
ਪੱਕਾ ਮੋਰਚਾ: ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੀ ਬਰਸੀ ਮਨਾਈ, ਪਰਿਵਾਰਾਂ ਦਾ ਸਨਮਾਨ
ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੀ ਕੁਰਬਾਨੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਦਾ ਮੁੱਢ ਬੰਨ੍ਹਿਆ: ਚਾਹਲ
ਬੰਦੀ ਸਿੰਘਾਂ ਦੇ ਪਰਿਵਾਰਾਂ ਨੇ ਸੰਗਤ ਨੂੰ ਪੱਕੇ ਮੋਰਚੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਕੀਤੀ ਅਪੀਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਾਰਚ:
ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਸਮੇਤ ਹੋਰ ਸਿੱਖ ਮਸਲਿਆਂ ਬਾਰੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦਾ ਪੱਕਾ ਮੋਰਚਾ ਜਾਰੀ ਹੈ। ਅੱਜ ਇੱਥੇ ਕੌਮੀ ਇਨਸਾਫ਼ ਮੋਰਚੇ ਵੱਲੋਂ ਪੱਕਾ ਮੋਰਚਾ ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੀ ਬਰਸੀ ਮਨਾਈ ਗਈ। ਬਰਸੀ ਸਮਾਗਮ ਵਿੱਚ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖ ਕੈਦੀਆਂ ਦੇ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਐਡਵੋਕੇਟ ਅਮਰ ਸਿੰਘ ਚਾਹਲ ਨੇ ਕਿਹਾ ਕਿ ਭਾਈ ਗੁਰਬਖ਼ਸ਼ ਸਿੰਘ ਖਾਲਸਾ ਨੇ ਪੰਥ ਲਈ ਵੱਡੀ ਕੁਰਬਾਨੀ ਦਿੱਤੀ ਹੈ। ਜਿਸ ਸਦਕਾ ਬੰਦੀ ਸਿੰਘਾਂ ਦੀ ਰਿਹਾਈ ਲਈ ਲੋਕ ਲਹਿਰ ਪੈਦਾ ਹੋਈ। ਅਕਾਲ ਯੂਥ ਜਥੇਬੰਦੀ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਨੇ ਕਿਹਾ ਕਿ ਸਿੱਖ ਮਸਲਿਆਂ ਲਈ ਭਾਈ ਗੁਰਬਖ਼ਸ਼ ਸਿੰਘ ਖਾਲਸਾ ਨੂੰ ਕਈ ਵਾਰ ਜੇਲ੍ਹ ਵਿੱਚ ਜਾਣਾ ਪਿਆ। ਹਾਕਮਾਂ ਨੇ ਝੂਠੇ ਪਰਚੇ ਵੀ ਦਰਜ ਕੀਤੇ ਗਏ ਅਤੇ ਉਹ ਪਹਿਲੀ ਵਾਰ 1982 ਵਿੱਚ ਫਿਰ 86, ਫਿਰ 1994 ਵਿੱਚ ਜੇਲ੍ਹ ਗਏ। ਉਨ੍ਹਾਂ ਨੂੰ 10 ਸਾਲ ਦੀ ਸਜਾ ਵੀ ਹੋਈ ਪ੍ਰੰਤੂ ਇਸ ਦੇ ਬਾਵਜੂਦ ਉਨ੍ਹਾਂ ਸੰਘਰਸ਼ ਜਾਰੀ ਰੱਖਿਆ।
ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੀ ਭੁੱਖ-ਹੜਤਾਲ ਸਦਕਾ ਤਿੰਨ ਬੰਦੀ ਸਿੰਘਾਂ ਨੂੰ ਪੈਰੋਲ ਮਿਲੀ ਅਤੇ ਭਾਈ ਵਰਿਆਮ ਸਿੰਘ ਦੀ ਪੱਕੀ ਰਿਹਾਈ ਸੰਭਵ ਹੋ ਸਕੀ। ਕੌਮ ਨੂੰ ਅਜਿਹੇ ਯੋਧਿਆਂ ’ਤੇ ਹਮੇਸ਼ਾ ਮਾਣ ਰਾਹੇਗਾ। ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਵਕੀਲ ਦਿਲਸ਼ੇਰ ਸਿੰਘ ਨੇ ਦੱਸਿਆ ਕਿ ਬਰਸੀ ਸਮਾਗਮ ਦੌਰਾਨ ਬਾਪੂ ਗੁਰਚਰਨ ਸਿੰਘ, ਵਕੀਲ ਅਮਰ ਸਿੰਘ ਚਾਹਲ, ਜਥੇਦਾਰ ਰਾਜਾ ਰਾਜ ਸਿੰਘ, ਵਕੀਲ ਗੁਰਸ਼ਰਨ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਬਲਬੀਰ ਸਿੰਘ ਹਿਸਾਰ ਵੱਲੋਂ ਭਾਈ ਗੁਰਬਖ਼ਸ਼ ਸਿੰਘ ਦੇ ਸਮੁੱਚੇ ਪਰਿਵਾਰ ਅਤੇ ਪਿਛਲੇ ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਭਾਈ ਸ਼ਮਸ਼ੇਰ ਸਿੰਘ ਅਤੇ ਭਾਈ ਗੁਰਮੀਤ ਸਿੰਘ ਅਤੇ ਸ਼ਹੀਦ ਭਾਈ ਕੁਲਬੀਰ ਸਿੰਘ ਦੇ ਪਰਿਵਾਰਾਂ ਦਾ ਜੈਕਾਰਿਆਂ ਦੀ ਗੂੰਜ ਵਿੱਚ ਸਨਮਾਨ ਕੀਤਾ ਗਿਆ। ਭਾਈ ਗੁਰਬਖ਼ਸ਼ ਸਿੰਘ ਦੇ ਪਿਤਾ ਅਜੀਤ ਸਿੰਘ ਅਤੇ ਬੰਦੀ ਸਿੰਘਾਂ ਦੇ ਪਰਿਵਾਰਾਂ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਕੌਮੀ ਇਨਸਾਫ਼ ਮੋਰਚੇ ਵੱਲੋਂ ਸਮੂਹ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਲਗਾਏ ਗਏ ਪੱਕੇ ਮੋਰਚੇ ਨੂੰ ਸਮਰਥਨ ਦੇਣ ਲਈ ਅੱਗੇ ਆਉਣ।