ਪਨਬੱਸ-ਪੀਆਰਟੀਸੀ ਠੇਕਾ ਮੁਲਾਜ਼ਮਾਂ ਵੱਲੋਂ ਦੋ ਘੰਟੇ ਬੱਸਾਂ ਦਾ ਪਹੀਆ ਜਾਮ, ਯਾਤਰੀ ਪ੍ਰੇਸ਼ਾਨ

ਠੇਕਾ ਮੁਲਾਜ਼ਮਾਂ ਨੇ ਏਸੀ ਬੱਸ ਅੱਡਾ ਫੇਜ਼-6 ਦੇ ਬਾਹਰ ਕੀਤਾ ਪੰਜਾਬ ਸਰਕਾਰ ਦਾ ਪਿੱਟ ਪਿਆਸਾ

29 ਦੀ ਮੀਟਿੰਗ ਵਿੱਚ ਮਸਲਾ ਹੱਲ ਨਾ ਹੋਇਆ ਤਾਂ 3 ਤੇ 9 ਨਵੰਬਰ ਨੂੰ ਕੀਤਾ ਜਾਵੇਗਾ ਝੰਡਾ ਮਾਰਚ

ਨਬਜ਼-ਏ-ਪੰਜਾਬ, ਮੁਹਾਲੀ, 23 ਅਕਤੂਬਰ:
ਪੰਜਾਬ ਰੋਡਵੇਜ਼/ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਅੱਜ ਇੱਥੇ ਦੋ ਘੰਟੇ ਬੱਸਾਂ ਦਾ ਪਹੀਆ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਠੇਕਾ ਕਰਮਚਾਰੀਆਂ ਨੇ ਏਸੀ ਬੱਸ ਅੱਡਾ ਫੇਜ਼-6 ਦੇ ਬਾਹਰ ਬੱਸਾਂ ਖੜੀਆਂ ਕਰਕੇ ਪੰਜਾਬ ਦੀ ‘ਆਪ’ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਿਰੁੱਧ ਨਾਅਰੇਬਾਜ਼ੀ ਕੀਤੀ। ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਪਨਬੱਸ ਕੰਟਰੈਕਟਰ ਵਰਕਰਜ਼ ਯੂਨੀਅਨ ਚੰਡੀਗੜ੍ਹ ਡਿੱਪੂ ਦੇ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਮੀਟਿੰਗ ਹੋਣੀ ਸੀ, ਜਿਸ ਨੂੰ ਲੈ ਕੇ ਪਨਬੱਸ ਠੇਕਾ ਮੁਲਾਜ਼ਮ ਕਾਫ਼ੀ ਉਤਸ਼ਾਹਿਤ ਸਨ ਪ੍ਰੰਤੂ ਟਰਾਂਸਪੋਰਟ ਮੰਤਰੀ ਨੇ ਮੀਟਿੰਗ ਤੋਂ ਦੂਰੀ ਬਣਾ ਕੇ ਉਨ੍ਹਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਪਿਛਲੇ ਢਾਈ ਸਾਲਾਂ ਤੋਂ ਪਨਬੱਸ ਯੂਨੀਅਨ ਨੂੰ ਝੂਠੇ ਲਾਰੇ ਲਗਾ ਕੇ ਡੰਗ ਟਪਾਉਂਦੀ ਆ ਰਹੀ ਹੈ। ਠੇਕਾ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਜਿਸ ਕਾਰਨ ਠੇਕਾ ਕਾਮਿਆਂ ਨੂੰ ਅੱਜ ਦੋ ਘੰਟੇ ਬੱਸਾਂ ਦਾ ਪਹੀਆ ਜਾਮ ਕਰਕੇ ਸਰਕਾਰ ਵਿਰੁੱਧ ਥਾਂ-ਥਾਂ ’ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਮੁਕੰਮਲ ਹੜਤਾਲ ’ਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।
