ਪੱਕਾ ਮੋਰਚਾ: ਸਿੱਖ ਜੱਥੇ ਵੱਲੋਂ ਤੀਜੇ ਦਿਨ ਮੁੜ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰਨ ਦਾ ਯਤਨ, ਪੁਲੀਸ ਨੇ ਰਾਹ ਰੋਕਿਆ

ਮੁਹਾਲੀ-ਚੰਡੀਗੜ੍ਹ ਦੀਆਂ ਸਾਂਝੀਆਂ ਹੱਦਾਂ ’ਤੇ ਕੰਡਾਤਾਰ ਲਾਈ, ਚੰਡੀਗੜ੍ਹ ਨੂੰ ਜਾਣ ਵਾਲੇ ਛੋਟੇ ਰਸਤੇ ਵੀ ਕੀਤੇ ਸੀਲ

ਭਾਰਤੀ ਕਿਸਾਨ ਯੂਨੀਅਨ (ਕਾਦੀਆ), ਕ੍ਰਾਂਤੀਕਾਰੀ ਤੇ ਹੋਰ ਕਿਸਾਨ ਜਥੇਬੰਦੀਆਂ ਨੇ ਕੀਤੀ ਸ਼ਮੂਲੀਅਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ:
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸਮੇਤ ਹੋਰ ਸਿੱਖ ਮਸਲਿਆਂ ਨੂੰ ਲੈ ਕੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਦਾ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਪੱਕਾ ਮੋਰਚਾ ਜਾਰੀ ਹੈ। ਸ਼ੁੱਕਰਵਾਰ ਨੂੰ ਤੀਜੇ ਦਿਨ ਬਾਅਦ ਦੁਪਹਿਰ ਕੌਮੀ ਇਨਸਾਫ਼ ਮੋਰਚੇ ਦੇ ਬੈਨਰ ਹੇਠ 31 ਮੈਂਬਰੀ ਵਫ਼ਦ ਨੇ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਵੱਲ ਵਧਣ ਦਾ ਯਤਨ ਕੀਤਾ ਪ੍ਰੰਤੂ ਮੁਹਾਲੀ-ਯੂਟੀ ਦੇ ਐਂਟਰੀ ਪੁਆਇੰਟ ’ਤੇ ਤਾਇਨਾਤ ਭਾਰੀ ਪੁਲੀਸ ਬਲ ਨੇ ਐਸਐਸਪੀ ਦੀ ਸਰਕਾਰੀ ਕੋਠੀ ਨੇੜੇ ਜ਼ਬਰਦਸਤ ਬੈਰੀਕੇਡਿੰਗ ਕਰ ਕੇ ਪ੍ਰਦਰਸ਼ਨਕਾਰੀਆਂ ਦਾ ਰਾਹ ਡੱਕ ਲਿਆ। ਅੱਜ ਮੁਹਾਲੀ ਤੇ ਯੂਟੀ ਪੁਲੀਸ ਵੱਲੋਂ ਸੜਕ ’ਤੇ ਟਰੱਕ ਖੜੇ ਕਰ ਕੇ ਲਾਂਘਾ ਰੋਕਿਆ ਗਿਆ। ਪੁਲੀਸ ਵੱਲੋਂ ਰੋਕੇ ਜਾਣ ’ਤੇ ਪ੍ਰਦਰਸ਼ਨਕਾਰੀ ਉੱਥੇ ਸ਼ਾਂਤਮਈ ਧਰਨੇ ’ਤੇ ਬੈਠ ਗਏ ਅਤੇ ਗੁਰਬਾਣੀ ਦਾ ਜਾਪ ਸ਼ੁਰੂ ਕਰ ਦਿੱਤਾ। ਕਰੀਬ ਦੋ ਘੰਟੇ ਬਾਅਦ ਸਾਰੇ ਧਰਨਾਕਾਰੀ ਮੁੜ ਪੱਕੇ ਮੋਰਚੇ ਵਾਲੀ ਥਾਂ ’ਤੇ ਚਲੇ ਗਏ।
ਉਧਰ, ਮੁਹਾਲੀ ਅਤੇ ਚੰਡੀਗੜ੍ਹ ਦੀਆਂ ਸਾਂਝੀਆਂ ਹੱਦਾਂ ’ਤੇ ਯੂਟੀ ਵਾਲੇ ਪਾਸੇ ਪੁਲੀਸ ਵੱਲੋਂ ਕੰਡਾ ਤਾਰ ਲਗਾ ਕੇ ਬੈਰੀਕੇਡਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁਹਾਲੀ ਤੋਂ ਚੰਡੀਗੜ੍ਹ ਜਾਣ ਵਾਲੇ ਛੋਟੇ ਰਸਤਿਆਂ ਨੂੰ ਵੀ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਜਿਸ ਕਾਰਨ ਰਾਹਗੀਰਾਂ ਨੂੰ ਕਾਫ਼ੀ ਅੌਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੱਕੇ ਮੋਰਚੇ ਦੇ ਨੇੜੇ ਪੰਜਾਬ ਪੁਲੀਸ ਦਾ ਸੁਰੱਖਿਆ ਘੇਰਾ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਕਰ ਦਿੱਤਾ ਹੈ। ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਵੱਡੀ ਗਿਣਤੀ ਵਿੱਚ ਸੀਨੀਅਰ ਪੁਲੀਸ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਜਦੋਂਕਿ ਥਾਣੇ ਰੱਬ ਆਸਰੇ ਛੱਡ ਦਿੱਤੇ ਹਨ।
ਇਸੇ ਦੌਰਾਨ ਚੰਡੀਗੜ੍ਹ ਪੁਲੀਸ ਵੱਲੋਂ ਸਪੀਕਰ ਲਗਾ ਕੇ ਪੁਲੀਸ ਕਰਮੀਆਂ ਦਾ ਹੌਸਲਾ ਵਧਾਇਆ ਜਾ ਰਿਹਾ ਹੈ। ਬੁੱਧਵਾਰ ਦੀ ਘਟਨਾ ਤੋਂ ਬਾਅਦ ਧਰਨਾ ਪੁਆਇੰਟ ਪੂਰੀ ਤਰ੍ਹਾਂ ਸੰਵੇਦਨਸ਼ੀਲ ਬਣੇ ਹੋਏ ਹਨ ਅਤੇ ਮੁਹਾਲੀ ਤੇ ਚੰਡੀਗੜ੍ਹ ਪੁਲੀਸ ਵੱਲੋਂ ਕੌਮੀ ਇਨਸਾਫ਼ ਮੋਰਚੇ ਦੀਆਂ ਗਤੀਵਿਧੀਆਂ ’ਤੇ ਅਤੇ ਪੱਕੇ ਮੋਰਚੇ ਵਿੱਚ ਸ਼ਾਮਲ ਹੋਣ ਵਾਲੇ ਜਥਿਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਉਧਰ, ਭਾਰਤੀ ਕਿਸਾਨ ਯੂਨੀਅਨ (ਕਾਦੀਆ) ਸਮੇਤ ਕ੍ਰਾਂਤੀਕਾਰੀ ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਮੈਂਬਰ ਕਿਸਾਨੀ ਝੰਡੇ ਅਤੇ ਕੇਸਰੀ ਝੰਡੇ ਲੈ ਕੇ ਪੱਕੇ ਮੋਰਚੇ ਵਿੱਚ ਪਹੁੰਚੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਵੱਲੋਂ ਸੰਘਰਸ਼ ਦੌਰਾਨ ਜੋ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਸ ’ਤੇ ਖਰਾ ਉਤਰਿਆ ਜਾਵੇਗਾ। ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਬਾਪੂ ਗੁਰਚਰਨ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਦਿਲਸ਼ੇਰ ਸਿੰਘ ਅਤੇ ਗੁਰਸ਼ਰਨ ਸਿੰਘ ਨੇ ਸਮਰਥਨ ਦੇਣ ਪਹੁੰਚੇ ਕਿਸਾਨ ਜਥੇਬੰਦੀਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਮੇਂ ਦੀਆਂ ਸਰਕਾਰਾਂ ਸਿੱਖਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਨਹੀਂ ਕਰ ਲੈਂਦੀ, ਉਦੋਂ ਸੰਘਰਸ਼ ਜਾਰੀ ਰਹੇਗਾ ਅਤੇ ਆਉਣ ਵਾਲੇ ਦਿਨਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਲੋੜ ਪੈਣ ’ਤੇ ਗੁਪਤ ਐਕਸ਼ਨ ਵੀ ਕੀਤੇ ਜਾ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ ਮੁਹਾਲੀ-ਖਰੜ…