Share on Facebook Share on Twitter Share on Google+ Share on Pinterest Share on Linkedin ਪਾਕਿ ਡਰੋਨ ਮਾਮਲਾ: ਮੁਹਾਲੀ ਅਦਾਲਤ ਵੱਲੋਂ 4 ਮੁਲਜ਼ਮਾਂ ਦਾ 16 ਅਕਤੂਬਰ ਤੱਕ ਪੁਲੀਸ ਰਿਮਾਂਡ ਐਨਆਈਏ ਨੇ ਹਥਿਆਰ ਤਸਕਰੀ ਦੇ ਮਾਮਲੇ ਵਿੱਚ 9 ਮੁਲਜ਼ਮ ਗ੍ਰਿਫ਼ਤਾਰ, 5 ਮੁਲਜ਼ਮਾਂ ਨੂੰ ਜੇਲ੍ਹ ਭੇਜਿਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਕਤੂਬਰ: ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨ ਵਾਲੇ ਪਾਸਿਓਂ ਹਥਿਆਰਾਂ ਦੀ ਤਸਕਰੀ ਲਈ ਵਰਤੇ ਗਏ ਡਰੋਨਾਂ ਦੀ ਬਰਾਮਦਗੀ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਬਾਬਾ ਬਲਵੰਤ ਸਿੰਘ, ਆਕਾਸ਼ਦੀਪ ਸਿੰਘ, ਸ਼ੁਭਦੀਪ ਸਿੰਘ, ਮਾਨ ਸਿੰਘ, ਹਰਭਜਨ ਸਿੰਘ, ਬਲਬੀਰ ਸਿੰਘ ਉਰਫ਼ ਬਿੰਦਾ, ਰੋਮਨਦੀਪ ਸਿੰਘ, ਸਾਜਨ ਪ੍ਰੀਤ ਸਿੰਘ ਅਤੇ ਗੁਰਦੇਵ ਸਿੰਘ ਸ਼ਾਮਲ ਹਨ। ਐਨਆਈਏ ਅਦਾਲਤ ਨੇ ਇਨ੍ਹਾਂ ’ਚੋਂ ਚਾਰ ਮੁਲਜ਼ਮਾਂ ਬਾਬਾ ਬਲਵੰਤ ਸਿੰਘ, ਆਕਾਸ਼ਦੀਪ ਸਿੰਘ, ਸ਼ੁਭਦੀਪ ਸਿੰਘ ਅਤੇ ਮਾਨ ਸਿੰਘ ਨੂੰ 16 ਅਕਤੂਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਜਦੋਂਕਿ ਬਾਕੀ ਪੰਜ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਅਧੀਨ 7 ਨਵੰਬਰ ਤੱਕ ਜੇਲ੍ਹ ਭੇਜ ਦਿੱਤਾ। ਜੁਡੀਸ਼ਲ ਰਿਮਾਂਡ ਦੌਰਾਨ ਇਨ੍ਹਾਂ ਪੰਜ ਮੁਲਜ਼ਮਾਂ ਨੂੰ ਅੰਮ੍ਰਿਤਸਰ ਜੇਲ੍ਹ ਵਿੱਚ ਰੱਖਿਆ ਜਾਵੇਗਾ। ਹਾਲਾਂਕਿ ਸਰਹੱਦੀ ਇਲਾਕੇ ਵਿੱਚ ਅਗਸਤ ਅਤੇ ਸਤੰਬਰ ਵਿੱਚ ਡਰੋਨਾਂ ਦੀ ਬਰਾਮਦਗੀ ਤੋਂ ਬਾਅਦ ਪੰਜਾਬ ਪੁਲੀਸ ਨੇ ਇਸ ਮਾਮਲੇ ਦੀ ਤੈਅ ਤੱਕ ਜਾਣ ਲਈ ਵੱਡੇ ਪੱਧਰ ’ਤੇ ਜਾਂਚ ਆਰੰਭ ਦਿੱਤੀ ਸੀ ਪ੍ਰੰਤੂ ਇਹ ਮਾਮਲਾ ਪਾਕਿਸਤਾਨ ਅਤੇ ਅਤਿਵਾਦੀ ਜਥੇਬੰਦੀਆਂ ਨਾਲ ਜੁੜਿਆ ਹੋਣ ਕਾਰਨ ਕੇਂਦਰ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡਰੋਨ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪੀ ਗਈ ਹੈ। ਉਂਜ ਰਾਜ ਦੀ ਪੁਲੀਸ ਵੀ ਆਪਣੇ ਪੱਧਰ ’ਤੇ ਅਤਿਵਾਦੀ ਗਰੁੱਪਾਂ ਦੀਆਂ ਸਰਗਰਮੀਆਂ ਦਾ ਪਤਾ ਲਗਾਉਣ ਵਿੱਚ ਜੁੱਟ ਗਈ ਹੈ। ਇਹ ਵੀ ਸਪੱਸ਼ਟ ਹੋ ਚੁੱਕਾ ਹੈ ਕਿ ਹੁਣ ਤੱਕ ਸਰਹੱਦੋਂ ਪਾਰ ਦੋ ਡਰੋਨਾਂ ਬਰਾਮਦ ਹੋਈਆਂ ਹਨ। ਜਿਨ੍ਹਾਂ ’ਚੋਂ ਇਕ ਅਗਸਤ ਅਤੇ ਦੂਜੀ ਸਤੰਬਰ ਮਹੀਨੇ ਵਿੱਚ ਤਰਤ ਤਾਰਨ ਦੇ ਝਬਾਲ ਕਸਬੇ ਕੋਲ ਅੱਧ ਸੜੀ ਹਾਲਤ ਵਿੱਚ ਮਿਲੀ ਸੀ। ਜਾਂਚ ਵਿੱਚ ਇਹ ਪਤਾ ਲੱਗਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਕਸ਼ਮੀਰ ਵਿੱਚ ਧਾਰਾ 370 ਖਤਮ ਕਰਨ ਤੋਂ ਬਾਅਦ ਪਾਕਿਸਤਾਨ ਆਧਾਰਿਤ ਅਤਿਵਾਦੀ ਗਰੁੱਪ ਅਗਸਤ ਮਹੀਨੇ ਤੋਂ ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਸ਼ਾਮਲ ਹਨ ਅਤੇ ਹੁਣ ਤੱਕ ਬਰਾਮਦ ਹੋਈਆਂ ਦੋਵੇਂ ਡਰੋਨਾਂ ਨੂੰ ਭੇਜਣ ਵਿੱਚ ਪਾਕਿਸਤਾਨ ਦੀ ਆਈਐਸਆਈ ਨਾਲ ਜੁੜੇ ਵੱਖ-ਵੱਖ ਅਤਿਵਾਦੀ ਗਰੁੱਪ, ਗੁਆਂਢੀ ਦੇਸ਼ਾਂ ਦੀ ਸਰਪ੍ਰਸਤੀ ਵਾਲੇ ਜਿਹਾਦੀ ਤੇ ਖਾਲਿਸਤਾਨ ਪੱਖੀ ਗਰੁੱਪ ਸ਼ਾਮਲ ਦੱਸੇ ਜਾ ਰਹੇ ਹਨ। ਬੀਤੀ 13 ਅਗਸਤ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਮੋਹਾਵਾ ਜੋ ਭਾਰਤ-ਪਾਕਿਸਤਾਨ ਸਰਹੱਦ ਤੋਂ ਮਹਿਜ਼ ਡੇਢ ਕੁ ਕਿੱਲੋਮੀਟਰ ਦੂਰ ਸਥਿਤ ਹੈ, ਵਿਖੇ ਡਿੱਗੇ ਹੋਏ ‘ਹੈਕਸਾਕਾਪਟਰ ਡਰੋਨ’ ਦੀ ਬਰਾਮਦਗੀ ਤੋਂ ਬਾਅਦ ਪੁਲੀਸ ਨੇ ਚੌਕਸੀ ਵਧਾ ਦਿੱਤੀ ਸੀ। ਇਹ ਬਰਾਮਦਗੀ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਇਕ ਅਣਪਛਾਤੀ ਫੋਨ ਕਾਲ ਆਉਣ ’ਤੇ ਕੀਤੀ ਗਈ ਸੀ। ਜਿਸ ਵਿੱਚ ਦੱਸਿਆ ਗਿਆ ਸੀ ਕਿ ਮੋਹਾਵਾ ਪਿੰਡ ਵਿੱਚ ਇਕ ਕਿਸਾਨ ਦੇ ਝੋਨੇ/ਚਾਰੇ ਦੇ ਖੇਤ ਵਿੱਚ ਇਕ ਪੱਖੇ ਵਰਗੀ ਚੀਜ਼ ਮਿਲੀ ਹੈ। ਜਾਂਚ ਦੌਰਾਨ ਪਤਾ ਲੱਗਾ ਇਹ ਡਰੋਨ ‘ਯੂ 10 ਕੇਵੀ 100-ਯੂ’ ਮਾਡਲ ਦਾ ਹੈ ਅਤੇ ਇਸ ਨੂੰ ਇਕ ਚਾਈਨੀਜ਼ ਕੰਪਨੀ ਟੀ-ਮੋਟਰਜ਼ ਵੱਲੋਂ ਡਿਜ਼ਾਇਨ ਕੀਤਾ ਅਤੇ ਬਣਾਇਆ ਗਿਆ ਹੈ। ਹੈਕਸਾਕਾਪਟਰ ਵਿੱਚ ਇੱਟ ਆਕਾਰੀ ਚਾਰ ਬੈਟਰੀਆਂ (ਮਾਡਲ ਟੈਟੂ-ਮੇਡ ਇਨ ਚਾਈਨਾ) ਵੀ ਲੱਗੀਆ ਪਾਈਆਂ ਗਈਆਂ ਹਨ। ਡਰੋਨ ਦਾ ਏਅਰਫਰੇਮ ਟੈਰੋਟ 680 ਪ੍ਰੋ ਦਾ ਬਣਿਆ ਹੋਇਆ ਪਾਇਆ ਗਿਆ ਹੈ। ਤਫ਼ਤੀਸ਼ ਦੌਰਾਨ ਇਹ ਵੀ ਪਾਇਆ ਗਿਆ ਹੈ ਕਿ ਇਸ ਤਰ੍ਹਾਂ ਦੇ ਹੈਕਸਾਕਾਪਟਰ (6 ਇਲੈਕਟ੍ਰਿਕ ਮੋਟਰਾਂ) 21 ਕਿੱਲੋਗਰਾਮ ਭਾਰ ਚੁੱਕਣ ਦੀ ਸਮਰੱਥਾ ਰੱਖਦੇ ਹਨ ਅਤੇ ਇਸ ਨੂੰ ਵੱਖ-ਵੱਖ ਪੁਰਜ਼ਿਆਂ ਨਾਲ ਜੋੜ ਕੇ ਬਣਾਇਆ ਜਾਂਦਾ ਹੈ ਜੋ ਕਿ ਬਾਜ਼ਾਰ ’ਚੋਂ ਆਸਾਨੀ ਨਾਲ ਮਿਲ ਜਾਂਦੇ ਹਨ। ਹੈਕਸਾਕਾਪਟਰ ਦੀ ਹੋਰ ਜਾਂਚ ਕਰਨ ਨਾਲ ਸਾਹਮਣੇ ਆਇਆ ਹੈ ਕਿ 20-25 ਕਿੱਲੋਗਰਾਮ ਭਾਰ ਚੁੱਕਣ ਕਾਰਨ ਇਸ ਦੇ ਹਿੱਸੇ ਅਤੇ ਮੋਟਰ ਪ੍ਰੋਪੈਲਰ ਨੂੰ ਮਾਮੂਲੀ ਨੁਕਸਾਨ ਪੁੱਜਿਆ ਸੀ ਜਿਸ ਕਰਕੇ ਇਸ ਦੀ ਸੰਭਾਵਿਤ ਤੌਰ ’ਤੇ ਕਰੈਸ਼ ਲੈਂਡਿੰਗ ਹੋਈ ਹੋਵੇਗੀ। ਇਕ ਡਰੋਨ ’ਚੋਂ ਚਿੱਟੇ ਰੰਗ ਦੀ ਨਾਈਲੋਨ ਦੀ ਬਣੀ ਰੱਸੀ ਦੇ ਹਿੱਸੇ ਵੀ ਬਰਾਮਦ ਕੀਤੇ ਗਏ ਸਨ। (ਬਾਕਸ ਆਈਟਮ) ਡਰੋਨ ਦੀ ਬਰਾਮਦਗੀ ਤੋਂ ਬਾਅਦ ਵਧਾਈ ਚੌਕਸੀ ਦੇ ਸਿੱਟੇ ਵਜੋਂ ਪੁਲੀਸ ਨੂੰ ਅਤਿਵਾਦੀ ਗਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫ਼ਲਤਾ ਮਿਲੀ ਸੀ। ਇਸ ਗਰੋਹ ਵਿੱਚ ਆਕਾਸ਼ਦੀਪ ਸਿੰਘ ਅਤੇ ਉਸਦੇ ਸਾਥੀ ਬਾਬਾ ਬਲਵੰਤ ਸਿੰਘ, ਹਰਭਜਨ ਸਿੰਘ ਅਤੇ ਬਲਬੀਰ ਸਿੰਘ ਉਰਫ਼ ਬਿੰਦਾ ਸ਼ਾਮਲ ਸਨ। ਇਸ ਤੋਂ ਬਾਅਦ ਹਥਿਆਰਾਂ ਦੀ ਵੱਡੀ ਖੇਪ ਦੀ ਹੈਂਡਲਿੰਗ ਵਿੱਚ ਸ਼ੁਭਦੀਪ ਸਿੰਘ ਦਾ ਹੱਥ ਹੋਣ ਕਾਰਨ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿਅਕਤੀਆਂ ਕੋਲੋਂ ਹੈਂਡ ਗਰੇਨੇਡ, ਸੈਟੇਲਾਈਟ ਫੋਨ, ਵਾਇਰਲੈਸ ਸੈੱਟ ਅਤੇ ਸੰਚਾਰ ਦੇ ਹੋਰ ਯੰਤਰ ਬਰਾਮਦ ਕੀਤੇ ਗਏ ਹਨ। ਪੁੱਛਗਿੱਛ ਦੌਰਾਨ ਆਕਾਸ਼ਦੀਪ ਨੇ ਦੱਸਿਆ ਕਿ ਸਤੰਬਰ ਦੇ ਸ਼ੁਰੂ ਵਿੱਚ ਅੱਧ ਸੜੇ ਡਰੋਨ ਨਾਲ 9 ਐਮਐਮ ਦੇ 2 ਪਿਸਤੌਲਾਂ ਦੀ ਤਸਕਰੀ ਕੀਤੀ ਗਈ ਸੀ। ਜਦੋਂ ਤੱਕ ਭਾਰਤ-ਪਾਕਿ ਸਰਹੱਦ ਨੇੜੇ ਹਥਿਆਰ ਸੁੱਟ ਕੇ ਡਰੋਨ ਪਾਕਿਸਤਾਨ ਨੂੰ ਵਾਪਸ ਮੁੜਦਾ ਉਸ ਤੋਂ ਪਹਿਲਾਂ ਹੀ ਭਾਰਤ ਵਾਲੇ ਪਾਸੇ ਇਹ ਡਰੋਨ ਹਾਦਸਾਗ੍ਰਸਤ ਹੋ ਕੇ ਡਿੱਗ ਗਿਆ। (ਬਾਕਸ ਆਈਟਮ) ਵਿਦੇਸ਼ੀ ਹੱਥਾਂ ਵਿੱਚ ਖੇਡ ਰਹੇ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਉਰਫ਼ ਨੀਟਾ ਅਤੇ ਸਰਗਨਾ ਗੁਰਮੀਤ ਬੱਗਾ ਪਾਕਿਸਤਾਨੀ ਅਤਿਵਾਦੀ ਗਰੁੱਪ ਚਲਾ ਰਹੇ ਹਨ। ਇਨ੍ਹਾਂ ਨੇ ਆਕਾਸ਼ਦੀਪ ਅਤੇ ਉਸਦੇ ਸਾਥੀਆਂ ਨੂੰ ਭਾਰਤ ਵਾਲੇ ਪਾਸੇ ਡਰੋਨ ਦੇ ਡਿੱਗਣ ਸਬੰਧੀ ਸੂਚਨਾ ਦਿੱਤੀ। ਉਸ ਨੂੰ ਕਰੈਸ਼ ਵਾਲੀ ਥਾਂ ’ਤੇ ਪਹੁੰਚ ਕੇ ਡਰੋਨ ਨੂੰ ਨਸ਼ਟ ਕਰਨ ਲਈ ਕਿਹਾ ਸੀ ਤਾਂ ਜੋ ਪੁਲੀਸ ਨੂੰ ਡਰੋਨਾਂ ਰਾਹੀਂ ਹਥਿਆਰਾਂ ਦੀ ਡਲਿਵਰੀ ਦਾ ਪਤਾ ਨਾ ਲੱਗ ਸਕੇ। ਇਸ ਬਾਰੇ ਸੂਚਨਾ ਮਿਲਦਿਆਂ ਹੀ ਆਕਾਸ਼ਦੀਪ ਅਤੇ ਉਸਦੇ ਸਾਥੀਆਂ ਨੇ ਡਰੋਨ ਡਿੱਗਣ ਵਾਲੀ ਜਗ੍ਹਾਂ ’ਤੇ ਜਾ ਕੇ ਡਰੋਨ ਨੂੰ ਨਸ਼ਟ ਕਰ ਦਿੱਤਾ ਅਤੇ ਡਰੋਨ ਦੇ ਸਟੀਲ ਢਾਂਚੇ ਨੂੰ ਨਾਲੇ ਵਿੱਚ ਸੁੱਟ ਦਿੱਤਾ। (ਬਾਕਸ ਆਈਟਮ) ਪੰਜਾਬ ਸਰਕਾਰ ਨੇ ਡਰੋਨ ਸਬੰਧੀ ਕੇਂਦਰ ਸਰਕਾਰ ਨਾਲ ਗੱਲ ਸਾਂਝੀ ਕੀਤੀ ਸੀ ਤਾਂ ਜੋ ਕੇਂਦਰੀ ਏਜੰਸੀਆਂ ਇਸ ਦੀ ਤਕਨੀਕੀ ਜਾਂਚ ਕਰ ਸਕਣ। ਰਾਜ ਸਰਕਾਰ ਨੇ ਭਾਰਤ-ਪਾਕਿ ਸਰਹੱਦ ’ਤੇ ਵੱਡੇ ਆਕਾਰ ਦੇ ਡਰੋਨ ਦੀਆਂ ਗਤੀਵਿਧੀਆਂ ਸਬੰਧੀ ਕੇਂਦਰ ਸਰਕਾਰ ਕੋਲ ਗੰਭੀਰਤਾ ਵੀ ਪ੍ਰਗਟਾਈ ਹੈ। ਉਨ੍ਹਾਂ ਵੱਲੋਂ ਇਹ ਵੀ ਉਜਾਗਰ ਕੀਤਾ ਗਿਆ ਕਿ ਜਿਹਾਦੀ ਅਤੇ ਖਾਲਿਸਤਾਨੀ ਅਤਿਵਾਦੀ ਸਮੂਹਾਂ ਵੱਲੋਂ ਇਸ ਤਰ੍ਹਾਂ ਦੀ ਸਮਰੱਥਾ ਅਤੇ ਯੋਗਤਾ ਵਾਲੇ ਡਰੋਨ ਦੀ ਵਰਤੋਂ ਰਾਸ਼ਟਰੀ ਸੁਰੱਖਿਆ ਖਾਸ ਤੌਰ ’ਤੇ ਸੁਰੱਖਿਆ ਸਿਸਟਮ, ਜਨਤਕ ਮੀਟਿੰਗਾਂ/ਸਮਾਗਮਾਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਕਰ ਸਕਦੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