ਪੰਚਾਇਤ ਚੋਣਾਂ-2024: ਮੁਹਾਲੀ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ, ਨਾਮਜ਼ਦਗੀਆਂ 27 ਸਤੰਬਰ ਤੋਂ

ਸਰਪੰਚੀ ਦਾ ਉਮੀਦਵਾਰ 40 ਹਜ਼ਾਰ ਅਤੇ ਪੰਚੀ ਲਈ 30 ਹਜ਼ਾਰ ਰੁਪਏ ਚੋਣ ਖ਼ਰਚੇ ਦੀ ਸੀਮਾ

ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਕੇ ਨਿਰਪੱਖ ਤੇ ਪਾਰਦਰਸ਼ੀ ਚੋਣਾਂ ਕਰਵਾਈਆਂ ਜਾਣਗੀਆਂ: ਆਸ਼ਿਕਾ ਜੈਨ

ਨਬਜ਼-ਏ-ਪੰਜਾਬ, ਮੁਹਾਲੀ, 26 ਸਤੰਬਰ:
ਪੰਜਾਬ ਦੇ ਚੋਣ ਕਮਿਸ਼ਨ ਵੱਲੋਂ 15 ਅਕਤੂਬਰ ਨੂੰ ਗਰਾਮ ਪੰਚਾਇਤ ਦੀਆਂ ਚੋਣਾਂ ਕਰਵਾਉਣ ਸਬੰਧੀ ਐਲਾਨ ਕੀਤੇ ਜਾਣ ਤੋਂ ਬਾਅਦ ਜਿੱਥੇ ਚੋਣਾਂ ਲੜਨ ਦੇ ਚਾਹਵਾਨ ਵਿਅਕਤੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ, ਉੱਥੇ ਜ਼ਿਲ੍ਹਾ ਪ੍ਰਸ਼ਾਸਨ ਵੀ ਪੱਬਾਂ ਭਾਰ ਹੋ ਗਿਆ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ, ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਕੁੱਲ 332 ਗਰਾਮ ਪੰਚਾਇਤਾਂ ਹਨ, ਜਿਨ੍ਹਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ 27 ਸਤੰਬਰ ਨੂੰ ਸਵੇਰੇ 11 ਵਜੇ ਸ਼ੁਰੂ ਹੋ ਕੇ ਬਾਅਦ ਦੁਪਹਿਰ 3 ਵਜੇ ਤੱਕ ਚੱਲੇਗੀ। 28 ਸਤੰਬਰ ਨੂੰ ਛੁੱਟੀ ਹੋਣ ਕਾਰਨ ਕੋਈ ਨਾਮਜ਼ਦਗੀ ਸਵੀਕਾਰ ਨਹੀਂ ਕੀਤੀ ਜਾਵੇਗੀ।
ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਮਿਤੀ 4 ਅਕਤੂਬਰ ਹੈ ਅਤੇ 5 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਜਦੋਂਕਿ 7 ਅਕਤੂਬਰ ਨੂੰ ਬਾਅਦ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਵਾਪਸ ਲਏ ਜਾ ਸਕਣਗੇ। ਇਸ ਤੋਂ ਬਾਅਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ ਅਤੇ 15 ਅਕਤੂਬਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਬੈਲਟ ਬਕਸਿਆਂ ਰਾਹੀਂ ਮਤਦਾਨ ਦਾ ਸਮਾਂ ਤੈਅ ਕੀਤਾ ਗਿਆ ਹੈ। ਵੋਟਾਂ ਦੀ ਗਿਣਤੀ, ਮਤਦਾਨ ਹੋਣ ਤੋਂ ਬਾਅਦ ਉਸੇ ਦਿਨ ਕੀਤੀ ਜਾਵੇਗੀ। ਸਰਪੰਚ ਲਈ ਉਮੀਦਵਾਰ ਦੇ ਚੋਣ ਖ਼ਰਚੇ ਦੀ ਸੀਮਾ 40 ਹਜ਼ਾਰ ਅਤੇ ਪੰਚ ਲਈ 30 ਹਜ਼ਾਰ ਰੁਪਏ ਤੱਕ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਮੁਹਾਲੀ ਦੇ ਚਾਰ ਬਲਾਕਾਂ ਵਿੱਚ ਗਰਾਮ ਪੰਚਾਇਤਾਂ ਦੀਆਂ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੋਟਰਾਂ ਲਈ ਸਾਰੀਆਂ ਲੋੜੀਂਦੀਆਂ ਘੱਟੋ-ਘੱਟ ਸਹੂਲਤਾਂ ਵਾਲੇ 422 ਪੋਲਿੰਗ ਬੂਥ ਬਣਾਏ ਗਏ ਹਨ। ਜ਼ਿਲ੍ਹੇ ਵਿੱਚ 332 ਪੰਚਾਇਤਾਂ ਲਈ 422 ਪੋਲਿੰਗ ਬੂਥ ਅਤੇ 2,96,860 ਵੋਟਰ (ਪੁਰਸ਼ 159028, ਇਸਤਰੀ 137823, ਹੋਰ 9) ਹਨ। ਮੁਹਾਲੀ ਬਲਾਕ ਵਿੱਚ 73 ਪੰਚਾਇਤਾਂ, 116 ਪੋਲਿੰਗ ਬੂਥ ਅਤੇ 87518 ਵੋਟਰ (ਪੁਰਸ਼ 46944, ਇਸਤਰੀ 40570, ਹੋਰ 4), ਬਲਾਕ-ਵਾਰ ਖਰੜ ਬਲਾਕ ਵਿੱਚ 65 ਪੰਚਾਇਤਾਂ, 75 ਪੋਲਿੰਗ ਬੂਥ ਅਤੇ 51128 ਵੋਟਰ (ਪੁਰਸ਼ 27162, ਇਸਤਰੀ 23964, ਹੋਰ 2), ਡੇਰਾਬੱਸੀ ਬਲਾਕ ਵਿੱਚ 93 ਪੰਚਾਇਤਾਂ, 121 ਪੋਲਿੰਗ ਬੂਥ ਅਤੇ 91569 ਵੋਟਰ (ਪੁਰਸ਼ 49041, ਇਸਤਰੀ 42526 ਅਤੇ ਹੋਰ 2) ਅਤੇ ਮਾਜਰੀ ਬਲਾਕ ਵਿੱਚ 101 ਪੰਚਾਇਤਾਂ, 110 ਪੋਲਿੰਗ ਬੂਥ ਅਤੇ 66645 ਵੋਟਰ (ਪੁਰਸ਼ 35881, ਇਸਤਰੀ 30763 ਅਤੇ ਹੋਰ 1) ਹਨ। ਜ਼ਿਲ੍ਹੇ ਵਿੱਚ ਪੰਚਾਂ ਦੀਆਂ ਚੋਣਾਂ ਲਈ ਕੁੱਲ ਵਾਰਡ ਹਨ। ਇਨ੍ਹਾਂ ’ਚੋਂ ਡੇਰਾਬੱਸੀ ਬਲਾਕ ਵਿੱਚ 615, ਮਾਜਰੀ ਬਲਾਕ ਵਿੱਚ 579, ਮੁਹਾਲੀ ਵਿੱਚ 471 ਅਤੇ ਖਰੜ ਵਿੱਚ 466 ਹਨ।
ਉਨ੍ਹਾਂ ਦੱਸਿਆ ਕਿ ਰਿਟਰਨਿੰਗ ਅਫ਼ਸਰਾਂ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਜ਼ਿਲ੍ਹੇ ਵਿੱਚ ਸਮੁੱਚੀ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਬਲਾਕ-ਵਾਰ ਤਾਇਨਾਤ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਨੇ ਨਾਮਜ਼ਦਗੀ ਪੱਤਰ ਪ੍ਰਵਾਨ ਕਰਨੇ ਹਨ। ਪੰਚਾਇਤਾਂ ਦੇ ਰਾਖਵੇਂਕਰਨ ਦੀ ਸੂਚੀ ਜ਼ਿਲ੍ਹੇ ਦੀ ਵੈੱਬਸਾਈਟ sasnagar.nic.in ’ਤੇ ਅਪਲੋਡ ਕੀਤੀ ਗਈ ਹੈ। ਡੀਸੀ ਨੇ ਸਮੂਹ ਸਬੰਧਤ ਧਿਰਾਂ ਅਤੇ ਚਾਹਵਾਨ ਉਮੀਦਵਾਰਾਂ ਨੂੰ ਚੋਣ ਜ਼ਾਬਤੇ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਪੀੜਤ ਦੁਕਾਨਦਾਰਾਂ ਵੱਲੋਂ ਟੀਡੀਆਈ ਦਫ਼ਤਰ ਦੀ ਘੇਰਾਬੰਦੀ ਤੋਂ ਬਾਅਦ ਮੁਰੰਮਤ ਕੰਮ ਸ਼ੁਰੂ ਹੋਏ

ਪੀੜਤ ਦੁਕਾਨਦਾਰਾਂ ਵੱਲੋਂ ਟੀਡੀਆਈ ਦਫ਼ਤਰ ਦੀ ਘੇਰਾਬੰਦੀ ਤੋਂ ਬਾਅਦ ਮੁਰੰਮਤ ਕੰਮ ਸ਼ੁਰੂ ਹੋਏ ਮਾਰਕੀਟ ਦੇ ਮੁੱਖ …