ਪੱਕਾ ਮੋਰਚਾ: ਪੰਜ ਪਿਆਰਿਆਂ ਦੀ ਅਗਵਾਈ ’ਚ ਕੱਢੇ ਜਾਣ ਵਾਲੇ ਇਨਸਾਫ਼ ਮਾਰਚ ਲਈ ਭਾਰੀ ਉਤਸ਼ਾਹ

ਪ੍ਰਬੰਧਕਾਂ ਨੇ ਨੌਜਵਾਨਾਂ ਨੂੰ ਮਾਰਚ ਵਿੱਚ ਹੁੱਲੜਬਾਜੀ ਨਾ ਕਰਨ ਦੀ ਦਿੱਤੀ ਹਦਾਇਤ

ਵਰ੍ਹਦੇ ਮੀਂਹ ਵਿੱਚ ਸਿੱਖ ਸੰਗਤਾਂ ਤੇ ਕਿਸਾਨਾਂ ਨੇ ਵੱਡੀ ਗਿਣਤੀ ’ਚ ਕੀਤੀ ਸ਼ਮੂਲੀਅਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ:
ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਸਮੇਤ ਹੋਰ ਸਿੱਖ ਮਸਲਿਆਂ ਬਾਰੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦਾ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਪੱਕਾ ਮੋਰਚਾ ਜਾਰੀ ਹੈ। ਅੱਜ ਵਰ੍ਹਦੇ ਮੀਂਹ ਵਿੱਚ ਸਿੱਖ ਅਤੇ ਇਨਸਾਫ਼ ਪਸੰਦ ਲੋਕ ਧਰਨੇ ’ਤੇ ਡਟੇ ਰਹੇ। ਮੰਗਲਵਾਰ ਨੂੰ ਗੈਰ ਸਿਆਸੀ ਕਿਸਾਨ ਮੋਰਚੇ ਦੀਆਂ ਦਰਜਨ ਤੋਂ ਵੱਧ ਜਥੇਬੰਦੀਆਂ ਨੇ ਸ਼ਿਰਕਤ ਕਰਕੇ ਕੌਮੀ ਇਨਸਾਫ਼ ਮੋਰਚੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਅਮਰ ਸਿੰਘ ਚਾਹਲ, ਬਲਵਿੰਦਰ ਸਿੰਘ ਤੇ ਦਿਲਸ਼ੇਰ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ 26 ਜਨਵਰੀ (ਗਣਤੰਤਰ ਦਿਵਸ) ਦੇ ਮੌਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਇਨਸਾਫ਼ ਮਾਰਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਸਜਾਵਾਂ ਦਿਵਾਉਣ ਲਈ ਬੀਤੀ 7 ਜਨਵਰੀ ਤੋਂ ਸਿੱਖ ਪੱਕਾ ਮੋਰਚਾ ਕੇ ਬੈਠੇ ਹਨ ਅਤੇ ਰੋਜ਼ਾਨਾ ਕਿਸਾਨਾਂ, ਇਨਸਾਫ਼ ਪਸੰਦ ਲੋਕ, ਨਿਹੰਗ ਜਥੇਬੰਦੀਆਂ, ਗਾਇਕ ਵੱਡੀ ਗਿਣਤੀ ਵਿੱਚ ਜੁੜ ਰਹੇ ਹਨ। ਲੇਕਿਨ ਹੁਣ ਤੱਕ ਸਰਕਾਰਾਂ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਰੋਸ ਵਜੋਂ ਮੁਹਾਲੀ ਵਿੱਚ ਇਨਸਾਫ਼ ਮਾਰਚ ਕੱਢਿਆ ਜਾਵੇਗਾ, ਜੋ ਸਵੇਰੇ 11 ਧਰਨਾ ਸਥਾਨ ਤੋਂ ਆਰੰਭ ਹੋਵੇਗਾ ਅਤੇ ਵਾਈਪੀਐਸ ਚੌਂਕ ਤੋਂ ਬੁੜੈਲ ਜੇਲ੍ਹ ਦੇ ਪਿੱਛੋਂ ਹੁੰਦਾ ਹੋਇਆ ਫੇਜ਼-9, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਟਰੈਫ਼ਿਕ ਲਾਈਟ ਪੁਆਇੰਟ, ਗੁਰਦੁਆਰਾ ਸ੍ਰੀ ਸਿੰਘ ਸਭਾ ਫੇਜ਼-11, ਬੈਸਟੈੱਕ ਮਾਲ, ਏਅਰਪੋਰਟ ਸੜਕ ’ਤੇ ਆਈਸਰ ਲਾਲ ਬੱਤੀ ਪੁਆਇੰਟ ਤੋਂ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਪਹੁੰਚੇਗਾ। ਉੱਥੋਂ ਅੱਗੇ ਕੁੰਭੜਾ ਚੌਂਕ, ਫੇਜ਼-7 ਲਾਲ ਬੱਤੀ ਚੌਕ ਤੋਂ ਚਾਵਲਾ ਚੌਂਕ, ਫੇਜ਼-3\5 ਦੀਆਂ ਲਾਈਟਾਂ, ਮਦਨਪੁਰ ਚੌਂਕ ਤੋਂ ਵਾਈਪੀਐਸ ਚੌਂਕ ਰਾਹੀਂ ਹੁੰਦਾ ਹੋਇਆ ਵਾਪਸ ਪੱਕੇ ਮੋਰਚੇ ਵਾਲੀ ਕਾਂ ਪਹੁੰਚ ਕੇ ਸਮਾਪਤ ਹੋਵੇਗਾ। ਇਸ ਮਾਰਚ ਵਿੱਚ ਸ਼ਹੀਦਾਂ ਅਤੇ ਬੰਦੀ ਸਿੰਘਾਂ ਦੇ ਪਰਿਵਾਰਕ ਮੈਂਬਰ, ਢਾਡੀ, ਕਵੀਸ਼ਰੀ ਅਤੇ ਨਿਹੰਗ ਜਥੇਬੰਦੀਆਂ ਸ਼ਮੂਲੀਅਤ ਕਰਨਗੇ।
ਵਕੀਲ ਦਿਲਸ਼ੇਰ ਸਿੰਘ ਨੇ ਕਿਹਾ ਕਿ ਮਾਰਚ ਵਿੱਚ ਸ਼ਮੂਲੀਅਤ ਕਰਨ ਨਾਲ ਸਰਕਾਰਾਂ ’ਤੇ ਦਬਾਅ ਬਣੇਗਾ ਅਤੇ ਮਾਰਚ ਵਿੱਚ ਅਨੁਸਾਸ਼ਨ ਨੂੰ ਹਰ ਹਾਲ ਵਿੱਚ ਬਹਾਲ ਰੱਖਿਆ ਜਾਵੇਗਾ। ਇਸ ਸਬੰਧੀ ਕੌਮੀ ਇਨਸਾਫ਼ ਮੋਰਚੇ ਵੱਲੋਂ ਸੇਵਾਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਬਾਪੂ ਗੁਰਚਰਨ ਸਿੰਘ ਨੇ ਨੌਜਵਾਨਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਇਨਸਾਫ਼ ਮਾਰਚ ਦੌਰਾਨ ਕਿਸੇ ਕਿਸਮ ਦੀ ਹੁੱਲੜਬਾਜ਼ੀ ਨਾ ਕੀਤੀ ਜਾਵੇ। ਸੀਨੀਅਰ ਵਕੀਲ ਅਮਰ ਸਿੰਘ ਚਾਹਲ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਸਿੱਖ ਪੰਥ ਨਾਲ ਧੱਕਾ ਕੀਤਾ ਹੈ, ਬਲਾਤਕਾਰੀ, ਰਾਜੀਵ ਗਾਂਧੀ ਨੂੰ ਮਾਰਨ ਵਾਲੇ ਬਰੀ ਕੀਤੇ ਜਾ ਸਕਦੇ ਹਨ ਪਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਅੱਜ ਸਮਾਗਮ ਵਿੱਚ ਵੱਖ-ਵੱਖ ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਹਾਜ਼ਰੀ ਲਗਵਾਈ। ਜਿਸ ਵਿੱਚ ਪੰਥਕ ਢਾਡੀ ਜਥਾ ਰਘਬੀਰ ਸਿੰਘ, ਸ਼ੇਰੇ-ਏ-ਪੰਜਾਬ ਕਵੀਸ਼ਰੀ ਜਥਾ ਗੁਰਮੀਤ ਸਿੰਘ ਝਾਮਪੁਰ ਵਾਲੇ ਉਚੇਚੇ ਤੌਰ ’ਤੇ ਪਹੁੰਚੇ।

ਉਧਰ, ਸੰਯੁਕਤ ਕਿਸਾਨ ਮੋਰਚਾ, ਕਿਸਾਨ ਯੂਨੀਅਨ ਏਕਤਾ, ਕਿਸਾਨ ਯੂਨੀਅਨ ਖੋਸਾ, ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ, ਲੋਕ ਭਲਾਈ ਵੈਲਫੇਅਰ ਸੁਸਾਇਟੀ, ਕਿਸਾਨ ਜਵਾਨ ਭਲਾਈ ਯੂਨੀਅਨ, ਦਸੂਹਾ ਗੰਨਾ ਸੰਘਰਸ਼ ਕਮੇਟੀ, ਪੱਗੜੀ ਸੰਭਾਲ ਲਹਿਰ, ਦੋਆਬਾ ਵੈਲਫੇਅਰ ਸੰਘਰਸ਼ ਕਮੇਟੀ, ਬੀਕੇਯੂ ਆਜ਼ਾਦ, ਕਿਸਾਨ ਯੂਨੀਅਨ ਮਾਝਾ, ਕਿਸਾਨ ਯੂਨੀਅਨ ਮਾਨਸਾ, ਪੰਜਾਬ ਕਿਸਾਨ ਮਜ਼ਦੂਰ ਯੂਨੀਅਨ, ਬਾਰਡਰ ਕਿਸਾਨ ਯੂਨੀਅਨ, ਕਿਸਾਨ ਮਜ਼ਦੂਰ ਸੰਘਰਸ਼ ਐਸੋਸੀਏਸ਼ਨ ਅਤੇ ਕਿਸਾਨ ਯੂਥ ਵਿੰਗ ਪੰਜਾਬ ਨੇ ਸ਼ਮੂਲੀਅਤ ਕੀਤੀ। ਮੰਚ ਸੰਚਾਲਨ ਪ੍ਰਗਟ ਸਿੰਘ ਨੇ ਕੀਤਾ।

Load More Related Articles

Check Also

ਵਿਜੀਲੈਂਸ ਵੱਲੋਂ ਬੀਡੀਪੀਓ ਦਫ਼ਤਰ ਦਾ ਸੁਪਰਡੈਂਟ 60 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਬੀਡੀਪੀਓ ਦਫ਼ਤਰ ਦਾ ਸੁਪਰਡੈਂਟ 60 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਨਬਜ਼-ਏ…