
ਪਾਕਿਸਤਾਨ ਨਾਲ ਜੁੜੇ ਨੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ’ਤੇ ਹੋਏ ਹਮਲੇ ਦੇ ਤਾਰ? ਕੇਸ ਦਰਜ
ਸੋਹਾਣਾ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ, ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਕੀਤੀ ਗਈ ਸੀ ਰੈਕੀ
ਸੀਸੀਟੀਵੀ ਫੁਟੇਜ ਦੀ ਜਾਂਚ ਦੌਰਾਨ ਇਕ ਸ਼ੱਕੀ ਸਵਿਫ਼ਟ ਕਾਰ ਵਿੱਚ ਸਵਾਰ 3-4 ਵਿਅਕਤੀਆਂ ਦੇ ਗੇੜੇ ਮਾਰਨ ਬਾਰੇ ਪਤਾ ਲੱਗਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਈ:
ਇੱਥੋਂ ਦੇ ਸੈਕਟਰ-77 ਸਥਿਤ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ਦੀ ਇਮਾਰਤ ’ਤੇ ਸੋਮਵਾਰ ਰਾਤ ਨੂੰ ਰਾਕੇਟ ਲਾਂਚਰ ਨਾਲ ਕੀਤੇ ਹਮਲੇ ਦੇ ਤਾਰ ਗੁਆਂਢੀ ਮੁਲਕ ਪਾਕਿਸਤਾਨ ਨਾਲ ਜੁੜੇ ਹੋ ਸਕਦੇ ਹਨ। ਮੌਕੇ ਤੋਂ ਮਿਲਿਆ ਪ੍ਰਜੈਕਟਾਈਲ ਨੁਮਾ ਯੰਤਰ ਚਾਈਨਾ ਦਾ ਬਣਿਆ ਹੋਇਆ ਜਾਪਦਾ ਹੈ। ਪੁਲੀਸ ਸੂਤਰਾਂ ਦੀ ਜਾਣਕਾਰੀ ਅਨੁਸਾਰ ਚੀਨ ਹੀ ਪਾਕਿਸਤਾਨ ਨੂੰ ਹਥਿਆਰ ਸਪਲਾਈ ਕਰਦਾ ਹੈ ਅਤੇ ਪਾਕ ਅੱਗੇ ਦਹਿਸ਼ਤਗਰਦਾਂ ਨੂੰ ਅਸਲਾ ਮੁਹੱਈਆ ਕਰਵਾਉਂਦਾ ਹੈ।
ਖੂੰਖਾਰ ਗੈਂਗਸਟਰ ਰਿੰਦਾ ਸੰਧੂ ਨੂੰ ਸਰਹੱਦ ਪਾਰ ਬੈਠਾ ਹੈ। ਪਤਾ ਲੱਗਾ ਹੈ ਕਿ ਹੁਣ ਤੱਕ ਪੰਜਾਬ ਸਮੇਤ ਹੋਰਨਾਂ ਥਾਵਾਂ ’ਤੇ ਹੋਈਆਂ ਗੈਂਗਸਟਰ ਅਤੇ ਹੋਰ ਅਪਰਾਧਿਕ ਵਾਰਦਾਤਾਂ ਵਿੱਚ ਉਸ ਦਾ ਹੱਥ ਮੰਨਿਆ ਜਾ ਰਿਹਾ ਹੈ। ਪੁਲੀਸ ਵੀ ਇਸ ਦਿਸ਼ਾ ਵਿੱਚ ਜਾਂਚ ਨੂੰ ਅੱਗੇ ਤੋਰ ਰਹੀ ਹੈ। ਇਹੀ ਨਹੀਂ ਜੇਕਰ ਤਕਨੀਕੀ ਪੱਖ ਤੋਂ ਦੇਖਿਆ ਜਾਵੇ ਤਾਂ ਡਰੋਨ ਨਾਲ ਵੀ ਹਮਲਾ ਕੀਤਾ ਜਾ ਸਕਦਾ ਹੈ ਕਿਉਂਕਿ ਸਰਹੱਦਾਂ ’ਤੇ ਚੌਕਸੀ ਵਧਾਉਣ ਕਾਰਨ ਪਿਛਲੇ ਕਾਫ਼ੀ ਸਮੇਂ ਤੋਂ ਪਾਕਿਸਤਾਨ ਵੱਲੋਂ ਡਰੋਨ ਦੀ ਵਰਤੋਂ ਨਾਲ ਹਥਿਆਰ ਤੇ ਨਸ਼ਾ ਸਪਲਾਈ ਸਮੇਤ ਹੋਰ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
ਉਧਰ, ਇਸ ਘਟਨਾ ਤੋਂ ਬਾਅਦ ਪੰਜਾਬ ਵਿੱਚ ਕਾਨੂੰਨ ਵਿਵਸਥਾ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਹਾਲਾਂਕਿ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਪਰ ਦਹਿਸ਼ਤਗਰਦਾਂ ਦੀ ਇਹ ਕਾਰਵਾਈ ਪੁਲੀਸ ਤੇ ਸਰਕਾਰ ਲਈ ਕਿਸੇ ਵੱਡੀ ਚੁਨੌਤੀ ਤੋਂ ਘੱਟ ਨਹੀਂ ਹੈ। ਜੇਕਰ ਦਿਨ ਵੇਲੇ ਹਮਲਾ ਹੋਇਆ ਹੁੰਦਾ ਤਾਂ ਇੱਥੇ ਵੱਡਾ ਦੁਖਾਂਤ ਵਾਪਰ ਸਕਦਾ ਸੀ ਕਿਉਂਕਿ ਇਸ ਇਮਾਰਤ ਵਿੱਚ ਇੰਟੈਲੀਜੈਂਸ ਵਿੰਗ ਦੇ ਸੀਨੀਅਰ ਅਧਿਕਾਰੀਆਂ ਸਮੇਤ ਓਕੋ, ਐਂਟੀ ਟਾਸਕ ਫੋਰਸ, ਐਸਟੀਐਫ਼ ਅਤੇ ਕਾਊਂਟਰ ਇੰਟੈਲੀਜੇਂਸ ਦੇ ਉੱਚ ਅਧਿਕਾਰੀ ਬੈਠਦੇ ਹਨ ਅਤੇ ਲਾਅ ਐਂਡ ਆਰਡਰ ਸਬੰਧੀ ਇੱਥੋਂ ਹੀ ਪੰਜਾਬ ਪੁਲੀਸ ਦਾ ਅਪਰੇਸ਼ਨ ਚਲਦਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਹਮਲਾ ਓਕੋ ਅਤੇ ਐਂਟੀ ਟਾਸਕ ਫੋਰਸ ਦੇ ਉੱਚ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਸੀ।
ਇਸ ਸਬੰਧੀ ਪੁਲੀਸ ਨੇ ਇੰਟੈਲੀਜੈਂਸ ਭਵਨ ਵਿੱਚ ਪੀਏਪੀ ਕੰਪਨੀ ਦੇ ਕਮਾਂਡਰ-ਕਮ-ਸਕਿਉਰਿਟੀ ਇੰਚਾਰਜ ਸਬ ਇੰਸਪੈਕਟਰ ਬਲਕਾਰ ਸਿੰਘ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਮੁਹਾਲੀ ਦੇ ਸੋਹਾਣਾ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਆਈਪੀਸੀ ਦੀ ਧਾਰਾ 307, ਅਨਆਲਫੁੱਲਾ ਐਕਟੀਵਿਟੀ ਪ੍ਰੋਵੈਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸਬ ਇੰਸਪੈਕਟਰ ਨੇ ਆਪਣੇ ਬਿਆਨਾਂ ਵਿੱਚ ਕਿਹਾ ਕਿ ਇੱਥੇ ਪੀਏਪੀ ਬਟਾਲੀਅਨ ਦੀਆਂ ਤਿੰਨ ਗਾਰਦਾਂ ਲੱਗੀਆਂ ਹੋਈਆਂ ਹਨ ਜਦੋਂਕਿ ਇਕ ਕਿਊਆਰਟੀ ਵੀ ਮੌਜੂਦ ਰਹਿੰਦੀ ਹੈ। ਲੰਘੀ ਰਾਤ ਕਰੀਬ ਪੌਣੇ ਅੱਠ ਵਜੇ (7.45) ਵਜੇ ਉਹ ਇੰਟੈਲੀਜੈਂਸ ਭਵਨ ਦੇ ਗੇਟ ’ਤੇ ਮੌਜੂਦ ਸੀ ਤਾਂ ਇਸ ਦੌਰਾਨ ਦਫ਼ਤਰ ਦੀ ਤੀਜੀ ਮੰਜ਼ਲ ’ਤੇ ਇਕ ਕਮਰੇ ਵਿੱਚ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਦੇਖਿਆ ਕਿ ਕਮਰਾ ਨੰਬਰ 415 ’ਚੋਂ ਧੂੰਆਂ ਨਿਕਲ ਰਿਹਾ ਸੀ। ਦਰਵਾਜਾ ਖੋਲ੍ਹ ਕੇ ਚੈੱਕ ਕਰਨ ’ਤੇ ਕਮਰੇ\ਦਫ਼ਤਰ ’ਚੋਂ ਜਲਣ ਦੀ ਬਦਬੂ ਆ ਰਹੀ ਸੀ। ਇਸ ਮਗਰੋਂ ਪਤਾ ਲੱਗਾ ਕਿ ਇਕ ਪ੍ਰਜੈਕਟਾਈਲ ਨੁਮਾ ਯੰਤਰ ਬਾਹਰੋਂ ਕੰਧ ਵਿੱਚ ਵੱਜ ਕੇ ਤਾਕੀ ਦੇ ਸ਼ੀਸ਼ੇ ਤੋੜਦਾ ਹੋਇਆ ਕਮਰੇ ਦੀ ਛੱਤ ਵਿੱਜ ਵੱਜ ਕੇ ਫਰਸ਼ ’ਤੇ ਪਈ ਕਰਸੀ ਉੱਤੇ ਡਿੱਗਿਆ ਪਿਆ ਹੈ। ਉਪਰੰਤ ਉਸ ਨੇ ਸੀਨੀਅਰ ਅਫ਼ਸਰਾਂ ਨੂੰ ਇਤਲਾਹ ਦਿੱਤੀ।
ਉਧਰ, ਪੁਲੀਸ ਨੇ ਮੁਲਜ਼ਮਾਂ ਦੀ ਪੈੜ ਨੱਪਣ ਲਈ ਇੰਟੈਲੀਜੈਂਸ ਵਿੰਗ ਦਫ਼ਤਰ ਦੇ ਨੇੜਲੇ ਮੋਬਾਈਲ ਟਾਵਰਾਂ ਦੀ ਰੇਂਜ ਵਿੱਚ ਆਉਣ ਵਾਲੇ ਕਰੀਬ 7 ਹਜ਼ਾਰ ਮੋਬਾਈਲ ਫੋਨਾਂ ਦਾ ਡੰਪ ਚੁੱਕਿਆ ਹੈ ਅਤੇ ਇਸ ਖੇਤਰ ਵਿੱਚ ਜ਼ਿਆਦਾ ਸਮਾਂ ਰਹੇ ਵਿਅਕਤੀਆਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾ ਰਿਹਾ ਹੈ। ਮੁੱਢਲੀ ਜਾਂਚ ਵਿੱਚ ਸੀਸੀਟੀਵੀ ਫੁਟੇਜ ਵਿੱਚ ਇਕ ਸ਼ੱਕੀ ਸਵਿਫ਼ਟ ਕਾਰ ਵੀ ਇੰਟੈਲੀਜੈਂਸ ਵਿੰਗ ਦੇ ਨੇੜੇ ਗੇੜੇ ਮਾਰਦੀ ਨਜ਼ਰ ਆ ਰਹੀ ਹੈ। ਇਸ ਕਾਰ ਵਿੱਚ 3-4 ਵਿਅਕਤੀ ਸਵਾਰ ਦੱਸੇ ਜਾ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹਮਲਾਵਰਾਂ ਵੱਲੋਂ ਰੈਕੀ ਕੀਤੀ ਗਈ ਸੀ। ਦਫ਼ਤਰ ਨੂੰ ਜਾਣ ਵਾਲੀ ਸੜਕ ’ਤੇ ਟੀ-ਪੁਆਇੰਟ ਉੱਤੇ ਪੁਲੀਸ ਵੱਲੋਂ ਬੈਰੀਕੇਟਿੰਗ ਕੀਤੀ ਗਈ ਹੈ। ਅੱਜ ਵੀ ਇੱਧਰ ਕਿਸੇ ਬਾਹਰੀ ਵਿਅਕਤੀ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਸੀ। ਇੱਥੋਂ ਤੱਕ ਦਫ਼ਤਰੀ ਸਟਾਫ਼ ਨੂੰ ਵੀ ਆਪਣੇ ਕੋਈ ਬੈਗ ਨਹੀਂ ਲਿਜਾਉਣ ਦਿੱਤਾ ਗਿਆ।
ਦਫ਼ਤਰ ਬਾਹਰ ਨਾਕੇ ’ਤੇ ਤਾਇਨਾਤ ਪੁਲੀਸ ਮੁਲਾਜ਼ਮ ਅੱਜ ਦਿਨ ਵਿੱਚ ਵੀ ਦਫ਼ਤਰ ਆਉਣ ਵਾਲੇ ਇੱਥੋਂ ਤੱਕ ਕਿ ਸਿਵਲ ਵਰਦੀ ਵਿੱਚ ਪੁਲੀਸ ਅਧਿਕਾਰੀਆਂ ਅਤੇ ਉਨ੍ਹਾਂ ਨਾਲ ਤਾਇਨਾਤ ਕਰਮਚਾਰੀਆਂ ਤੋਂ ਵੀ ਡੂੰਘਾਈ ਨਾਲ ਪੁੱਛ ਪੜਤਾਲ ਕਰਦੇ ਦੇਖੇ ਗਏ ਹਨ। ਪੁੱਛਗਿੱਛ ਤੋਂ ਬਾਅਦ ਹੀ ਸਬੰਧਤ ਨੂੰ ਆਉਣ ਤੇ ਜਾਣ ਦਿੱਤਾ ਜਾ ਰਿਹਾ ਸੀ। ਇਸ ਹਮਲੇ ਤੋਂ ਬਾਅਦ ਮੁਹਾਲੀ ਕੌਮਾਂਤਰੀ ਏਅਰਪੋਰਟ ਅਤੇ ਰੇਲਵੇ ਸਟੇਸ਼ਨ ’ਤੇ ਵੀ ਸੁਰੱਖਿਆ ਵਧਾਈ ਗਈ ਹੈ। ਫੋਰੈਂਸਿਕ ਟੀਮਾਂ ਨੇ ਵੀ ਘਟਨਾ ਸਥਾਨ ਤੋਂ ਕਈ ਸੈਂਪਲ ਲਏ ਗਏ ਹਨ।