ਪੱਕਾ ਮੋਰਚਾ: ਜਗਤਾਰ ਸਿੰਘ ਹਵਾਰਾ ਦੇ ਪਿੰਡੋਂ ਪੁੱਜੇ ਹਿੰਦੂ ਭਾਈਚਾਰੇ ਨੇ ਕੀਤੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ

ਭਲਾ ਮਾਣਸ ਹੈ ਜਗਤਾਰ ਹਵਾਰਾ, ਆਪਣਾ ਘਰ ਬਰਬਾਦ ਕਰ ਲਿਆ ਪਰ ਸਾਨੂੰ ਤੱਤੀ ਵਾਅ ਨਾ ਲੱਗਣ ਦਿੱਤੀ: ਰੂਪ ਚੰਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ:
ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਸਮੇਤ ਹੋਰ ਸਿੱਖ ਮਸਲਿਆਂ ਬਾਰੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦਾ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਪੱਕਾ ਮੋਰਚਾ ਜਾਰੀ ਹੈ। ਸਿੱਖ ਅਤੇ ਇਨਸਾਫ਼ ਪਸੰਦ ਲੋਕ ਠੰਢ ਵਿੱਚ ਲੜੀਵਾਰ ਧਰਨੇ ਉੱਤੇ ਬੈਠੇ ਹਨ ਅਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸੰਗਤ ਜੁੜ ਰਹੀ ਹੈ। ਅੱਜ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਜੱਦੀ ਪਿੰਡ ਅਤੇ ਨੇੜਲੇ ਪਿੰਡਾਂ ’ਚੋਂ ਹਿੰਦੂ ਭਾਈਚਾਰੇ ਦਾ ਵੱਡਾ ਜਥਾ ਪੱਕੇ ਮੋਰਚੇ ਵਿੱਚ ਪੁੱਜਾ। ਸਿੱਖ ਸੰਘਰਸ਼ ਵਿੱਚ ਪਹੁੰਚਣ ’ਤੇ ਇਨ੍ਹਾਂ ਪਰਿਵਾਰਾਂ ਬਾਪੂ ਗੁਰਚਰਨ ਸਿੰਘ ਸਮੇਤ ਹੋਰਨਾਂ ਪ੍ਰਬੰਧਕਾਂ ਨੇ ਨਿੱਘਾ ਸਵਾਗਤ ਕੀਤਾ।
ਐਡਵੋਕੇਟ ਦਿਲਸ਼ੇਰ ਸਿੰਘ, ਭਾਈ ਬਲਵਿੰਦਰ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਕਿਹਾ ਕਿ ਪਿੰਡ ਹਵਾਰਾ ਸਮੇਤ ਹੋਰਨਾਂ ਨੇੜਲੇ ਪਿੰਡਾਂ ’ਚੋਂ ਹਿੰਦੂ ਸਮਾਜ ਦੇ ਲੋਕਾਂ ਦਾ ਧਰਨੇ ਵਿੱਚ ਪਹੁੰਚਣ ਨਾਲ ਪੱਕੇ ਮੋਰਚੇ ਨੂੰ ਨੈਤਿਕ ਅਤੇ ਸਿਧਾਂਤਕ ਬਲ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵੀਰਾਂ ਭੈਣਾਂ ਦੇ ਪਹੁੰਚਣ ਨਾਲ ਜ਼ਾਲਮ ਸਰਕਾਰਾਂ ਅਤੇ ਪੰਥ ਦੋਖੀਆਂ ਵੱਲੋਂ ਸਿੱਖ ਕੈਦੀਆਂ ਨੂੰ ਕੱਟੜਤਾ ਨਾਲ ਜੋੜ ਕੇ ਹਿੰਦੂ ਵਿਰੋਧੀ ਹੋਣ ਬਾਰੇ ਕੀਤਾ ਜਾ ਰਿਹਾ ਫ਼ਿਰਕਾਪ੍ਰਸਤ ਪ੍ਰਚਾਰ ਅੱਜ ਜੜ੍ਹ ਤੋਂ ਹਿੱਲ ਗਿਆ ਹੈ। ਹਵਾਰਾ ਪਿੰਡ ਤੋਂ ਪੁੱਜੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਜਗਤਾਰ ਸਿੰਘ ਬੇਹੱਦ ਮਿਲਣਸਾਰ ਅਤੇ ਸਰਬੱਤ ਦੇ ਭਲੇ ਦੀ ਸੋਚ ਰੱਖਣ ਵਾਲਾ ਤੇ ਭਲਾ ਮਾਣਸ ਇਨਸਾਨ ਹੈ।

