
ਪੱਕੇ ਮੋਰਚਾ: ਕੌਮੀ ਇਨਸਾਫ਼ ਮੋਰਚੇ ਵੱਲੋਂ ਸਿੱਖਾਂ ਨੂੰ 26 ਜਨਵਰੀ ਨੂੰ ਕਾਲਾ ਦਿਵਸ ਵਜੋਂ ਮਨਾਉਣ ਦਾ ਸੱਦਾ
ਡੇਰਾ ਮੁਖੀ ਨੂੰ ਪੈਰੋਲ ਮਿਲਣ ’ਤੇ ਸਿੱਖ ਆਗੂ ਅੌਖੇ, ਹੁਕਮਰਾਨਾਂ ਨੂੰ ਰੱਜ ਕੇ ਕੋਸਿਆ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਡਾ ਜਥਾ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਹਮਾਇਤ ਵਿੱਚ ਨਿੱਤਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜਨਵਰੀ:
ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸਮੇਤ ਹੋਰ ਸਿੱਖ ਮਸਲਿਆਂ ਬਾਰੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦਾ ਪੱਕਾ ਮੋਰਚਾ ਜਾਰੀ ਹੈ। ਸਿੱਖ ਅਤੇ ਇਨਸਾਫ਼ ਪਸੰਦ ਲੋਕ ਕੜਾਕੇ ਦੀ ਠੰਢ ਵਿੱਚ ਲੜੀਵਾਰ ਧਰਨੇ ਉੱਤੇ ਬੈਠੇ ਹਨ ਅਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਜੁੜ ਰਹੀ ਹੈ। ਅੱਜ ਵੀ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ।
ਉਧਰ, ਸਾਧਵੀ ਜਬਰ ਜਨਾਹ, ਪੱਤਰਕਾਰ ਛਤਰਪਤੀ ਅਤੇ ਰਣਜੀਤ ਕਤਲ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ 40 ਦਿਨਾਂ ਪੈਰੋਲ ਛੁੱਟੀ ਮਨਜ਼ੂਰ ਕਰਨ ਤੋਂ ਸਿੱਖ ਭਾਈਚਾਰੇ ਦੇ ਲੋਕ ਸਰਕਾਰ ਤੋਂ ਕਾਫ਼ੀ ਅੌਖੇ ਹਨ। ਅੱਜ ਪੱਕੇ ਮੋਰਚੇ ਵਿੱਚ ਪ੍ਰਦਰਸ਼ਨਕਾਰੀ ਸਿੱਖਾਂ ਨੇ ਇਸ ਮੁੱਦੇ ’ਤੇ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਘੇਰਦਿਆਂ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ ਅਤੇ ਸਮੂਹ ਸਿੱਖ ਸੰਗਤ ਨੂੰ ਪੁਰਜ਼ੋਰ ਅਪੀਲ ਕੀਤੀ ਕਿ 26 ਜਨਵਰੀ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾਵੇ।
ਬਾਪੂ ਗੁਰਚਰਨ ਸਿੰਘ, ਅਕਾਲ ਯੂਥ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਅਤੇ ਐਡਵੋਕੇਟ ਦਿਲਸ਼ੇਰ ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ ਮੌਕੇ ਸਿੱਖ ਜਥੇਬੰਦੀਆਂ ਵੱਲੋਂ ਵਿਸ਼ਾਲ ਇਨਸਾਫ਼ ਮਾਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਿੱਖਾਂ ਲਈ ਵੱਖਰੇ ਕਾਨੂੰਨ ਹਨ ਜਦੋਂਕਿ ਸਰਕਾਰ ਦੇ ਆਪਣੇ ਚਹੇਤਿਆਂ ਲਈ ਵੱਖਰੇ ਕਾਨੂੰਨ ਹਨ। ਉਨ੍ਹਾਂ ਇਨਸਾਫ਼ ਲਈ ਸੰਘਰਸ਼ ਲੜਨ ਵਾਲੇ 25 ਤੋਂ 32 ਸਾਲਾਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਬੰਦ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਹੈ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਤੁਰੰਤ ਰਿਹਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂਕਿ ਵੀ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਕੇਂਦਰ ਅਤੇ ਹਰਿਆਣਾ ਸਰਕਾਰ ਡੇਰਾ ਮੁਖੀ ਨੂੰ ਪੈਰੋਲ ’ਤੇ ਬਾਹਰ ਭੇਜ ਦਿੰਦੀ ਹੈ ਅਤੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਡੇਰਾ ਮੁਖੀ ਨੂੰ ਪੈਰੋਲ ਦੇ ਕੇ ਸਿੱਖਾਂ ਨੂੰ ਚੁਨੌਤੀ ਦਿੱਤੀ ਗਈ ਹੈ ਅਤੇ ਝੂਠ ਦਾ ਪ੍ਰਚਾਰ ਕਰਨ ਲਈ ਅਖੌਤੀ ਸਾਧ ਨੂੰ ਜੈੱਡ ਪਲੱਸ ਸੁਰੱਖਿਆ ਵੀ ਮੁਹੱਈਆ ਕਰਵਾਈ ਜਾਂਦੀ ਹੈ, ਜੋ ਬਹੁਤ ਹੀ ਸ਼ਰਮਨਾਕ ਗੱਲ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਸਿੱਖਾਂ ਪ੍ਰਤੀ ਦੋਹਰੇ ਮਾਪਦੰਡ ਵਰਤੇ ਜਾ ਰਹੇ ਹਨ।

ਇਸ ਮੌਕੇ ਬਲਵਿੰਦਰ ਸਿੰਘ, ਰੁਪਿੰਦਰ ਸਿੰਘ, ਕਥਾ ਵਾਚਕ ਪਰਮਜੀਤ ਸਿੰਘ ਸ੍ਰੀ ਅਨੰਦਪੁਰ ਸਾਹਿਬ, ਕਿਸਾਨ ਆਗੂ ਕਰਨੈਲ ਸਿੰਘ ਮੱਖੂ,, ਬਲਵਿੰਦਰ ਸਿੰਘ ਮੱਲੀ, ਜਰਨੈਲ ਸਿੰਘ ਅਕਾਲੀ ਦਲ ਅੰਮ੍ਰਿਤਸਰ, ਸੁੱਖ ਜਗਰਾਓ, ਪਲਵਿੰਦਰ ਸਿੰਘ, ਪ੍ਰਗਟ ਸਿੰਘ ਨੇ ਵੀ ਹਾਜ਼ਰੀ ਲਗਵਾਈ।