ਪੱਕਾ ਮੋਰਚਾ: ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਸਿੱਖਾਂ ਨੂੰ ਕਿਹੜੀ ਲੜਾਈ ਲੜਨ ਲਈ ਪ੍ਰੇਰਿਆ

ਭਾਈ ਅੰਮ੍ਰਿਤਪਾਲ ਸਿੰਘ ਆਪਣੇ ਸਮਰਥਕਾਂ ਦੇ ਵੱਡੇ ਕਾਫ਼ਲੇ ਨਾਲ ਪੱਕੇ ਮੋਰਚੇ ਵਿੱਚ ਪਹੁੰਚੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜਨਵਰੀ:
ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਸਮੇਤ ਹੋਰ ਸਿੱਖ ਮਸਲਿਆਂ ਬਾਰੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦਾ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਪੱਕਾ ਮੋਰਚਾ ਜਾਰੀ ਹੈ। ਹੱਡ ਚੀਰਵੀਂ ਠੰਢ ਵਿੱਚ ਸਿੱਖ ਅਤੇ ਇਨਸਾਫ਼ ਪਸੰਦ ਲੋਕ ਬੀਤੀ 7 ਜਨਵਰੀ ਤੋਂ ਲੜੀਵਾਰ ਧਰਨੇ ’ਤੇ ਬੈਠੇ ਹਨ। ਐਤਵਾਰ ਨੂੰ ਗਰਮ-ਖ਼ਿਆਲੀ ਸਿੱਖ ਆਗੂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਆਪਣੇ ਸੈਂਕੜੇ ਸਮਰਥਕਾਂ ਦੇ ਵੱਡੇ ਕਾਫ਼ਲੇ ਨਾਲ ਪੱਕੇ ਮੋਰਚੇ ਵਿੱਚ ਪਹੁੰਚੇ। ਜਿਨ੍ਹਾਂ ਦਾ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਭਾਈ ਅੰਮ੍ਰਿਤਪਾਲ ਸਿੰਘ ਨੇ ਦੇਸ਼ ਦੀ ਨਿਆਂਪ੍ਰਣਾਲੀ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਆਪਣੀਆਂ ਸਜਾਵਾਂ ਪੂਰੀਆ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਨਾ ਕਰਨ ਦੇ ਮਾਮਲੇ ਵਿੱਚ ਨਿਆਂਪਾਲਕਾ ਦੀ ਚੁੱਪੀ ਕਾਫ਼ੀ ਕੁੱਝ ਕਹਿ ਰਹੀ ਹੈ। ਲਿਹਾਜ਼ਾ ਸਿੱਖਾਂ ਨੂੰ ਸਮੇਂ ਦੀਆਂ ਸਰਕਾਰਾਂ ਅਤੇ ਅਦਾਲਤਾਂ ਤੋਂ ਇਨਸਾਫ਼ ਦੀ ਆਸ ਨਹੀਂ ਰੱਖਣੀ ਚਾਹੀਦੀ ਬਲਕਿ ਖ਼ਾਲਸਾ ਰਾਜ ਦੀ ਪ੍ਰਾਪਤੀ ਲਈ ਸਾਂਝੀ ਲੜਾਈ ਲੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੇ ਹੱਥਾਂ ਵਿੱਚ ਰਾਜਭਾਗ ਨਹੀਂ ਆਉਂਦਾ, ਉਦੋਂ ਤੱਕ ਸਿੱਖ ਮਸਲੇ ਹੱਲ ਨਹੀਂ ਹੋਣਗੇ।
ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਸੋਚੀ ਸਮਝੀ ਸਾਜ਼ਿਸ਼ ਤਹਿਤ ਫ਼ਸਲਾਂ ’ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਕੇ ਸਾਡੇ ਖਾਣ ਪੀਣ ਨੂੰ ਜ਼ਹਿਰੀਲਾ ਬਣਾਇਆ ਜਾ ਰਿਹਾ ਹੈ। ਜਿਸ ਕਾਰਨ ਕੈਂਸਰ ਪੀੜਤਾਂ ਦੇ ਮਾਮਲੇ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਕਦਮ ’ਤੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਸਿੱਖ ਦਾ ਇਸ ਯੋਗ ਨਹੀਂ ਹਨ ਕਿ ਉਹ ਆਪਣਾ ਪਾਠਕ੍ਰਮ ਤਿਆਰ ਕਰ ਸਕਣ। ਮੌਜੂਦਾ ਪਾਠਕ੍ਰਮ ’ਚੋਂ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਸਿੱਖਾਂ ਨੂੰ ਪਾਵਰ ਦੀ ਲੜਾਈ ਲੜਨ ਲਈ ਪ੍ਰੇਰਦਿਆਂ ਕਿਹਾ ਕਿ ਜਦੋਂ ਤੱਕ ਸਿੱਖਾਂ ਦੇ ਹੱਥ ਵਿੱਚ ਵੱਖਰੇ ਰਾਜ ਖ਼ਾਲਿਸਤਾਨ ਦੀ ਸੱਤਾ ਨਹੀਂ ਮਿਲਦੀ ਉਦੋਂ ਤੱਕ ਸਾਨੂੰ ਹਰੇਕ ਮਸਲੇ ’ਤੇ ਸੰਘਰਸ਼ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਦੀ ਮੜ੍ਹੀ ’ਤੇ ਖ਼ਾਲਿਸਤਾਨ ਅਤੇ ਨੌਜਵਾਨਾਂ ਨੂੰ ਅੰਮ੍ਰਿਤਧਾਰੀ ਬਣਾਉਣ ਦਾ ਪ੍ਰਣ ਲਿਆ ਸੀ। ਜੇਕਰ ਇਹ ਬਚਨ ਸੱਚੇ ਸਨ ਤਾਂ ਦੀਪ ਸਿੱਧੂ ਦੀ ਪਹਿਲੀ ਬਰਸੀ ਆਉਣ ਵਾਲੀ ਹੈ। ਜਿੱਥੇ ਸਾਨੂੰ ਸਾਰਿਆਂ ਨੂੰ ਉਪਰੋਕਤ ਬਚਨਾਂ ’ਤੇ ਪਹਿਰਾ ਦੇਣ ਦਾ ਤਹੱਈਆ ਕਰਨਾ ਚਾਹੀਦਾ ਹੈ। ਇਸ ਮੌਕੇ ਬਾਪੂ ਗੁਰਚਰਨ ਸਿੰਘ, ਭਾਈ ਜਸਵਿੰਦਰ ਸਿੰਘ ਰਾਜਪੁਰਾ, ਬਲਵਿੰਦਰ ਸਿੰਘ, ਵਕੀਲ ਦਿਲਸ਼ੇਰ ਸਿੰਘ, ਅਮਰ ਸਿੰਘ ਚਾਹਲ, ਗੁਰਸ਼ਰਨ ਸਿੰਘ, ਪਾਲ ਸਿੰਘ ਫਰਾਂਸ, ਰੁਪਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਰਿਪੇਰੀਅਨ ਕਾਨੂੰਨ ਦੀ ਗੱਲ ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਦਾ ਪਾਣੀ ਖੋਹ ਕੇ ਗੁਆਂਢੀ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ ਜਦੋਂਕਿ ਪੰਜਾਬੀ ਸੂਬਾ ਪਹਿਲਾਂ ਹੀ ਜਲ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਲਗਾਤਾਰ ਧਰਤੀ ਹੇਠ ਪਾਣੀ ਦਾ ਪੱਧਰ ਡੂੰਘਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹੋਰਨਾਂ ਹਿੱਸਿਆਂ ’ਚੋਂ ਗੰਗਾ ਅਤੇ ਯਮੁਨਾ ਨਦੀ ਲੰਘਦੀ ਹੈ ਅਤੇ ਬੇਹਿਸਾਬ ਅਣਵਰਤਿਆ ਪਾਣੀ ਸਮੁੰਦਰ ਵਿੱਚ ਸੁੱਟਿਆ ਜਾ ਰਿਹਾ ਹੈ ਪ੍ਰੰਤੂ ਕਿਸੇ ਸਿਆਸੀ ਧਿਰ ਨੇ ਕਦੇ ਵੀ ਗੰਗਾ, ਯਮੁਨਾ ਦਾ ਪਾਣੀ ਪੰਜਾਬ ਨੂੰ ਦੇਣ ਦੀ ਗੱਲ ਨਹੀਂ ਕਹੀ।

ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਿੱਖ ਕੈਦੀਆਂ ਦੇ ਬਾਹਰ ਆਉਣ ਵਾਲ ਸਮਾਜ ਨੂੰ ਕੋਈ ਖ਼ਤਰਾ ਨਹੀਂ ਹੈ। ਲਿਹਾਜ਼ਾ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਕੈਦੀਆਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕੀਤਾ ਜਾਵੇ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕਦੇ ਕਿਸੇ ਨੇ ਇਹ ਸੋਚਿਆ ਹੈ ਕਿ ਸਿੱਖ ਨੌਜਵਾਨਾਂ ਨੂੰ ਸੁੱਖ ਅਰਾਮ ਦੀ ਜ਼ਿੰਦਗੀ ਛੱਡ ਕੇ ਆਪਣੇ ਹੱਥਾਂ ਵਿੱਚ ਹਥਿਆਰ ਚੁੱਕਣ ਦੀ ਲੋੜ ਕਿਉਂ ਪਈ? ਉਨ੍ਹਾਂ ਕਿਹਾ ਕਿ ਜੇਕਰ ਪਿਛਲੇ ਸਮਿਆਂ ਵਿੱਚ ਸਿੱਖਾਂ ’ਤੇ ਜਬਰ ਜੁਲਮ ਨਾ ਹੁੰਦਾ ਤਾਂ ਸ਼ਾਇਦ ਕਿਸੇ ਨੌਜਵਾਨ ਹਥਿਆਰ ਚੁੱਕਣ ਦੀ ਲੋੜ ਨਾ ਪੈਂਦੀ। ਉਨ੍ਹਾਂ ਕਿਹਾ ਕਿ ਜੇਕਰ ਸਮਾਜ ਨੂੰ ਕਿਸੇ ਤੋਂ ਕੋਈ ਖ਼ਤਰਾ ਹੈ ਤਾਂ ਉਹ ਮਾਨਵਤਾ ਦੇ ਕਾਤਲਾਂ ਅਤੇ ਬਲਾਤਕਾਰੀ ਬਾਬਿਆਂ ਤੋਂ ਹੈ ਪ੍ਰੰਤੂ ਅਜਿਹੇ ਪਾਖੰਡੀ ਬਾਬਿਆਂ ਨੂੰ ਵਾਰ-ਵਾਰ ਪੈਰੋਲ ਦੇ ਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…