
ਜੇ ਪਾਕਿ ਇੱਕ ਸਿਰ ਕੱਟਦੇ ਹਨ ਤਾਂ ਭਾਰਤ ਨੂੰ ਤਿੰਨ ਸਿਰ ਵੱਢਣੇ ਚਾਹੀਦੇ ਹਨ: ਕੈਪਟਨ ਅਮਰਿੰਦਰ ਸਿੰਘ
ਕੁੱਲ-ਵਕਤੀ ਰੱਖਿਆ ਮੰਤਰੀ ਤੇ ਸਰਹੱਦੋਂ ਪਾਰਲੇ ਖ਼ਤਰਿਆਂ ਨਾਲ ਨਜਿੱਠਣ ਲਈ ਵਧੀਆ ਹਥਿਆਰਾਂ ਦੀ ਜ਼ਰੂਰਤ ’ਤੇ ਜ਼ੋਰ
ਖਾਲਿਸਤਾਨੀ ਧਮਕੀਆਂ ਦੀ ਮੈਨੂੰ ਕੋਈ ਪਰਵਾਹ ਨਹੀਂ, ਸੱਜਣ ਵਿਰੁੱਧ ਦੋਸ਼ਾਂ ਨੂੰ ਮੁੜ ਦੁਹਰਾਇਆ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 3 ਮਈ
ਆਪਣੇ ਆਪ ਨੂੰ ‘ਸਖਤ ਸੁਭਾਅ’ ਵਾਲਾ ਅਤੇ ਇੱਕ ‘ਫੌਜੀ’ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦੋਂ ਪਾਰਲੀਆਂ ਦੇਸ਼ ਵਿਰੋਧੀ ਸ਼ਕਤੀਆਂ ਦੇ ਵਿਰੁੱਧ ਕੋਈ ਵੀ ਸਮਝੌਤਾ ਨਾ ਕਰਨ ਵਾਲੀ ਨੀਤੀ ਅਪਣਾਉਣ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਵਿਰੁੱਧ ਖਾਲਿਸਤਾਨੀ ਧਮਕੀਆਂ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਉਹ ਕਿਸੇ ਨੂੰ ਵੀ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦੇਣਗੇ। ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਭਾਰਤ-ਪਾਕਿ ਸਰਹੱਦ ’ਤੇ ਦੋ ਭਾਰਤੀ ਫੌਜੀਆਂ ਦੀ ਘਿਣਾਉਣੀ ਹੱਤਿਆ ਕਰਨ ਅਤੇ ਉਨ੍ਹਾਂ ਦੀਆਂ ਦੇਹਾਂ ਨੂੰ ਨੁਕਸਾਨ ਪਹੁੰਚਾਉਣ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਪ੍ਰਤੀਕਿਰਿਆ ਸਪਸ਼ਟ ਅਤੇ ਸਾਫ਼ ਹੋਣੀ ਚਾਹੀਦੀ ਹੈ।
ਉਨ੍ਹਾਂ ਨੇ ਇੱਕ ਟੀ.ਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ, ‘‘ਸਾਨੂੰ ਭੱਦਰ ਪੁਰਸ਼ਾਂ ਵਾਲੀ ਫੌਜ ਬਣਨਾ ਬੰਦ ਕਰ ਦੇਣਾ ਚਾਹੀਦਾ ਹੈ। ਜੇ ਉਹ (ਪਾਕਿਸਤਾਨ) ਸਾਡਾ ਇੱਕ ਸਿਰ ਕੱਟਦਾ ਹੈ ਤਾਂ ਸਾਨੂੰ ਉਹਨਾਂ ਦੇ ਤਿੰਨ ਸਿਰ ਵੱਢਣੇ ਚਾਹੀਦੇ ਹਨ।’’ ਖਾਲਿਸਤਾਨੀ ਧਮਕੀਆਂ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ, ‘‘ਜੇ ਉਨ੍ਹਾਂ ਵਿੱਚ ਦਮ ਹੈ ਤਾਂ ਉਹਨਾਂ ਨੂੰ ਇੱਥੇ ਆਉਣਾ ਅਤੇ ਬੋਲਣਾ ਚਾਹੀਦਾ ਹੈ ਨਾ ਕਿ ਕਿਤੇ ਹੋਰ ਬੈਠ ਕੇ ਬੇਤੁੱਕੀ ਬਿਆਨਬਾਜ਼ੀ ਨਾਲ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੀਦਾ ਹੈ।’’ ਉਨ੍ਹਾਂ ਕਿਹਾ, ‘‘ਉਹ ਕੰਨ ਪਾੜਵਾਂ ਚੀਕ-ਚਹਾੜਾ ਪਾ ਸਕਦੇ ਹਨ, ਇਸ ਦੀ ਕੋਣ ਪਰਵਾਹ ਕਰਦਾ ਹੈ।’’ ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਨੇ ਕਿਹਾ, ‘‘ਅਸੀਂ ਸਥਿਰ ਪੰਜਾਬ ਚਾਹੁੰਦੇ ਹਾਂ, ਅਸੀ ਵਿਕਾਸ ਚਾਹੁੰਦੇ ਹਾਂ।’’ ਉਨ੍ਹਾਂ ਅਗੇ ਕਿਹਾ ਕਿ ਇੱਕ ਫੌਜੀ ਹੋਣ ਦੇ ਨਾਤੇ ਉਹਨਾਂ ਨੇ ਜੰਗਾਂ ਦੇਖਿਆਂ ਹਨ ਅਤੇ ਉਹਨਾਂ ਨੂੰ ਆਪਣੀ ਸੁਰੱਖਿਆ ਦੇ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੇ ਜ਼ੋਖਮ ਦੀ ਕਦੀ ਕੋਈ ਪਰਵਾਹ ਨਹੀਂ ਰਹੀ।
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵਿਰੁੱਧ ਲਾਏ ਗਏ ਦੋਸ਼ਾਂ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਮੁੱਦਿਆਂ ਨੂੰ ਉਠਾਉਣਾ ਹੈ ਅਤੇ ਉਹ ਸੂਬੇ ਵਿੱਚ ਵੱਡੀ ਪੱਧਰ ’ਤੇ ਨਿਵੇਸ਼ ਲਿਆਉਣਾ ਚਾਹੁੰਦੇ ਹਨ ਜਿਸਦੇ ਵਾਸਤੇ ਸ਼ਾਂਤੀ ਅਤੇ ਸਥਿਰਤਾ ਜ਼ਰੂਰੀ ਹੈ। ਉਨ੍ਹਾਂ ਦੁਹਰਾਇਆ ਕਿ ਸੱਜਣ ਅਤੇ ਹੋਰ ਕਈ ਕੈਨੇਡਾ ਦੇ ਸੰਸਦ ਮੈਂਬਰਾਂ ਦਾ ਖਾਲਿਸਤਾਨੀਆਂ ਪ੍ਰਤੀ ਝੁਕਾਅ ਹੈ ਅਤੇ ਉਹ ਉਹਨਾਂ ਲੋਕਾਂ ਨਾਲ ਹਮਦਰਦੀ ਰੱਖਦੇ ਹਨ ਜੋ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸਦੀ ਕਿਸੇ ਵੀ ਕੀਮਤ ਤੇ ਆਗਿਆ ਨਹੀਂ ਦਿੱਤੀ ਜਾਵੇਗੀ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਨਾਇਬ ਸੂਬੇਦਾਰ ਪਰਮਜੀਤ ਸਿੰਘ ਦੇ ਤਰਨ ਤਾਰਨ ਜ਼ਿਲੇ੍ਹ ਵਿੱਚ ਜੱਦੀ ਪਿੰਡ ਵਿੱਖੇ ਸੰਸਕਾਰ ਵਿੱਚ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਉਹ ਪੈਰ ਦੀ ਸੱਟ ਕਾਰਨ ਤੁਰਨ ਤੋਂ ਅਸਮਰਥ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਆਪਣੇ ਕੈਬਨਿਟ ਸਾਥੀ ਅਤੇ ਤਿੰਨ ਪਾਰਟੀ ਵਿਧਾਇਕਾਂ ਦੀ ਪੀੜਤ ਪਰਿਵਾਰ ਕੋਲ ਜਾ ਕੇ ਦੁੱਖ ਪ੍ਰਗਟ ਕਰਨ ਦੀ ਡਿਊਟੀ ਲਾਈ ਸੀ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਸ਼ਹੀਦ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਹਨ। ਮੁੱਖ ਮੰਤਰੀ ਨੇ ਮੇਜਰ ਗਗੋਈ ਦਾ ਸਪਸ਼ਟ ਤੌਰ ’ਤੇ ਸਮਰਥਨ ਕੀਤਾ ਜਿਸਦੀ ਕਸ਼ਮੀਰ ਚੋਣਾਂ ਦੌਰਾਨ ‘ਮਾਨਵੀ ਢਾਲ’ ਬਣਾਉਣ ਵਾਲੀ ਵਿਵਾਦਪੂਰਨ ਵੀਡੀਓ ਸਾਹਮਣੇ ਆਈ ਸੀ। ਉਨ੍ਹਾਂ ਕਿਹਾ ਕਿ ਅਧਿਕਾਰੀ ’ਤੇ ਪੱਥਰਬਾਜ਼ੀ ਕੀਤੀ ਜਾ ਰਹੀ ਸੀ ਅਤੇ ਉਸਨੇ ਉਨ੍ਹਾਂ ਹਾਲਤਾਂ ਵਿੱਚ ਜੋ ਵੀ ਕੀਤਾ ਉਹ ਪੂਰੀ ਤਰ੍ਹਾਂ ਠੀਕ ਸੀ। ਉਹ ਪਿੱਛੇ ਹੱਟਣ ਦੀ ਥਾਂ ਆਪਣੇ ਸਾਥੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ਾਂਤੀ ਸਿਰਫ ਤਾਂ ਹੀ ਸੰਭਵ ਹੈ ਜੇ ਸਰਕਾਰ ਵੱਡੀ ਪਧਰ ’ਤੇ ਕਾਰਜ ਕਰੇ। ਉਨ੍ਹਾਂ ਸਪਸ਼ਟ ਕੀਤਾ ਕਿ ਜਿਨ੍ਹਾਂ ਚਿਰ ਭਾਰਤੀ ਫੌਜ ਦਾ ਜੰਮੂ-ਕਸ਼ਮੀਰ ਵਿੱਚ ਹੱਥ ਉੱਪਰ ਹੈ ਉਨ੍ਹਾਂ ਚਿਰ ਉਹ ਕਿਸੇ ਵੀ ਸਮਝੌਤੇ ਦੇ ਹੱਕ ਵਿੱਚ ਨਹੀਂ ਹਨ। ਛੱਤੀਸਗੱੜ੍ਹ ਅਤੇ ਜੰਮੂ-ਕਸ਼ਮੀਰ ਵਿੱਚ ਹਿੰਸਾ ਦੇ ਵਾਸਤੇ ਪ੍ਰਧਾਨ ਮੰਤਰੀ ਨੂੰ ਜ਼ਿੰਮੇਵਾਰ ਨਾ ਠਹਿਰਾਉਂਦੇ ਹੋਏ ਮੁੱਖ ਮੰਤਰੀ ਨੇ ਕੁਲ-ਵਕਤੀ ਰੱਖਿਆ ਮੰਤਰੀ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