ਪੰਡਤ ਰੂਪ ਚੰਦ ਨੇ ਹਵਾਰਾ ਪਰਿਵਾਰ ਨਾਲ ਆਪਣੀ ਸਾਂਝ ਅਤੇ ਸਿੱਖ ਨੌਜਵਾਨ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਵਿਸ਼ਾਲ ਹਿਰਦੇ ਵਾਲਾ ਮਨੁੱਖਤਾ ਦਾ ਦਰਦ ਸਮਝਣ ਵਾਲਾ ਸੱਚਾ ਸੁੱਚਾ ਸੂਰਮਾ ਹੈ। ਰੂਪ ਚੰਦ ਅਨੁਸਾਰ ਉਹ ਇਕੱਠੇ ਖੇਡੇ ਅਤੇ ਪੜ੍ਹੇ ਹਨ। ਉਨ੍ਹਾਂ ਕਿਹਾ ਕਿ ਜਗਤਾਰ ਜ਼ਬਰ ਦੇ ਖ਼ਿਲਾਫ਼ ਸੀ ਨਾ ਕਿ ਹਿੰਦੂ ਭਾਈਚਾਰੇ ਦਾ ਵਿਰੋਧੀ ਸੀ। ਉਨ੍ਹਾਂ ਕਿਹਾ ਕਿ ਪਿੰਡ ਹਵਾਰਾ ਨੂੰ ਉਨ੍ਹਾਂ ਦੀ ਜੇਲ੍ਹ ਜ਼ਿੰਦਗੀ ਕਰਕੇ ਵੱਡਾ ਘਾਟਾ ਪਿਆ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਜਦੋਂ ਇਸ ਨੌਜਵਾਨ ਨੇ ਆਪਣੇ ਜੁਰਮ ਦੀਆਂ ਸਜਾ ਪੂਰੀ ਕਰ ਲਈ ਹੈ ਤਾਂ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਹਿੰਦੂ ਭਾਈਚਾਰੇ ਦੇ ਲੋਕ ਕੌਮੀ ਇਨਸਾਫ਼ ਮੋਰਚੇ ਨਾਲ ਡਟ ਕੇ ਖੜੇ ਹਨ। ਪ੍ਰਬੰਧਕਾਂ ਵੱਲੋਂ ਜੋ ਵੀ ਜ਼ਿੰਮੇਵਾਰੀ ਜਾਂ ਸੇਵਾ ਲਾਈ ਜਾਵੇਗੀ, ਉਸ ’ਤੇ ਖਰਾ ਉੱਤਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੌਕੇ ਤਰਸੇਮ ਲਾਲ, ਸ਼ਿਵ ਕੁਮਾਰ, ਪਿਆਰੇ ਲਾਲ, ਡਾ. ਹਰਦੇਵ, ਮਦਨ ਲਾਲ, ਦੇਵ ਅਗਨੀਹੋਤਰੀ, ਗੁਰਦੀਪ ਸਿੰਘ, ਪ੍ਰਗਟ ਸਿੰਘ, ਗੁਰਦੀਪ ਸਿੰਘ ਫੌਜੀ, ਜਰਨੈਲ ਸਿੰਘ, ਕਿਸਾਨ ਆਗੂ ਕਿਰਪਾਲ ਸਿੰਘ ਹਵਾਰਾ, ਸ਼ੇਰ ਸਿੰਘ, ਅਮਰੀਕ ਸਿੰਘ ਹੀਰਾ, ਸੁਖਵਿੰਦਰ ਸਿੰਘ ਅਤੇ ਸਵਰਨ ਸਿੰਘ ਹਵਾਰਾ ਸਮੇਤ ਹੋਰ ਪਤਵੰਤੇ ਮੌਜੂਦ ਸਨ।

ਉਧਰ, ਦੂਜੇ ਪਾਸੇ ਕੌਮੀ ਇਨਸਾਫ਼ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਦਾ ਫੋਨ ਟੇਪ ਕਰਨ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਸਿੱਖ ਆਗੂਆਂ ਨੇ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਹੈ। ਬਲਵਿੰਦਰ ਸਿੰਘ ਨੇ ਖ਼ੁਦ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਦਾ ਫੋਨ ਟੇਪ ਕੀਤਾ ਜਾ ਰਿਹਾ ਹੈ। ਜਿਸ ਰਾਹੀਂ ਪੱਕੇ ਮੋਰਚੇ ਅਤੇ ਉਨ੍ਹਾਂ ਦੀਆਂ ਪਰਿਵਾਰਕ ਗੱਲਾਂ ਵੀ ਕਿਸੇ ਵੱਲੋਂ ਸੁਣੀਆਂ ਜਾ ਰਹੀਆਂ ਹਨ, ਜੋ ਬਹੁਤ ਹੀ ਸ਼ਰਮਨਾਕ ਅਤੇ ਮੰਦਭਾਗੀ ਗੱਲ ਹੈ। ਸਿੱਖ ਆਗੂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਿਆ ਜਦੋਂ ਕਿਸੇ ਨੂੰ ਸੜਕ ’ਤੇ ਡਿੱਗਿਆ ਫੋਨ ਮਿਲਿਆ। ਕਿਸੇ ਤਰ੍ਹਾਂ ਇਹ ਮੋਬਾਈਲ ਫੋਨ ਉਨ੍ਹਾਂ ਕੋਲ ਪੁਹੰਚ ਗਿਆ। ਇਹ ਮੋਬਾਈਲ ਫੋਨ ਪੰਜਾਬ ਪੁਲੀਸ ਦੇ ਕਿਸੇ ਡੀਐਸਪੀ ਰੈਂਕ ਦੇ ਅਧਿਕਾਰੀ ਦਾ ਦੱਸਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਲਈ ਜਲਦੀ ਹੀ ਸ਼ਿਕਾਇਤ ਦਿੱਤੀ ਜਾਵੇਗੀ। ਐਡਵੋਕੇਟ ਗੁਰਸ਼ਰਨ ਸਿੰਘ ਨੇ ਕਿਹਾ ਕਿ ਸਿੱਖ ਆਗੂ ਦਾ ਫੋਨ ਟੇਪ ਕਰਨ ਸਬੰਧੀ ਜਲਦੀ ਹੀ ਡੀਜੀਪੀ ਨਾਲ ਮੁਲਾਕਾਤ ਕੀਤੀ ਜਾਵੇਗੀ।

Load More Related Articles

Check Also

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ ਮੁਹਾਲੀ ਵਿੱਚ ਰੋਜ਼ਾਨਾ ਵੱਖ-ਵੱਖ…