ਪੰਚਾਇਤ ਚੋਣਾਂ: ਬੀਡੀਪੀਓ ਤੇ ਦਫ਼ਤਰੀ ਸਟਾਫ਼ ’ਤੇ ‘ਆਪ’ ਦਾ ਹੱਥ ਠੋਕਾ ਬਣ ਕੇ ਕੰਮ ਦਾ ਦੋਸ਼

ਨਬਜ਼-ਏ-ਪੰਜਾਬ, ਮੁਹਾਲੀ, 2 ਅਕਤੂਬਰ:
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਬਲਬੀਰ ਸਿੰਘ ਸਿੱਧੂ ਨੇ ਦੋਸ਼ ਲਾਇਆ ਹੈ ਕਿ ਬੀਡੀਪੀਓ ਦਫਤਰ ਮੁਹਾਲੀ ਦੇ ਅਧਿਕਾਰੀ ਆਮ ਆਦਮੀ ਪਾਰਟੀ ਦੇ ਹੱਥ ਠੋਕਾ ਬਣ ਕੇ ਕਾਂਗਰਸ ਪਾਰਟੀ ਦੇ ਸਮਰਥਕਾਂ ਨੂੰ ਪੰਚਾਇਤੀ ਚੋਣਾਂ ਲੜਨ ਤੋਂ ਰੋਕਣਾ ਚਾਹੁੰਦੇ ਹਨ ਅਤੇ ਬੀਡੀਪੀਓ ਦਫਤਰ ਨੇ ਕਾਂਗਰਸ ਪਾਰਟੀ ਦੇ ਹਮਾਇਤੀਆਂ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਅਤੇ ਅੱਜ ਸ਼ਾਮ ਤੱਕ ਸਾਰਿਆਂ ਨੂੰ ਐਨਸੀਓ ਨਾ ਦਿੱਤੀਆਂ ਤਾਂ ਉਹ ਭਲਕੇ 3 ਅਕਤੂਬਰ ਨੂੰ ਬੀਡੀਪੀਓ ਦਫਤਰ ਦਾ ਘਿਰਾਓ ਕਰਨ ਲਈ ਮਜ਼ਬੂਰ ਹੋਣਗੇ।
ਅੱਜ ਬੀਡੀਪੀਓ ਦਫ਼ਤਰ ਦਾ ਹਾਲ ਦੇਖਣ ਅਤੇ ਪੀੜਤ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਬੀਡੀਪੀਓ ਦਫਤਰ ਦੁਆਰਾ ਆਮ ਆਦਮੀ ਪਾਰਟੀ ਦੇ ਦਬਾਅ ਅਧੀਨ ਕੰਮ ਕੀਤਾ ਜਾ ਰਿਹਾ ਹੈ ਤੇ ਕਾਂਗਰਸੀ ਸਮਰਥਕਾਂ ਨੂੰ ਬਿਨਾਂ ਵਜ੍ਹਾ ਤੰਗ ਪੇਸ਼ਾਨ ਕੀਤਾ ਜਾ ਰਿਹਾ ਹੈ। ਨਾ ਤਾਂ ਕਾਂਗਰਸ ਪਾਰਟੀ ਦੇ ਸਮਰਥਕਾਂ ਨੂੰ ਨੋ ਆਬਜੈਕਸ਼ਨ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ ਅਤੇ ਨਾ ਹੀ ਬੀ.ਡੀ.ਪੀ.ਓ ਸਮੇਂ ਸਿਰ ਲੋਕਾਂ ਨੂੰ ਲੋੜੀਂਦੇ ਫਾਰਮ ਅਤੇ ਹੋਰ ਸਰਟੀਫਿਕੇਟ ਮੁਹੱਈਆ ਕਰਵਾ ਰਹੇ ਹਨ ਜਿਸ ਦੇ ਸਿੱਟੇ ਵਜੋਂ ਪੰਚਾਇਤੀ ਚੋਣਾਂ ਲੜਨ ਦੇ ਚਾਹਵਾਨ ਲੋਕ ਖੱਜਲ-ਖੁਆਰ ਹੋ ਕੇ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਦੁਆਰਾ ਵੱਖ-ਵੱਖ ਵਾਰਡਾਂ ਦੀਆਂ ਵੋਟਰ ਸੂਚੀਆਂ ਮੁਹੱਈਆ ਕਰਵਾਉਣ ਦੇ ਨਾਂਅ ’ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਪ੍ਰਤੀ ਵੋਟਰ ਸੂਚੀ 500 ਰੁਪਏ ਵਸੂਲੇ ਜਾ ਰਹੇ ਹਨ ਜੋ ਕਿ ਆਮ ਲੋਕਾਂ ਦੀ ਜੇਬ ’ਤੇ ਸ਼ਰੇਆਮ ਡਾਕਾ ਹੈ। ਉਨ੍ਹਾਂ ਉਦਾਹਰਣ ਦਿੰਦਿਆਂ ਦੱਸਿਆ ਕਿ ਬਲੌਂਗੀ ਪਿੰਡ ਦੇ 13 ਵਾਰਡਾਂ ਦੀ ਵੋਟਰ ਸੂਚੀ 6500 ਰੁਪਏ ਵਿੱਚ ਮਿਲ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੀਡੀਪੀਓ ਆਮ ਆਦਮੀ ਪਾਰਟੀ ਦੇ ਕਾਰਕੁਨ ਦੀ ਤਰ੍ਹਾਂ ਕੰਮ ਰਿਹਾ ਹੈ ਤਾਂ ਜੋ ਆਪ ਸਮਰਥਕਾਂ ਨੂੰ ਬਿਨਾਂ ਚੋਣਾਂ ਤੋਂ ਹੀ ਜਿਤਾਇਆ ਜਾ ਸਕੇ।
ਆਮ ਆਦਮੀ ਪਾਰਟੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਲੋਕਤੰਤਰ ਦਾ ਕਤਲ ਕਰਨ ’ਤੇ ਉਤਾਰੂ ਹਨ ਪਰ ਉਹ ਅਜਿਹਾ ਹਰਗਿਜ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਹੁਣ ਨਾਮਜ਼ਦਗੀਆਂ ਦਾਖਲ ਕਰਨ ਲਈ ਬਹੁਤ ਥੋੜਾ ਸਮਾਂ ਬਾਕੀ ਰਹਿ ਗਿਆ ਹੈ ਅਤੇ ਜੇਕਰ ਬੀਡੀਪੀਓ ਦਫਤਰ ਆਮ ਆਦਮੀ ਪਾਰਟੀ ਦੇ ਦਬਾਅ ਹੇਠ ਕੰਮ ਕਰਨੋਂ ਬਾਜ਼ ਨਾ ਆਇਆ ਤਾਂ ਉਨ੍ਹਾਂ ਨੂੰ ਧਰਨਾ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪਏਗਾ। ਇਸ ਮੌਕੇ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਮੋਹਨ ਸਿੰਘ ਬਠਲਾਣਾ, ਦੀਪ ਚੰਦ ਗੋਬਿੰਦਗੜ੍ਹ, ਦਵਿੰਦਰ ਸਿੰਘ ਪੱਤੋਂ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ ਨਬਜ਼-ਏ-ਪੰਜਾਬ, ਮੁਹਾਲੀ, 5 ਅਕ…