
ਪੱਕਾ ਮੋਰਚਾ: ਸਿੱਖ ਸੰਘਰਸ਼ ਦੀ ਹਮਾਇਤ ਵਿੱਚ ਅੱਗੇ ਆਏ ਇਨਸਾਫ਼ ਪਸੰਦ ਲੋਕ
ਅੰਮ੍ਰਿਤਪਾਲ ਸਿੰਘ ਖ਼ਾਲਸਾ ਸਮਰਥਕਾਂ ਦੇ ਵੱਡੇ ਕਾਫ਼ਲੇ ਨਾਲ ਅੱਜ ਪਹੁੰਚੇਗਾ ਮੁਹਾਲੀ
ਸਰਕਾਰ ਦੀਆਂ ਖ਼ੁਫ਼ੀਆ ਏਜੰਸੀਆਂ ਵੱਲੋਂ ਹਰ ਪਹਿਲੂ ’ਤੇ ਰੱਖੀ ਜਾ ਰਹੀ ਹੈ ਤਿੱਖੀ ਨਜ਼ਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜਨਵਰੀ:
ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਸਮੇਤ ਹੋਰ ਸਿੱਖ ਮਸਲਿਆਂ ਬਾਰੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦਾ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਪੱਕਾ ਮੋਰਚਾ ਜਾਰੀ ਹੈ। ਠੰਢ ਦੇ ਮੌਸਮ ਵਿੱਚ ਸਿੱਖ ਅਤੇ ਇਨਸਾਫ਼ ਪਸੰਦ ਲੋਕ ਬੀਤੀ 7 ਜਨਵਰੀ ਤੋਂ ਲੜੀਵਾਰ ਧਰਨੇ ’ਤੇ ਡਟੇ ਹੋਏ ਹਨ ਲੇਕਿਨ ਸਰਕਾਰਾਂ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ।
ਜਦੋਂਕਿ ਹੁਣ ਸਿੱਖ ਮਸਲਿਆਂ ਨੂੰ ਲੈ ਕੇ ਵਿਦੇਸ਼ੀ ਮੁਲਕਾਂ ਵਿੱਚ ਵੀ ਸੰਗਤ ਲਾਮਬੰਦ ਹੋ ਰਹੀ ਹੈ। ਪਿਛਲੇ ਦਿਨੀਂ ਅਮਰੀਕਾ ਵਿੱਚ ਵੀ ਰੋਸ ਵਿਖਾਵੇ ਕੀਤੇ ਗਏ ਹਨ ਅਤੇ ਅੱਜ ਜਰਮਨ ਦੀ ਸਿੱਖ ਸੰਗਤ ਵੱਲੋਂ ਕੌਮੀ ਇਨਸਾਫ਼ ਮੋਰਚੇ ਵਿੱਚ ‘ਬੰਦੀ ਸਿੰਘਾਂ ਦੀਆਂ ਫੋਟੋਆਂ ਵਾਲਾ ਕੌਮੀ ਕਲੰਡਰ ਜਾਰੀ ਕੀਤਾ ਗਿਆ।
ਉਧਰ, ਯੂਨਾਈਟਿਡ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪੱਕੇ ਮੋਰਚੇ ਦਾ ਸਮਰਥਨ ਕੀਤਾ। ਹਰਮਨਦੀਪ ਸਿੰਘ ਮੋਗਾ, ਭਾਈ ਹਰਜਿੰਦਰ ਸਿੰਘ ਕੌਮ ਲਈ 15 ਸਾਲ ਜੇਲ੍ਹ ਕੱਟਣ ਵਾਲਿਆਂ ਨੇ ਸਿੱਖ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਪਰਮਜੀਤ ਸਿੰਘ ਗਾਜੇਵਾਸ ਤੇ ਸੁਖਦੇਵ ਸਿੰਘ ਬਰਨਾਲਾ, ਦੀਪ ਸਿੱਧੂ ਦੇ ਚਾਚਾ ਬਿਧੀ ਸਿੰਘ ਸਮੇਤ ਹਜ਼ੂਰਾ ਸਿੰਘ, ਬਲਬੀਰ ਸਿੰਘ ਹਿਸਾਰ, ਦਵਿੰਦਰ ਸਿੰਘ ਖਰੜ, ਤਾਲਮੇਲ ਕਮੇਟੀ ਨਰਿੰਦਰ ਸਿੰਘ ਤੇ ਭੁਪਿੰਦਰ ਸਿੰਘ ਭਲਵਾਨ ਦੋਵੇਂ ਜਰਮਨੀ ਤੋਂ ਅਤੇ ਅਮਰਜੀਤ ਸਿੰਘ ਸੰਧੂ ਨੇ ਵੀ ਸਮਰਥਨ ਦਿੱਤਾ।
ਇਸ ਮੌਕੇ ਬਾਪੂ ਗੁਰਚਰਨ ਸਿੰਘ , ਭਾਈ ਜਸਵਿੰਦਰ ਸਿੰਘ ਰਾਜਪੁਰਾ, ਬਲਵਿੰਦਰ ਸਿੰਘ, ਵਕੀਲ ਦਿਲਸ਼ੇਰ ਸਿੰਘ, ਅਮਰ ਸਿੰਘ ਚਾਹਲ, ਪਾਲ ਸਿੰਘ ਫਰਾਂਸ, ਰੁਪਿੰਦਰ ਸਿੰਘ ਨੇ ਮੀਡੀਆ ਦੀ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਡੇਰਾ ਮੁਖੀ ਦਾ ਸਲਾਬਤਪੁਰ ਡੇਰੇ ਵਿੱਚ ਕੁਝ ਦਿਨਾਂ ਵਿੱਚ ਲਾਈਵ ਪ੍ਰੋਗਰਾਮ ਕੀਤਾ ਜਾ ਰਿਹਾ ਹੈ, ਜੋ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਾਲੀ ਗੱਲ ਹੈ। ਉਨ੍ਹਾਂ ਮੰਗ ਕੀਤੀ ਕਿ ਡੇਰਾਮੁਖੀ ਦੇ ਇਸ ਸਮਾਗਮ ’ਤੇ ਪਾਬੰਦੀ ਲਾਈ ਜਾਵੇ। ਕਿਉਂਕਿ ਪੰਜਾਬ ਸਰਕਾਰ ਦੀ ਰਿਪੋਰਟ ਮੁਤਾਬਕ ਬੇਅਦਬੀ ਦੀਆਂ ਘਟਨਾਵਾਂ ਵਿੱਚ ਡੇਰਾਮੁਖੀ ਅਤੇ ਪ੍ਰੇਮੀਆਂ ਨੂੰ ਮੁਲਜ਼ਮ ਠਹਿਰਾਇਆ ਜਾ ਚੁੱਕਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡੇਰਾਮੁਖੀ ਨੂੰ ਵਾਰ-ਵਾਰ ਪੈਰੋਲ ਦੇ ਕੇ ਜੇਲ੍ਹ ਤੋਂ ਬਾਹਰ ਭੇਜਣ ਅਤੇ ਬਾਬੇ ਦੀਆਂ ਗਤੀਵਿਧੀਆਂ ਪੰਜਾਬ ਨੂੰ ਲਾਂਬੂ ਲਗਾ ਸਕਦੀਆਂ ਹਨ। ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਡੇਰਾਮੁਖੀ ਦੀਆਂ ਸਿੱਖ ਵਿਰੋਧੀ ਗਤੀਵਿਧੀਆਂ ’ਤੇ ਰੋਕ ਲਗਾਈ ਜਾਵੇ ਤਾਂ ਜੋ ਆਪਸੀ ਭਾਈਚਾਰਕ ਸਾਂਝ ਅਤੇ ਅਮਨ ਸ਼ਾਂਤੀ ਵਾਲਾ ਮਾਹੌਲ ਬਣਿਆ ਰਹਿ ਸਕੇ।

ਉਧਰ, ਦੂਜੇ ਪਾਸੇ ਗਰਮ-ਖ਼ਿਆਲੀ ਸਿੱਖ ਆਗੂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਭਲਕੇ 29 ਜਨਵਰੀ ਨੂੰ ਆਪਣੇ ਸਮਰਥਕਾਂ ਦੇ ਵੱਡੇ ਕਾਫ਼ਲੇ ਨਾਲ ਪੱਕੇ ਮੋਰਚੇ ਦੀ ਹਮਾਇਤ ਵਿੱਚ ਮੁਹਾਲੀ ਪਹੁੰਚਣਗੇ। ਪ੍ਰਬੰਧਕਾਂ ਅਨੁਸਾਰ ਖ਼ਾਲਸਾ ਬਾਅਦ ਦੁਪਹਿਰ ਤਿੰਨ ਵਜੇ ਧਰਨੇ ਵਿੱਚ ਪਹੁੰਚਣਗੇ। ਰਸਤੇ ਵਿੱਚ 2 ਵਜੇ ਪਿੰਡ ਸਿੰਘ ਨੇੜੇ ਚੰਡੀਗੜ੍ਹ ਟੋਲ ਪਲਾਜੇ ’ਤੇ ਕਾਫ਼ਲਾ ਰੁਕੇਗਾ। ਜਿੱਥੇ ਇਲਾਕੇ ਦੀ ਸੰਗਤ ਅਤੇ ਨੌਜਵਾਨਾਂ ਵੱਲੋਂ ਸਵਾਗਤ ਕੀਤਾ ਜਾਵੇਗਾ। ਇਸ ਮਗਰੋਂ ਇਹ ਕਾਫ਼ਲਾ ਢਾਈ ਵਜੇ ਕੇਐਫ਼ਸੀ ਤੋਂ ਮੁਹਾਲੀ ਵੱਲ ਮੁੜ ਕੇ ਏਅਰਪੋਰਟ ਸੜਕ ਪੁਆਇੰਟ ’ਤੇ ਠਹਿਰਾਅ ਹੋਵੇਗਾ। ਉਪਰੰਤ ਕਰੀਬ ਪੌਣੇ ਤਿੰਨ ਵਜੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰ ਇਲਾਕੇ ਦੀ ਸੰਗਤ ਖ਼ਾਲਸਾ ਦੇ ਨਾਲ ਪੱਕੇ ਮੋਰਚੇ ਤੱਕ ਜਾਵੇਗੀ। ਇਸ ਤੋਂ ਪਹਿਲਾਂ ਖ਼ਾਲਸਾ ਹੋਰਨਾਂ ਥਾਵਾਂ ’ਤੇ ਵੀ ਰਸਤੇ ਵਿੱਚ ਰੁਕ ਕੇ ਨੌਜਵਾਨਾਂ ਨੂੰ ਮਿਲਣਗੇ। ਸਰਕਾਰਾਂ ਦੀਆਂ ਖ਼ੁਫ਼ੀਆ ਏਜੰਸੀਆਂ ਵੱਲੋਂ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।