ਪੱਕਾ ਮੋਰਚਾ: ਦਲਿਤ ਸੰਗਠਨਾਂ ਨੇ ਝਾੜੂ ਫੂਕ ਕੇ ਪੰਜਾਬ ਦੀ ‘ਆਪ’ ਸਰਕਾਰ ਵਿਰੁੱਧ ਕੀਤਾ ਰੋਸ ਮੁਜ਼ਾਹਰਾ

ਦਲਿਤ ਵਰਗ ਦੇ ਲੋਕਾਂ ਨੂੰ ਇਨਸਾਫ਼ ਲਈ ਸੜਕਾਂ ’ਤੇ ਆਉਣ ਲਈ ਮਜਬੂਰ ਕਰ ਰਹੀ ਹੈ ਸਰਕਾਰ: ਦਲਿਤ ਆਗੂ

ਨਬਜ਼-ਏ-ਪੰਜਾਬ, ਮੁਹਾਲੀ, 28 ਜਨਵਰੀ:
ਐਸਸੀ\ਬੀਸੀ ਮਹਾਂ-ਪੰਚਾਇਤ ਦੇ ਝੰਡੇ ਥੱਲੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਵੱਲੋਂ ਮੁਹਾਲੀ ਵਿੱਚ ਸ਼ੁਰੂ ਕੀਤਾ ਪੱਕਾ ਮੋਰਚਾ ਐਤਵਾਰ ਨੂੰ 39ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਅੱਜ ਵੱਖ-ਵੱਖ ਦਲਿਤ ਸੰਗਠਨਾਂ ਦੇ ਨੁਮਾਇੰਦਿਆਂ ਅਤੇ ਪੱਕੇ ਮੋਰਚੇ ਦੇ ਆਗੂਆਂ ਨੇ ਇੱਥੋਂ ਦੇ ਫੇਜ਼-7 ਸਥਿਤ ਟਰੈਫ਼ਿਕ ਲਾਈਟ ਪੁਆਇੰਟ ’ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ। ਧਰਨਾਕਾਰੀਆਂ ਨੇ ਕੁੱਝ ਸਮੇਂ ਲਈ ਆਵਾਜਾਈ ਬੰਦ ਕਰਕੇ ਚੌਂਕ ਵਿਚਕਾਰ ਆਮ ਆਦਮੀ ਪਾਰਟੀ ਦਾ ਝਾੜੂ ਫੂਕ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਮੋਰਚੇ ਦੇ ਆਗੂ ਜਸਵੀਰ ਸਿੰਘ ਪਮਾਲੀ ਅਤੇ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਦਲਿਤ ਵਰਗ ਦੇ ਲੋਕ ਹੱਡ ਚੀਰਵੀਂ ਠੰਢ ਵਿੱਚ ਪਿਛਲੇ 39 ਦਿਨਾਂ ਤੋਂ ਧਰਨਾ ਲਗਾ ਕੇ ਬੈਠੇ ਹਨ ਪ੍ਰੰਤੂ ਪੰਜਾਬ ਸਰਕਾਰ ਅਤੇ ‘ਆਪ’ ਲੀਡਰਸ਼ਿਪ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੀਆਂ ਫੋਟੋਆਂ ਲਗਾਉਣ ਨਾਲ ਕੁੱਝ ਨਹੀਂ ਹੋਣਾ ਸਮੇਂ ਦੇ ਹੁਕਮਰਾਨਾਂ ਨੂੰ ਐਸਸੀ\ਬੀਸੀ ਸਮਾਜ ਪ੍ਰਤੀ ਆਪਣੀ ਸੋਚ ਵੀ ਬਦਲਣੀ ਹੋਵੇਗੀ।
ਬੁਲਾਰਿਆਂ ਨੇ ਕਿਹਾ ਕਿ ਐਸਸੀ\ਬੀਸੀ ਸਮਾਜ ਦੇ ਹੱਕਾਂ ਉੱਤੇ ਡਾਕਾ ਮਾਰਨ ਅਤੇ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ ਵਿਅਕਤੀਆਂ ਅਤੇ ਜ਼ਿੰਮੇਵਾਰ ਅਫ਼ਸਰਾਂ ਨੂੰ ਫੜਾਉਣ ਵਾਲੇ ਸੰਘਰਸ਼ਸ਼ੀਲ ਆਗੂਆਂ ’ਤੇ ਝੂਠੇ ਪਰਚੇ ਦਰਜ ਕਰਕੇ ਦਲਿਤਾਂ ਦੀ ਆਵਾਜ਼ ਨੂੰ ਕੁਚਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੰਗਲ ਰਾਜ ਹੈ ਅਤੇ ਇਨਸਾਫ਼ ਮੰਨਣ ਵਾਲਿਆਂ ਦੀ ਬਾਂਹ ਫੜਨ ਦੀ ਥਾਂ ਉਨ੍ਹਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਸੁੱਟਿਆਂ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਬਲਵੀਰ ਸਿੰਘ ਆਲਮਪੁਰ ਨਾਲ ਸਰਕਾਰ ਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਡਰਾਬਿਆਂ ਤੋਂ ਦਲਿਤ ਸਮਾਜ ਡਰਨ ਵਾਲਾ ਨਹੀਂ ਹੈ। ਇਸ ਮੌਕੇ ਇਕ ਸਾਂਝਾ ਮਤਾ ਪਾਸ ਕਰਕੇ ਦਲਿਤ ਵਰਗ ਨਾਲ ਸਬੰਧਤ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦੇ ਕੇ 15 ਦਿਨ ਦਾ ਅਲਟੀਮੇਟਮ ਦੇਣ ਦਾ ਫ਼ੈਸਲਾ ਲਿਆ ਗਿਆ। ਜੇਕਰ ਇਸ ਦੌਰਾਨ ਸਰਕਾਰ ਨੇ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ ਅਤੇ ਮਰੀ ਹੋਈ ਜ਼ਮੀਰ ਵਾਲੇ ਆਗੂਆਂ ਦਾ ਭੋਗ ਪਾਇਆ ਜਾਵੇਗਾ।
ਰੇਸ਼ਮ ਸਿੰਘ ਕਾਹਲੋਂ ਨੇ ਕਿਹਾ ਕਿ ਰਿਜ਼ਰਵ ਸੀਟਾਂ ਤੋਂ ਚੋਣਾਂ ਜਿੱਤਣ ਵਾਲੇ ਆਗੂਆਂ ਦਾ ਹੁਣ ਸਮਾਜ ਡੱਟ ਕੇ ਵਿਰੋਧ ਕਰੇਗਾ। ਲਖਵੀਰ ਸਿੰਘ ਵਡਾਲਾ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਕਿਸੇ ਵੀ ਵਿਧਾਇਕ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ਅਤੇ ਚੋਣਾਂ ਦੌਰਾਨ ਹੁਕਮਰਾਨਾਂ ਵਿਰੁੱਧ ਭੰਡੀ ਪ੍ਰਚਾਰ ਕੀਤਾ ਜਾਵੇਗਾ।
ਇਸ ਮੌਕੇ ਬਲਜੀਤ ਸਿੰਘ ਕਕਰਾਲੀ, ਸਿਮਰਨਜੀਤ ਸ਼ੈਂਕੀ, ਰਾਜਿੰਦਰ ਸਿੰਘ ਜੋਧਾ, ਅਵਤਾਰ ਸਿੰਘ ਸੈਂਪਲਾਂ, ਜੇਲ੍ਹ ਵਿੱਚ ਸੁੱਟੇ ਦਲਿਤ ਆਗੂ ਬਲਵੀਰ ਸਿੰਘ ਆਲਮਪੁਰ ਦੀ ਮਾਤਾ ਹਰਮੇਸ਼ ਕੌਰ, ਪਤਨੀ ਹਰਜੀਤ ਕੌਰ ਸਮੇਤ ਪ੍ਰਵੀਨ ਟਾਂਕ, ਤਰਸੇਮ ਸਿੰਘ, ਮਨਿੰਦਰ ਸਿੰਘ, ਅਜੀਤ ਸਿੰਘ ਮੁਹਾਲੀ, ਵਿਨੋਦ ਰਾਮ, ਐਡਵੋਕੇਟ ਵਿਕਰਾਂਤ, ਮੁਖ਼ਤਿਆਰ ਸਿੰਘ ਕਕਰਾਲਾ, ਕਰਮਜੀਤ ਸਿੰਘ, ਸਿਮਰਨਜੀਤ ਕੌਰ ਵਡਾਲਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮਾਲਵਿੰਦਰ ਮਾਲੀ ਕੇਸ: ਹਾਈ ਕੋਰਟ ਵਿੱਚ ਹੁਣ 28 ਨੂੰ ਹੋਵੇਗੀ ਸੁਣਵਾਈ, ਸਰਕਾਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ

ਮਾਲਵਿੰਦਰ ਮਾਲੀ ਕੇਸ: ਹਾਈ ਕੋਰਟ ਵਿੱਚ ਹੁਣ 28 ਨੂੰ ਹੋਵੇਗੀ ਸੁਣਵਾਈ, ਸਰਕਾਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ ਮਾ…