Nabaz-e-punjab.com

ਪੰਚਾਇਤ ਚੋਣਾਂ: ਜ਼ਿਲ੍ਹਾ ਮੁਹਾਲੀ ਵਿੱਚ ਸਰਪੰਚੀ ਲਈ 736 ਤੇ ਪੰਚੀ ਲਈ 2947 ਉਮੀਦਵਾਰ ਚੋਣ ਮੈਦਾਨ ’ਚ

30 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ, ਉਸੇ ਦਿਨ ਸ਼ਾਮ ਨੂੰ ਐਲਾਨਿਆਂ ਜਾਵੇਗਾ ਨਤੀਜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਦਸੰਬਰ:
ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੇ ਤਿੰਨ ਬਲਾਕਾਂ ਖਰੜ, ਮਾਜਰੀ ਅਤੇ ਡੇਰਾਬੱਸੀ ਵਿੱਚ ਗਰਾਮ ਪੰਚਾਇਤਾਂ ਦੀਆਂ 30 ਦਸੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਪ੍ਰਾਪਤ ਹੋਏ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਅਤੇ ਕਾਗਜ ਵਾਪਸੀ ਉਪਰੰਤ ਹੁਣ ਸਰਪੰਚੀ ਲਈ 736 ਅਤੇ ਪੰਚੀ ਲਈ 2947 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਗ੍ਰਾਮ ਪੰਚਾਇਤਾਂ ਆਮ ਚੋਣਾਂ 2018 ਸਬੰਧੀ ਜ਼ਿਲ੍ਹੇ ਦੇ ਤਿੰਨ ਬਲਾਕਾਂ ਵਿੱਚ ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ ਸਰਪੰਚੀ ਲਈ ਕੁੱਲ 736 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਜਿਨ੍ਹਾਂ ’ਚੋਂ 106 ਅਨੁਸੂਚਿਤ ਜਾਤੀ, 103 ਅਨੁਸੂਚਿਤ ਜਾਤੀ (ਅੌਰਤਾਂ), 248 (ਅੌਰਤਾਂ) ਅਤੇ 279 ਜਨਰਲ ਵਰਗ ਨਾਲ ਸਬੰਧਤ ਹਨ। ਇਸੇ ਤਰ੍ਹਾਂ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਤੋਂ ਬਾਅਦ ਪੰਚੀ ਲਈ ਕੁੱਲ 2947 ਉਮੀਦਵਾਰ ਹਨ। ਜਿਨ੍ਹਾਂ ’ਚੋਂ 575 ਅਨੁਸੂਚਿਤ ਜਾਤੀ ਪੁਰਸ਼, 305 ਅਨੁਸੂਚਿਤ ਜਾਤੀ (ਅੌਰਤਾਂ) , 144 ਬੀਸੀ, 864 (ਅੌਰਤਾਂ) ਅਤੇ 1059 ਜਨਰਲ ਵਰਗ ਨਾਲ ਸਬੰਧਤ ਹਨ।
ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ )-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਅਮਰਦੀਪ ਸਿੰਘ ਬੈਂਸ ਨੇ ਦੱਸਿਆ ਕਿ ਬਲਾਕ ਡੇਰਾਬੱਸੀ , ਬਲਾਕ ਮਾਜਰੀ ਅਤੇ ਬਲਾਕ ਖਰੜ ਤੋਂ ਕ੍ਰਮਵਾਰ 220, 206 ਅਤੇ 310 ਉਮੀਦਵਾਰ ਸਰਪੰਚੀ ਲਈ ਆਪਣੀ ਕਿਸਮਤ ਅਜ਼ਮਾਉਣਗੇ। ਜਦੋ ਕਿ ਪੰਚੀ ਲਈ ਉਕਤ ਬਲਾਕਾਂ ਤੋਂ ਕ੍ਰਮਵਾਰ 873 , 823 ਅਤੇ 1251 ਚੋਣ ਮੈਦਾਨ ਵਿੱਚ ਨਿਤਰਨਗੇ। ਜਿਕਰਯੋਗ ਹੈ ਕਿ ਗ੍ਰਾਮ ਪੰਚਾਇਤ ਚੋਣਾਂ 2018 ਲਈ ਵੋਟਾਂ 30 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਕਰਕੇ ਉਸੇ ਦਿਨ ਨਤੀਜਾ ਐਲਾਨਿਆਂ ਜਾਵੇਗਾ।
ਸ੍ਰੀ ਬੈਂਸ ਨੇ ਦੱਸਿਆ ਕਿ ਜ਼ਿਲ੍ਹਾ ਮੁਹਾਲੀ ਵਿੱਚ ਕੁੱਲ 341 ਪਿੰਡ ਹਨ। ਜਿਨ੍ਹਾਂ ’ਚੋਂ 339 ਪਿੰਡਾਂ ਵਿੱਚ ਪੰਚਾਇਤੀ ਚੋਣਾਂ ਕਰਵਾਉਣ ਲਈ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ। ਡੇਰਾਬੱਸੀ ਬਲਾਕ ਦੇ ਦੋ ਪਿੰਡਾਂ ਗੁਰੂ ਨਾਨਕ ਕਲੋਨੀ ਅਤੇ ਦਫ਼ਰਪੁਰ ਦੀ ਟਰਮ ਪੂਰੀ ਨਾ ਹੋਣ ਕਰਕੇ ਇਨ੍ਹਾਂ ਦੋਵੇਂ ਪਿੰਡਾਂ ਦੀ ਚੋਣ ਦੋ ਸਾਲ ਬਾਅਦ 2020 ਵਿੱਚ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸਮੁੱਚੇ ਜ਼ਿਲ੍ਹੇ ਵਿੱਚ ਕੁੱਲ 2097 ਵਾਰਡ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਮੁੱਚੇ ਜ਼ਿਲ੍ਹੇ ਵਿੱਚ 419 ਪੋਲਿੰਗ ਬੂਥ ਬਣਾਏ ਗਏ ਹਨ। ਜਿਨ੍ਹਾਂ ’ਚੋਂ 81 ਬੂਥ ਸੰਵੇਦਨਸ਼ੀਲ ਅਤੇ 50 ਬੂਥ ਅਤਿ ਸੰਵੇਦਨਸ਼ੀਲ ਘੋਸ਼ਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੰਵੇਦਨਸ਼ੀਲ ਬੂਥਾਂ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਇਸ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਬੂਥਾਂ ਨੇੜੇ ਧਾਰਾ 144 ਲਾਗੂ ਕੀਤੀ ਜਾਵੇਗੀ ਅਤੇ ਸੁਰੱਖਿਆ ਪ੍ਰਬੰਧਾਂ ਲਈ ਪੁਲੀਸ ਮੁਖੀ ਨੂੰ ਪੱਤਰ ਲਿਖਿਆ ਗਿਆ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…