ। ਉਂਜ ਰਾਜ ਦੀ ਪੁਲੀਸ ਵੀ ਆਪਣੇ ਪੱਧਰ ’ਤੇ ਅਤਿਵਾਦੀ ਗਰੁੱਪਾਂ ਦੀਆਂ ਸਰਗਰਮੀਆਂ ਦਾ ਪਤਾ ਲਗਾਉਣ ਵਿੱਚ ਜੁੱਟ ਗਈ ਹੈ। ਇਹ ਵੀ ਸਪੱਸ਼ਟ ਹੋ ਚੁੱਕਾ ਹੈ ਕਿ ਹੁਣ ਤੱਕ ਸਰਹੱਦੋਂ ਪਾਰ ਦੋ ਡਰੋਨਾਂ ਬਰਾਮਦ ਹੋਈਆਂ ਹਨ। ਜਿਨ੍ਹਾਂ ’ਚੋਂ ਇਕ ਅਗਸਤ ਅਤੇ ਦੂਜੀ ਸਤੰਬਰ ਮਹੀਨੇ ਵਿੱਚ ਤਰਤ ਤਾਰਨ ਦੇ ਝਬਾਲ ਕਸਬੇ ਕੋਲ ਅੱਧ ਸੜੀ ਹਾਲਤ ਵਿੱਚ ਮਿਲੀ ਸੀ। ਉਂਜ ਇਸ ਤੋਂ ਬਾਅਦ ਵਿੱਚ ਫਿਰੋਜ਼ਪੁਰ ਇਲਾਕੇ ਵਿੱਚ ਡਰੋਨ ਦਾਖ਼ਲ ਹੋਣ ਦੀ ਚਰਚਾ ਹੈ।
ਜਾਂਚ ਵਿੱਚ ਇਹ ਪਤਾ ਲੱਗਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਕਸ਼ਮੀਰ ਵਿੱਚ ਧਾਰਾ 370 ਖਤਮ ਕਰਨ ਤੋਂ ਬਾਅਦ ਪਾਕਿਸਤਾਨ ਆਧਾਰਿਤ ਅਤਿਵਾਦੀ ਗਰੁੱਪ ਅਗਸਤ ਮਹੀਨੇ ਤੋਂ ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਸ਼ਾਮਲ ਹਨ ਅਤੇ ਹੁਣ ਤੱਕ ਬਰਾਮਦ ਹੋਈਆਂ ਦੋਵੇਂ ਡਰੋਨਾਂ ਨੂੰ ਭੇਜਣ ਵਿੱਚ ਪਾਕਿਸਤਾਨ ਦੀ ਆਈਐਸਆਈ ਨਾਲ ਜੁੜੇ ਵੱਖ-ਵੱਖ ਅਤਿਵਾਦੀ ਗਰੁੱਪ, ਗੁਆਂਢੀ ਦੇਸ਼ਾਂ ਦੀ ਸਰਪ੍ਰਸਤੀ ਵਾਲੇ ਜਿਹਾਦੀ ਤੇ ਖਾਲਿਸਤਾਨ ਪੱਖੀ ਗਰੁੱਪ ਸ਼ਾਮਲ ਦੱਸੇ ਜਾ ਰਹੇ ਹਨ।

Load More Related Articles
Load More By Nabaz-e-Punjab
Load More In Court and Police

Check Also

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ ਮੁਹਾਲੀ ਅਦ…