
ਪੱਕਾ ਮੋਰਚਾ: ਦੀਪ ਸਿੱਧੂ ਦੀ ਯਾਦ ਵਿੱਚ ਪੈਦਲ ਮਾਰਚ, ਸੜਕਾਂ ’ਤੇ ਗੂੰਜੇ ਦੀਪ ਸਿੱਧੂ ਅਮਰ ਰਹੇ ਦੇ ਨਾਅਰੇ
ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਧਰਨਾ ਜਾਰੀ, 31 ਮੈਂਬਰੀ ਵਫ਼ਦ ਵੱਲੋਂ ਮੁੜ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸਮੇਤ ਹੋਰ ਸਿੱਖ ਮਸਲਿਆਂ ਨੂੰ ਲੈ ਕੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਦਾ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਪੱਕਾ ਮੋਰਚਾ ਜਾਰੀ ਹੈ। ਅੱਜ ਵੱਡੀ ਗਿਣਤੀ ਨੌਜਵਾਨਾਂ ਨੇ ਮਸ਼ਹੂਰ ਅਦਾਕਾਰ ਮਰਹੂਮ ਦੀਪ ਸਿੱਧੂ ਦੀ ਯਾਦ ਵਿੱਚ ਸ਼ਹਿਰ ਵਿੱਚ ਪੈਦਲ ਮਾਰਚ ਕੀਤਾ ਅਤੇ ਦੀਪ ਸਿੱਧੂ ਅਮਰ ਰਹੇ ਦੇ ਨਾਅਰੇ ਲਾਏ। ਜ਼ਿਕਰਯੋਗ ਹੈ ਕਿ ਅਦਾਕਾਰ ਦੀਪ ਸਿੱਧੂ ਦੀ ਸਾਲ ਪਹਿਲਾਂ ਸੜਕ ਹਾਦਸੇ ਵਿੱਚ ਭੇਦਭਰੀ ਹਾਲਤ ’ਚ ਮੌਤ ਹੋ ਗਈ ਸੀ।
ਪੱਕੇ ਮੋਰਚੇ ਤੋਂ ਅੱਜ ਸ਼ਾਮ ਸ਼ੁਰੂ ਹੋਏ ਪੈਦਲ ਮਾਰਚ ਵਿੱਚ ਸ਼ਾਮਲ ਨੌਜਵਾਨਾਂ ਨੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਬੈਠ ਕੇ ਅਰਦਾਸ ਕੀਤੀ ਅਤੇ ਆਪਣੇ ਮਹਿਬੂਬ ਨੇਤਾ ਨੂੰ ਸ਼ਰਧਾਂਜਲੀ ਭੇਟ ਕੀਤੀ। ਉਪਰੰਤ ਫੇਜ਼-7 ਦੀ ਮਾਰਕੀਟ ਤੋਂ ਹੁੰਦਾ ਹੋਇਆ ਇਹ ਪੈਦਲ ਮਾਰਚ ਪੱਕੇ ਮੋਰਚੇ ਨੇੜੇ ਵਾਈਪੀਐਸ ਚੌਕ ’ਤੇ ਪਹੁੰਚ ਕੇ ਦੇਰ ਸ਼ਾਮ ਸਮਾਪਤ ਹੋਇਆ। ਨੌਜਵਾਨਾਂ ਨੇ ਦੱਸਿਆ ਕਿ ਮੁਹਾਲੀ ਵਿੱਚ ਪੱਕੇ ਮੋਰਚੇ ਵਾਲੀ ਥਾਂ ਭਲਕੇ ਵੀਰਵਾਰ ਨੂੰ ਨੌਜਵਾਨਾਂ ਵੱਲੋਂ ਮਰਹੂਮ ਅਦਾਕਾਰ ਦੀਪ ਸਿੱਧੂ ਦੀ ਪਹਿਲੀ ਬਰਸੀ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਜਾਣਗੇ। ਜਿਨ੍ਹਾਂ ਦੇ ਭੋਗ 18 ਫਰਵਰੀ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਉਪਰੰਤ ਗੁਰਬਾਣੀ ਕੀਰਤਨ ਹੋਵੇਗਾ।
ਉਧਰ, ਇਸ ਤੋਂ ਪਹਿਲਾਂ ਦੁਪਹਿਰ ਵੇਲੇ ਕੌਮੀ ਇਨਸਾਫ਼ ਮੋਰਚੇ ਦੇ ਬੈਨਰ ਹੇਠ ਗੁਰਪ੍ਰੀਤ ਸਿੰਘ ਗੱਗੂ ਪੰਧੇਰ ਦੀ ਅਗਵਾਈ ਵਾਲੇ 31 ਮੈਂਬਰੀ ਵਫ਼ਦ ਨੇ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਵੱਲ ਵਧਣ ਦਾ ਯਤਨ ਕੀਤਾ ਪ੍ਰੰਤੂ ਮੁਹਾਲੀ-ਯੂਟੀ ਦੇ ਐਂਟਰੀ ਪੁਆਇੰਟ ’ਤੇ ਤਾਇਨਾਤ ਭਾਰੀ ਪੁਲੀਸ ਬਲ ਨੇ ਪ੍ਰਦਰਸ਼ਨਕਾਰੀਆਂ ਦਾ ਰਾਹ ਡੱਕ ਲਿਆ। ਪੁਲੀਸ ਵੱਲੋਂ ਰੋਕੇ ਜਾਣ ’ਤੇ ਪ੍ਰਦਰਸ਼ਨਕਾਰੀ ਉੱਥੇ ਸ਼ਾਂਤਮਈ ਧਰਨੇ ’ਤੇ ਬੈਠ ਗਏ ਅਤੇ ਗੁਰਬਾਣੀ ਦਾ ਜਾਪ ਸ਼ੁਰੂ ਕਰ ਦਿੱਤਾ। ਕਰੀਬ ਦੋ ਤਿੰਨ ਘੰਟੇ ਬਾਅਦ ਸਾਰੇ ਧਰਨਾਕਾਰੀ ਮੁੜ ਪੱਕੇ ਮੋਰਚੇ ਵਾਲੀ ਥਾਂ ’ਤੇ ਚਲੇ ਗਏ।
ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਬਾਪੂ ਗੁਰਚਰਨ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਦਿਲਸ਼ੇਰ ਸਿੰਘ ਅਤੇ ਗੁਰਸ਼ਰਨ ਸਿੰਘ ਨੇ ਮੁੜ ਦੁਹਰਾਇਆ ਕਿ ਜਦੋਂ ਤੱਕ ਸਮੇਂ ਦੀਆਂ ਸਰਕਾਰਾਂ ਸਿੱਖਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਨਹੀਂ ਕਰ ਲੈਂਦੀਆਂ, ਉਦੋਂ ਸੰਘਰਸ਼ ਜਾਰੀ ਰਹੇਗਾ।