ਬੁਲਾਰਿਆਂ ਨੇ ਕਿਹਾ ਕਿ ਸਮੂਹ ਕੱਚੇ ਮੁਲਾਜ਼ਮਾਂ ਨੂੰ ਸਰਵਿਸ ਰੂਲਾ ਤਹਿਤ ਪੱਕੇ ਕਰਨਾ, ਠੇਕੇਦਾਰੀ ਸਿਸਟਮ ਤਹਿਤ ਹੋ ਰਹੀ ਲੁੱਟ ਖ਼ਤਮ ਕਰਨਾ, ਸੁਪਰੀਮ ਕੋਰਟ ਦੇ ਫ਼ੈਸਲੇ ਮੁਤਾਬਕ ‘ਬਰਾਬਰ-ਕੰਮ-ਬਰਾਬਰ ਤਨਖ਼ਾਹ’ ਲਾਗੂ ਕਰਨਾ, ਨਿਗੂਣੀਆਂ ਤਨਖ਼ਾਹ ’ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹ ਵਿੱਚ ਇਕਸਾਰਤਾ ਕਰਨਾ, ਕਿੱਲੋਮੀਟਰ ਸਕੀਮ (ਪ੍ਰਾਈਵੇਟ ਬੱਸਾਂ) ਬੱਸਾਂ ਬੰਦ ਕਰਨ, ਫਾਰਗ ਕੀਤੇ ਮੁਲਾਜ਼ਮਾਂ ਦੀ ਬਹਾਲੀ ਅਤੇ ਟਰਾਂਸਪੋਰਟ ਮਾਫ਼ੀਆ ਦਾ ਖ਼ਾਤਮਾ ਸਮੇਤ ਠੇਕਾ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦਾ ਕੋਈ ਹੱਲ ਨਹੀਂ ਕੱਢਿਆ ਗਿਆ।
ਆਗੂਆਂ ਕਿਹਾ ਕਿ ਬੀਤੀ ਇੱਕ ਜੁਲਾਈ ਨੂੰ ਮੁੱਖ ਮੰਤਰੀ ਨੇ ਪੈਨਲ ਮੀਟਿੰਗ ਦੌਰਾਨ ਮਹੀਨੇ ਦੇ ਅੰਦਰ-ਅੰਦਰ ਮੰਗਾਂ ਹੱਲ ਦਾ ਭਰੋਸਾ ਦਿੱਤਾ ਸੀ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਠੇਕਾ ਮੁਲਾਜ਼ਮਾਂ ਦੇ ਰੋਹ ਨੂੰ ਦੇਖਦਿਆਂ ਟਰਾਂਸਪੋਰਟ ਮੰਤਰੀ ਦਫ਼ਤਰ ਨੇ 29 ਅਕਤੂਬਰ ਨੂੰ ਪੈਨਲ ਮੀਟਿੰਗ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਮੀਟਿੰਗ ਵਿੱਚ ਉਪਰੋਕਤ ਮਸਲਿਆਂ ਦਾ ਹੱਲ ਨਹੀਂ ਹੋਇਆ ਤਾਂ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ 3 ਨਵੰਬਰ ਨੂੰ ਬਰਨਾਲਾ ਤੇ ਚੱਬੇਵਾਲ ਅਤੇ 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਤੇ ਗਿੱਦੜਬਾਹਾ ਹਲਕਿਆਂ ਵਿੱਚ ਸਰਕਾਰ ਖ਼ਿਲਾਫ਼ ਝੰਡਾ ਮਾਰਚ ਕਰਕੇ ਲੋਕਾਂ ਦੀ ਕਚਹਿਰੀ ਵਿੱਚ ਸਰਕਾਰ ਦੇ ਲਾਰਿਆਂ ਦੀ ਪੋਲ ਖੋਲੀ ਜਾਵੇਗੀ। ਜੇਕਰ ਫਿਰ ਵੀ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਸਫ਼ਾਈ ਮਜ਼ਦੂਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 2 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਸਫ਼ਾਈ ਮਜ਼ਦੂਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 2 ਮੁਲਜ਼ਮ ਕਾਬੂ ਮੁਲਜ਼ਮਾਂ ਨੇ ਕੁਲਹਾੜੀ …