ਕੈਪਟਨ ਨੇ ਕਿਹਾ ਕਿ ਭਾਰਤ ਨੂੰ ਖਾਸ ਤੌਰ ’ਤੇ ਚੀਨ ਦੇ ਨਾਲ ਆਪਣੀ ਰੱਖਿਆ ਮਜਬੂਤ ਕਰਨੀ ਚਾਹੀਦੀ ਹੈ ਜੋ ਜ਼ਮੀਨ ਅਤੇ ਸਮੁੰਦਰ ਦੇ ਰਾਸਤੇ ਹੱਲਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਸਰਹੱਦੋਂ ਪਾਰ ਦੀਆਂ ਵੱਖ-ਵੱਖ ਚੁਣੌਤੀਆਂ ਨਾਲ ਪ੍ਰਭਾਵੀ ਢੰਗ ਨਾਲ ਨਿਪਟਣਾ ਹੈ ਤਾਂ ਹਥਿਆਰਾਂ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ। ਹਾਲ ਹੀ ਵਿੱਚ ਛੱਤੀਸਗੜ੍ਹ ਵਿਖੇ ਨਕਸਲੀ ਹਮਲੇ ਦੌਰਾਨ ਵੱਡਾ ਨੁਕਸਾਨ ਉਠਾਉਣ ਵਾਲੀ ਸੀ.ਆਰ.ਪੀ.ਐਫ ਦੇ ਸਬੰਧੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੀ.ਆਰ.ਪੀ.ਐਫ ਕੋਲ ਢੁਕਵੀਂ ਸਿਖਲਾਈ ਨਹੀਂ ਹੈ। ਉਸਨੂੰ ਅਜਿਹੀਆਂ ਸਥਿਤੀਆਂ ਨਾਲ ਨਿਪਟਣ ਲਈ ਗੋਲੀਬਾਰੀ ਦਾ ਚੰਗਾ ਤਜਰਬਾ ਨਹੀਂ ਹੈ। ਇਸ ਹਮਲੇ ਵਿੱਚ ਹੋਏ ਗੈਰ-ਜ਼ਰੂਰੀ ਨੁਕਸਾਨ ’ਤੇ ਦੁੱਖ ਪ੍ਰਗਟ ਕਰਦਿਆਂ ਉਹਨਾਂ ਨੇ ਸੀ.ਆਰ.ਪੀ.ਐਫ ਨੂੰ ਇਹ ਮਾਮਲਾ ਪੂਰੀ ਤਰ੍ਹਾਂ ਘੋਖਣ ਅਤੇ ਸੀ.ਆਰ.ਪੀ.ਐਫ ਦੀਆਂ ਵੱਖ-ਵੱਖ ਸਮਸਿਆਵਾਂ ਨੂੰ ਹੱਲ ਕਰਨ ਲਈ ਅਪੀਲ ਕੀਤੀ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਇੱਕ ਫੌਜੀ ਅਤੇ ਫੌਜ ਦੇ ਇਤਿਹਾਸਕਾਰ ਵਜੋਂ ਆਪਣਾ ਪੱਖ ਪੇਸ਼ ਕਰ ਰਹੇ ਹਨ। ਉਨ੍ਹਾਂ ਨੂੰ ਯਕੀਨ ਹੈ ਕਿ ਦੇਸ਼ ਵਿੱਚ ਜੰਗ ਵਰਗੀਆਂ ਹਾਲਤਾਂ ਪੈਦਾ ਹੋ ਜਾਣ ਕਾਰਨ ਲਾਜ਼ਮੀ ਤੌਰ ’ਤੇ ਸਾਰੀ ਸਿਆਸੀਆਂ ਪਾਰਟੀਆਂ ਆਪਣੀ ਪਾਰਟੀ ਲਾਈਨ ਨੂੰ ਛੱਡ ਕੇ ਸਾਂਝੇ ਦੁਸ਼ਮਣ ਵਿਰੁੱਧ ਇਕੱਠੀਆਂ ਹੋ ਜਾਣਗੀਆਂ।