nabaz-e-punjab.com

ਪਾਕ ਡਰੋਨ ਮਾਮਲਾ: ਐਨਆਈਏ ਅਦਾਲਤ ਨੇ ਦੋ ਮੁਲਜ਼ਮਾਂ ਨੂੰ ਜੇਲ੍ਹ ਭੇਜਿਆ

ਬੰਬ ਧਮਾਕਾ: ਐਨਆਈਏ ਵੱਲੋਂ ਡਾਟਾ ਹਾਸਲ ਕਰਨ ਲਈ ਅਰਜ਼ੀ ਦਾਇਰ, ਬਚਾਅ ਪੱਖ ਨੂੰ ਨੋਟਿਸ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ:
ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨ ਵਾਲੇ ਪਾਸਿਓਂ ਹਥਿਆਰਾਂ ਦੀ ਤਸਕਰੀ ਲਈ ਵਰਤੇ ਗਏ ਡਰੋਨਾਂ ਦੀ ਬਰਾਮਦਗੀ ਮਾਮਲੇ ਵਿੱਚ ਪ੍ਰੋਡਕਸ਼ਨ ਵਰੰਟ ’ਤੇ ਗ੍ਰਿਫ਼ਤਾਰ ਕੀਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਦੋ ਕਾਰਕੁਨਾਂ ਆਕਾਸ਼ਦੀਪ ਸਿੰਘ ਅਤੇ ਮਾਨ ਸਿੰਘ ਨੂੰ ਪਹਿਲਾਂ ਦਿੱਤਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਦੁਬਾਰਾ ਮੁਹਾਲੀ ਸਥਿਤ ਐਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵੇਂ ਮੁਲਜ਼ਮਾਂ ਨੂੰ 6 ਫਰਵਰੀ ਤੱਕ ਨਿਆਇਕ ਹਿਰਾਸਤ ਅਧੀਨ ਅੰਮ੍ਰਿਤਸਰ ਜੇਲ੍ਹ ਵਿੱਚ ਭੇਜ ਦਿੱਤਾ। ਪਹਿਲਾਂ ਵੀ ਇਹ ਮੁਲਜ਼ਮ ਅੰਮ੍ਰਿਤਸਰ ਜੇਲ੍ਹ ਵਿੱਚ ਹੀ ਬੰਦ ਸਨ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
ਐਨਆਈਏ ਦੀ ਜਾਂਚ ਨੇ ਡਰੋਨ ਰਾਹੀਂ ਸਰਹੱਦੋਂ ਪਾਰ ਤੋਂ ਪੰਜਾਬ ਵਿੱਚ ਹਥਿਆਰਾਂ ਦੀ ਤਸਕਰੀ ਮਾਮਲੇ ਵਿੱਚ ਪੁੱਛਗਿੱਛ ਕਰਨ ਲਈ ਆਪਣੀ ਹਿਰਾਸਤ ਵਿੱਚ ਲਿਆ ਸੀ। ਜਾਂਚ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਕਿ ਉਕਤ ਮਾਮਲੇ ਵਿੱਚ ਐਨਆਈਏ ਕੋਲ ਕੁਝ ਅਹਿਮ ਸਬੂਤ ਹੱਥ ਲੱਗੇ ਹਨ। ਜਿਨ੍ਹਾਂ ਬਾਰੇ ਦੋਵਾਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਨੀ ਸੀ। ਪੁੱਛਗਿੱਛ ਦੌਰਾਨ ਕੀ ਪਤਾ ਲੱਗਾ, ਇਸ ਬਾਰੇ ਐਨਆਈਏ ਦਾ ਕਹਿਣਾ ਹੈ ਕਿ ਉਹ ਕੋਈ ਵੀ ਜਾਣਕਾਰੀ ਜਨਤਕ ਨਹੀਂ ਕਰ ਸਕਦੇ ਹਨ ਕਿਉਂਕਿ ਅਜਿਹਾ ਕਰਨ ਨਾਲ ਮਾਮਲੇ ਦੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਦੇ ਸਪੈਸ਼ਲ ਸੈਲ ਅੰਮ੍ਰਿਤਸਰ ਨੇ ਪਿਛਲੇ ਸਾਲ 22 ਸਤੰਬਰ ਨੂੰ ਸਰਹੱਦੋਂ ਪਾਰ ਆਏ ਡਰੋਨਾਂ ਰਾਹੀਂ ਕੁਝ ਮਾਰੂ ਹਥਿਆਰ ਬਰਾਮਦ ਕੀਤੇ ਗਏ ਸਨ। ਪੁਲੀਸ ਨੇ ਉਕਤ ਖਾੜਕੂਆਂ ਨੂੰ ਕੇਸ ਵਿੱਚ ਨਾਮਜ਼ਦ ਕਰਕੇ ਦੋਸ਼ ਲਗਾਇਆ ਸੀ ਕਿ ਪਾਕਿਸਤਾਨ ਵਿੱਚ ਬੈਠੇ ਰਣਜੀਤ ਸਿੰਘ ਨੀਟਾ ਦੇ ਹੁਕਮਾਂ ’ਤੇ ਡਰੋਨ ਰਾਹੀਂ ਪੰਜਾਬ ਦੇ ਸਰਹੱਦੀ ਇਲਾਕੇ ਵਿੱਚ ਹਥਿਆਰ ਭੇਜੇ ਗਏ ਹਨ। ਇਸ ਸਬੰਧੀ ਧਾਰਾ 489, 489ਏ, 489ਬੀ, 489ਸੀ, 120ਬੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਿਸ ਵਿੱਚ ਖਾੜਕੂ ਕਾਰਕੁਨਾਂ ਬਲਬੀਰ ਸਿੰਘ ਉਰਫ਼ ਬਿੰਦਾ, ਹਰਭਜਨ ਸਿੰਘ ਤੇ ਰੋਮਨਦੀਪ ਸਿੰਘ ਸਮੇਤ ਆਕਾਸ਼ਦੀਪ ਸਿੰਘ, ਬਲਵੰਤ ਸਿੰਘ, ਸ਼ੁਭਦੀਪ ਸਿੰਘ, ਮਾਨ ਸਿੰਘ, ਸਾਜਨਪ੍ਰੀਤ ਸਿੰਘ, ਗੁਰਦੇਵ ਸਿੰਘ, ਮਲਕੀਤ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਮਾਮਲੇ ਦੀ ਪਹਿਲਾਂ ਪੰਜਾਬ ਪੁਲੀਸ ਦੇ ਅੰਮ੍ਰਿਤਸਰ ਸਥਿਤ ਸਟੇਟ ਸਪੈਸ਼ਲ ਸੈਲ ਵੱਲੋਂ ਜਾਂਚ ਕੀਤੀ ਜਾ ਰਹੀ ਸੀ। ਉਸ ਸਮੇਂ ਪੁਲੀਸ ਵੱਲੋਂ ਬਲਬੀਰ ਸਿੰਘ, ਹਰਭਜਨ ਸਿੰਘ, ਬਲਵੰਤ ਸਿੰਘ ਸਮੇਤ 4 ਮੁਲਜ਼ਮਾਂ ਨੂੰ ਚੋਹਲਾ ਸਾਹਿਬ ਨੇੜਿਓਂ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਵਿਅਕਤੀ ਇਕ ਕਾਰ ਵਿੱਚ ਸਵਾਰ ਹੋ ਕੇ ਕਿੱਧਰੇ ਜਾ ਰਹੇ ਸਨ। ਬਾਅਦ ਵਿੱਚ ਇਸ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪੀ ਗਈ ਅਤੇ ਮੌਜੂਦਾ ਸਮੇਂ ਵਿੱਚ ਇਸ ਮਾਮਲੇ ਦੀ ਸੁਣਵਾਈ ਐਨਆਈਏ ਅਦਾਲਤ ਮੁਹਾਲੀ ਵਿੱਚ ਚੱਲ ਰਹੀ ਹੈ।
(ਬਾਕਸ ਆਈਟਮ)
ਮੁਹਾਲੀ: ਪੰਜਾਬ ਦੇ ਸਰਹੱਦੀ ਇਲਾਕੇ ਤਰਨ ਤਾਰਨ ਦੇ ਪਿੰਡ ਪੰਡੋਰੀ ਕਲਾਂ ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ਸਬੰਧੀ ਐਨਆਈਏ ਦੀ ਜਾਂਚ ਟੀਮ ਨੇ ਮੁਲਜ਼ਮਾਂ ਦੇ ਮੋਬਾਈਲ ਅਤੇ ਕੰਪਿਊਟਰ ਡਾਟਾ ਹਾਸਲ ਕਰਨ ਲਈ ਅਦਾਲਤ ਵਿੱਚ ਨਵੇਂ ਸਿਰਿਓਂ ਅਰਜ਼ੀ ਦਾਇਰ ਕੀਤੀ ਗਈ ਹੈ। ਇਸ ਸਬੰਧੀ ਐਨਆਈਏ ਅਦਾਲਤ ਨੇ ਬਚਾਅ ਪੱਖ ਨੂੰ ਨੋਟਿਸ ਜਾਰੀ ਕਰਕੇ 3 ਫਰਵਰੀ ਨੂੰ ਆਪਣਾ ਪੱਖ ਰੱਖਣ ਲਈ ਆਖਿਆ ਹੈ। ਬਚਾਅ ਪੱਖ ਦੇ ਵਕੀਲ ਰਣਜੋਧ ਸਿੰਘ ਸਰਾਓ ਨੇ ਦੱਸਿਆ ਕਿ ਸੋਮਵਾਰ ਨੂੰ ਮੁਲਜ਼ਮਾਂ ਦੀ ਤਰਫ਼ੋ ਐਨਆਈਏ ਦੀ ਅਰਜ਼ੀ ਦਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐਨਆਈਏ ਹਨੇਰੇ ਵਿੱਚ ਤੀਰ ਮਾਰ ਰਹੀ ਹੈ ਜਦੋਂਕਿ ਪਹਿਲਾਂ ਪੰਜਾਬ ਪੁਲੀਸ ਅਤੇ ਬਾਅਦ ਵਿੱਚ ਐਨਆਈਏ ਵੱਲੋਂ ਵੱਖ ਵੱਖ ਪਹਿਲੂਆਂ ’ਤੇ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਹੁਣ ਤੱਕ ਐਨਆਈਏ ਨਵੀਂ ਪੈਂਤੜੇਬਾਜ਼ੀ ਕਰਕੇ ਕੇਸ ਨੂੰ ਲਮਕਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …