Nabaz-e-punjab.com

ਪੰਚਾਇਤ ਚੋਣਾਂ: ਰਿਟਰਨਿੰਗ ਅਧਿਕਾਰੀ ’ਤੇ ਪੱਖਪਾਤ ਦਾ ਦੋਸ਼, ਚੋਣ ਕਮਿਸ਼ਨ ਦਾ ਬੂਹਾ ਖੜਕਾਇਆ

ਆਜ਼ਾਦੀ ਘੁਲਾਟੀਏ ਦੇ ਪੋਤੇ ਨੇ ਮੁੱਖ ਚੋਣ ਕਮਿਸ਼ਨਰ, ਡੀਸੀ ਤੇ ਏਡੀਸੀ ਨੂੰ ਸ਼ਿਕਾਇਤ ਦੇ ਕੇ ਲਗਾਈ ਇਨਸਾਫ਼ ਦੀ ਗੁਹਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਦਸੰਬਰ:
ਇੱਥੋਂ ਦੇ ਨਜ਼ਦੀਕੀ ਪਿੰਡ ਚੱਪੜਚਿੜੀ ਖੁਰਦ ਦੇ ਵਸਨੀਕ ਅਤੇ ਆਜ਼ਾਦੀ ਘੁਲਾਟੀਏ ਹਜ਼ਾਰਾ ਸਿੰਘ ਦੇ ਪੋਤੇ ਹਰਨੇਕ ਸਿੰਘ ਨੇ ਗਰਾਮ ਪੰਚਾਇਤ ਦੀਆਂ ਚੋਣਾਂ ਸਬੰਧੀ ਅਧਿਕਾਰੀਆਂ ’ਤੇ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਉਨ੍ਹਾਂ ਨਾਲ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ ਹੈ। ਉਸ ਨੇ ਚੱਪੜਚਿੜੀ ਵਾਰਡ ਨੰਬਰ-2 ਤੋਂ ਪੰਚੀ ਦੀ ਚੋਣ ਲੜਨ ਲਈ ਕਾਗਜ ਦਾਖ਼ਲ ਕੀਤੇ ਗਏ ਸੀ ਪ੍ਰੰਤੂ ਰਿਟਰਨਿੰਗ ਅਫ਼ਸਰ ਨੇ ਧਾਰਾ 7 ਪੰਜਾਬ ਵਿਲੇਜ ਕਾਮਨ ਲੈਂਡ ਐਕਟ 1961 ਦੇ ਤਹਿਤ ਉਸ ਦੇ ਕਾਗਜ ਇਹ ਕੇ ਰੱਦ ਕਰ ਦਿੱਤੇ ਕਿ ਉਸ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।
ਇਸ ਸਬੰਧੀ ਪੀੜਤ ਉਮੀਦਵਾਰ ਨੇ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਸਮੇਤ ਜ਼ਿਲ੍ਹਾ ਚੋਣ ਅਫ਼ਸਰ ਅਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੂੰ ਸ਼ਿਕਾਇਤ ਭੇਜ ਕੇ ਅਧਿਕਾਰੀਆਂ ’ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਈ ਹੋਰ ਉਮੀਦਵਾਰ ਚੋਣ ਲੜ ਰਹੇ ਹਨ। ਉਨ੍ਹਾਂ ਦੇ ਨਾਮਜ਼ਦਗੀ ਪੱਤਰ ਦਰੁਸਤ ਪਾਏ ਗਏ ਹਨ ਜਦੋਂਕਿ ਇਨ੍ਹਾਂ ਉਮੀਦਵਾਰਾਂ ਦੇ ਪਰਿਵਾਰਕ ਮੁਖੀ ਵੀ ਧਾਰਾ 7 ਪੰਜਾਬ ਵਿਲੇਜ ਕਾਮਨ ਲੈਂਡ ਐਕਟ 1961 ਦੇ ਘੇਰੇ ਵਿੱਚ ਆਉਂਦੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਜਾਇਜ਼ ਕਬਜ਼ਿਆਂ ਸਬੰਧੀ ਜਾਰੀ ਕੀਤੀ 149 ਵਿਅਕਤੀਆਂ ਦੀ ਸੂਚੀ ਵਿੱਚ ਬਾਕੀ ਉਮੀਦਵਾਰਾਂ ਦੇ ਪਰਿਵਾਰਾਂ ਦੇ ਮੁਖੀਆਂ ਦੇ ਨਾਮ ਦਰਜ ਹਨ ਪ੍ਰੰਤੂ ਰਿਟਰਨਿੰਗ ਅਫ਼ਸਰ ਨੇ ਮਿਲੀਭੁਗਤ ਕਰਕੇ ਉਨ੍ਹਾਂ ਨੂੰ ਚੋਣ ਲੜਨ ਦਾ ਅਧਿਕਾਰ ਦਿੱਤਾ ਗਿਆ ਹੈ। ਇਨ੍ਹਾਂ ਪਰਿਵਾਰਾਂ ’ਚੋਂ ਕਿਸੇ ਦੀ ਨੂੰਹ, ਕਿਸੇ ਦਾ ਬੇਟਾ ਚੋਣ ਲੜ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਮੁੱਚੇ ਮਾਮਲੇ ਦੀ ਉੱਚ ਪੱਧਰੀ ਪੜਤਾਲ ਕੀਤੀ ਜਾਵੇ ਅਤੇ ਉਸ ਨੂੰ ਚੋਣ ਲੜਨ ਦੀ ਇਜਾਜ਼ਤ ਦਿੱਤੀ ਜਾਵੇ।
ਪੀੜਤ ਨੇ ਦੱਸਿਆ ਕਿ ਏਡੀਸੀ ਦੇ ਕਹਿਣ ’ਤੇ ਉਨ੍ਹਾਂ ਜਦੋਂ ਸਬੰਧਤ ਰਿਟਰਨਿੰਗ ਅਧਿਕਾਰੀ ਨਾਲ ਤਾਲਮੇਲ ਕੀਤਾ ਅਤੇ ਹਾਈ ਕੋਰਟ ਦੇ ਤਾਜ਼ਾ ਫੈਸਲੇ ਤੋਂ ਜਾਣੂ ਕਰਵਾਇਆ ਤਾਂ ਅਧਿਕਾਰੀ ਨੇ ਉਸ ਦੀ ਗੱਲ ਨਹੀਂ ਸੁਣੀ ਅਤੇ ਹਾਈ ਕੋਰਟ ਦੇ ਫੈਸਲੇ ਅਧਿਕਾਰੀ ਦਾ ਕਹਿਣਾ ਸੀ ਕਿ ਉੱਚ ਅਦਾਲਤ ਨੇ ਸਿਰਫ਼ ਪਟੀਸ਼ਨਰਾਂ ਨੂੰ ਹੀ ਰਾਹਤ ਦਿੱਤੀ ਹੈ। ਉਧਰ, ਪਹਿਲੇ ਵਿਸ਼ਵ ਯੁੱਧ ਦੇ ਗਲੰਟਰੀ ਐਵਾਰਡੀ ਮਾਨ ਸਿੰਘ ਦੇ ਪੋਤੇ ਹਰਦੀਪ ਸਿੰਘ ਨੇ ਆਪਣੇ ਦੋਸਤ ਦੇ ਕਾਗਜ ਰੱਦ ਹੋਣ ਦੇ ਰੋਸ ਵਜੋਂ ਆਪਣੇ ਕਾਗਜ ਵੀ ਵਾਪਸ ਲਏ ਹਨ।
(ਬਾਕਸ ਆਈਟਮ)
ਮੁਹਾਲੀ ਦੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਏਡੀਸੀ (ਵਿਕਾਸ) ਅਮਰਦੀਪ ਸਿੰਘ ਬੈਂਸ ਨੇ ਪੀੜਤ ਉਮੀਦਵਾਰ ਦੀ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸ਼ਿਕਾਇਤ ਕਰਤਾ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਮਾਮਲਾ ਧਿਆਨ ਵਿੱਚ ਲਿਆਉਣਾ ਚਾਹੀਦਾ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਨਿਬੇੜਾ ਅਫ਼ਸਰ-ਕਮ-ਜ਼ਿਲ੍ਹਾ ਮਾਲ ਅਫ਼ਸਰ (ਡੀਆਰਓ) ਨੂੰ ਪੀੜਤ ਦੀ ਸ਼ਿਕਾਇਤ ਅਗਰੇਲੀ ਕਾਰਵਾਈ ਲਈ ਭੇਜੀ ਗਈ ਹੈ ਅਤੇ ਸ਼ਿਕਾਇਤ ਕਰਤਾ ਨੂੰ ਰਿਟਰਨਿੰਗ ਅਫ਼ਸਰ ਨਾਲ ਤਾਲਮੇਲ ਕਰਨ ਲਈ ਆਖਿਆ ਗਿਆ ਹੈ।
(ਬਾਕਸ ਆਈਟਮ)
ਰਿਟਰਨਿੰਗ ਅਧਿਕਾਰੀ ਵਰੁਣ ਗਰਗ ਨੇ ਧੱਕੇਸ਼ਾਹੀ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਹਰਨੇਕ ਸਿੰਘ ਦੇ ਨਾਮਜ਼ਦਗੀ ਪੱਤਰ ਇਸ ਕਰਕੇ ਰੱਦ ਕੀਤੇ ਗਏ ਕਿਉਂਕਿ ਬੀਡੀਪੀਓ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਜਦੋਂ ਅਧਿਕਾਰੀ ਬਾਕੀ ਉਮੀਦਵਾਰਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਨਾਜਾਇਜ਼ ਕਬਜ਼ਿਆਂ ਬਾਰੇ ਸਰਕਾਰੀ ਸੂਚੀ ਵਿੱਚ ਸਿੱਧੇ ਤੌਰ ’ਤੇ ਉਨ੍ਹਾਂ ਦੇ ਨਾਮ ਸ਼ਾਮਲ ਨਹੀਂ ਹਨ। ਸਿਰਫ਼ ਪਰਿਵਾਰਕ ਮੁਖੀਆਂ ਦੇ ਨਾਂ ਦਰਜ ਹਨ ਪ੍ਰੰਤੂ ਉਨ੍ਹਾਂ ’ਚੋਂ ਕੋਈ ਵੀ ਚੋਣ ਨਹੀਂ ਲੜ ਰਿਹਾ ਹੈ। ਸ੍ਰੀ ਗਰਗ ਨੇ ਦੱਸਿਆ ਕਿ ਉਨ੍ਹਾਂ ਹਾਈ ਕੋਰਟ ਦੇ ਫੈਸਲੇ ਸਬੰਧੀ ਐਸਡੀਐਮ ਨਾਲ ਵੀ ਗੱਲ ਕੀਤੀ ਸੀ ਲੇਕਿਨ ਹਾਈ ਕੋਰਟ ਨੇ ਕਿਤੇ ਵੀ ਇਹ ਜ਼ਿਕਰ ਨਹੀਂ ਕੀਤਾ ਹੈ ਕਿ ਇਹ ਫੈਸਲਾ ਸਾਰੇ ਉਮੀਦਵਾਰਾਂ ’ਤੇ ਲਾਗੂ ਹੁੰਦਾ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ ਮੁੱਖ …