nabaz-e-punjab.com

ਪੰਚਾਇਤੀ ਚੋਣਾਂ: ਜ਼ਿਲ੍ਹਾ ਮੁਹਾਲੀ ਵਿੱਚ 269 ਪਿੰਡਾਂ ਵਿੱਚ ਪੰਚਾਇਤੀ ਚੋਣਾਂ ਦੇ ਪ੍ਰਬੰਧ ਮੁਕੰਮਲ

417 ਪੋਲਿੰਗ ਬੂਥਾਂ ਲਈ ਚੋਣ ਅਮਲੇ ਨੂੰ ਬੈੱਲਟ ਪੇਪਰ ਤੇ ਹੋਰ ਸਮੱਗਰੀ ਦੇ ਕੇ ਕੀਤਾ ਰਵਾਨਾ, 3 ਹਜ਼ਾਰ ਮੁਲਾਜ਼ਮ ਤਾਇਨਾਤ

ਪੋਲਿੰਗ ਬੂਥਾਂ ’ਤੇ ਸੁਰੱਖਿਆ ਪ੍ਰਬੰਧਾਂ ਲਈ 1600 ਤੋਂ ਵੱਧ ਪੁਲੀਸ ਅਧਿਕਾਰੀ ਤੇ ਮੁਲਾਜ਼ਮ ਦੇਣਗੇ ਡਿਊਟੀ

ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ, ਇਸ ਮਗਰੋਂ ਗਿਣਤੀ ਕਰਕੇ ਥੂਥਾਂ ’ਤੇ ਐਲਾਨਿਆਂ ਜਾਵੇਗਾ ਨਤੀਜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਦਸੰਬਰ:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਚਾਇਤ ਚੋਣਾਂ ਲਈ ਸਾਰੀਆਂ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਅੱਜ ਚੋਣ ਅਮਲੇ ਨੂੰ ਬੈਲਟ ਪੇਪਰ ਅਤੇ ਹੋਰ ਲੋੜੀਂਦੀ ਚੋਣ ਸਮੱਗਰੀ ਦੇ ਕੇ ਵੱਖ-ਵੱਖ ਪੋਲਿੰਗ ਬੂਥਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ। ਅੱਜ ਦੇਰ ਸ਼ਾਮ ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਏਡੀਸੀ (ਵਿਕਾਸ) ਅਮਰਦੀਪ ਸਿੰਘ ਬੈਂਸ ਨੇ ਦੱਸਿਆ ਕਿ ਜ਼ਿਲ੍ਹਾ ਮੁਹਾਲੀ ਵਿੱਚ 341 ਹਨ। ਇਨ੍ਹਾਂ ’ਚੋਂ ਡੇਰਾਬੱਸੀ ਬਲਾਕ ਦੇ ਦੋ ਪਿੰਡਾਂ ਗੁਰੂ ਨਾਨਕ ਕਲੋਨੀ ਅਤੇ ਦਫ਼ਰਪੁਰ ਪੰਚਾਇਤ ਦੀ ਮਿਆਦ ਦੋ ਸਾਲ ਬਾਅਦ ਖ਼ਤਮ ਹੋਣੀ ਹੈ। ਬਾਕੀ 339 ਪਿੰਡਾਂ ਚੋਂ 63 ਪਿੰਡਾਂ ਵਿੱਚ ਆਪਸੀ ਸਹਿਮਤੀ ਨਾਲ ਪੰਚਾਇਤਾਂ ਚੁਣੀਆਂ ਗਈਆਂ ਹਨ। ਜਦੋਂਕਿ ਸੱਤ ਪਿੰਡਾਂ ਵਿੱਚ ਬਾਅਦ ਵਿੱਚ ਉਪ ਚੋਣ ਕਰਵਾਈ ਜਾਵੇਗੀ।
ਸ੍ਰੀ ਬੈਂਸ ਨੇ ਦੱਸਿਆ ਕਿ ਪਿੰਡ ਮੱਛਲੀ ਖੁਰਦ ਅਤੇ ਜੋਧਪੁਰ ’ਚੋਂ ਕਿਸੇ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ ਹਨ ਜਦੋਂਕਿ ਪਿੰਡ ਫਿਰੋਜ਼ਪੁਰ ਬੰਗਰ ਵਿੱਚ ਦੋ, ਕੰਡਾਲਾ, ਮਜਾਤੜੀ, ਚੋਟਾਲੀ ਅਤੇ ਭਜੋਲੀ ਵਿੱਚ 1-1 ਪੰਚੀ ਦੇ ਉਮੀਦਵਾਰਾਂ ਦੀ ਚੋਣ ਬਾਅਦ ਵਿੱਚ ਕਰਵਾਈ ਜਾਵੇਗੀ। ਇਸ ਹੁਣ ਤੱਕ ਕੁੱਲ 269 ਪਿੰਡਾਂ ਵਿੱਚ ਸਰਪੰਚੀ ਅਤੇ ਪੰਚੀ ਲਈ ਭਲਕੇ 30 ਦਸੰਬਰ ਨੂੰ ਵੋਟਾਂ ਪੈਣਗੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ (ਮੁਹਾਲੀ) ਵਿੱਚ ਪੰਚਾਇਤੀ ਚੋਣਾਂ ਲਈ 417 ਪੋਲਿੰਗ ਬੂਥ ਬਣਾਏ ਗਏ ਹਨ। ਐਤਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਇਸ ਮਗਰੋਂ ਬੂਥਾਂ ਉੱਤੇ ਹੀ ਵੋਟਾਂ ਦੀ ਗਿਣਤੀ ਕਰਕੇ ਨਤੀਜਾ ਘੋਸ਼ਿਤ ਕੀਤਾ ਜਾਵੇਗਾ। ਚੋਣਾਂ ਲਈ ਲਗਭਗ 2085 ਸਿਵਲ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਹਰੇਕ ਬੂਥ ’ਤੇ 5 ਮੁਲਾਜ਼ਮ ਬਤੌਰ ਪੋਲਿੰਗ ਸਟਾਫ਼ ਡਿਊਟੀ ਦੇਣਗੇ ਜਦੋਂਕਿ ਚੋਣ ਅਮਲੇ ਦੀ ਮਦਦ ਤੇ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਨਿਗਰਾਨੀ ਲਈ ਚੋਣ ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਗਏ ਹਨ।ਇਸ ਤੋਂ ਇਲਾਵਾ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ 1600 ਪੁਲੀਸ ਅਧਿਕਾਰੀ ਅਤੇ ਮੁਲਾਜ਼ਮ ਪੋਲਿੰਗ ਬੂਥਾਂ ਦੇ ਅੰਦਰ ਅਤੇ ਬਾਹਰ ਡਿਊਟੀ ਦੇਣਗੇ।
ਸ੍ਰੀ ਬੈਂਸ ਨੇ ਦੱਸਿਆ ਕਿ ਕੁੱਲ 339 ਪੰਚਾਇਤਾਂ ’ਚੋਂ 63 ਪਿੰਡਾਂ ਵਿੱਚ ਪੁਰੀ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ। ਜਦੋਂ ਕਿ 82 ਪਿੰਡਾਂ ਦੇ ਸਰਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ ਜਦੋਂਕਿ ਇਨ੍ਹਾਂ ਪਿੰਡਾਂ ਵਿੱਚ ਪੰਚਾਂ ਦੀ ਚੋਣ ਹੋਵੇਗੀ। ਉਨ੍ਹਾਂ ਦੱਸਿਆ ਕਿ ਡੇਰਾਬਸੀ ਵਿੱਚ ਸਰਬਸੰਮਤੀ ਨਾਲ 14 ਸਰਪੰਚ ਅਤੇ 317 ਪੰਚ, ਮੁਹਾਲੀ ਅਤੇ ਖਰੜ ਵਿੱਚ 34 ਸਰਪੰਚ ਅਤੇ 483 ਪੰਚ, ਮਾਜਰੀ ਵਿੱਚ 34 ਸਰਪੰਚ ਅਤੇ 415 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਉਨ੍ਹਾਂ ਦੱਸਿਆ ਕਿ ਡੇਰਾਬਸੀ ਵਿੱਚ 118, ਮੁਹਾਲੀ\ਖਰੜ ਵਿੱਚ 179 ਅਤੇ ਮਾਜਰੀ ਵਿੱਚ 120 ਪੋਲਿੰਗ ਬੂਥ ਬਣਾਏ ਗਏ ਹਨ।
ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਅਤੇ ਲਾਲਚ ਤੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।
ਉਧਰ, ਮੁਹਾਲੀ ਦੇ ਐਸਪੀ (ਟਰੈਫ਼ਿਕ)-ਕਮ-ਚੋਣਾਂ ਸਬੰਧੀ ਨੋਡਲ ਅਫ਼ਸਰ ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਪੰਚਾਇਤ ਚੋਣਾਂ ਅਮਨ ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪੁਲੀਸ ਵੱਲੋਂ ਪੋਲਿੰਗ ਬੂਥਾਂ ’ਤੇ ਸਖ਼ਤ ਸੁਰੱਖਿਆ ਇੰਤਜਾਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 1600 ਅਧਿਕਾਰੀ ਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਜਿਨ੍ਹਾਂ ਵਿੱਚ 3 ਐਸਪੀ, 7 ਡੀਐਸਪੀ, 74 ਐਸਐਚਓ ਰੈਂਕ ਦੇ ਅਧਿਕਾਰੀ ਸ਼ਾਮਲ ਹਨ। ਇਸ ਤੋਂ ਇਲਾਵਾ ਸਬੰਧਤ ਇਲਾਕਿਆਂ ਦੇ ਥਾਣਾ ਮੁਖੀਆਂ ਨੂੰ ਪੁਰੀ ਮੂਸਤੈਦੀ ਨਾਲ ਕੰਮ ਕਰਨ ਦੇ ਹੁਕਮ ਚਾੜੇ ਗਏ ਹਨ। ਐਸਪੀ ਨੇ ਦੱਸਿਆ ਕਿ 850 ਪੁਲੀਸ ਮੁਲਾਜ਼ਮ ਪੋਲਿੰਗ ਬੂਥਾਂ ’ਤੇ ਤਾਇਨਾਤ ਕੀਤੇ ਗਏ ਹਨ ਅਤੇ ਸੰਵੇਦਨਸ਼ੀਲ ਬੂਥਾਂ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਪੁਰੇ ਜ਼ਿਲ੍ਹੇ ਵਿੱਚ 27 ਪੈਟਰੋਲਿੰਗ ਪਾਰਟੀਆਂ ਵੱਲੋਂ ਅੱਜ ਸ਼ਾਮ ਤੋਂ 24 ਘੰਟੇ ਪੁਲੀਸ ਗਸ਼ਤ ਕੀਤੀ ਜਾਵੇਗੀ ਅਤੇ 26 ਪੁਲੀਸ ਨਾਕੇ ਲਗਾਏ ਜਾਣਗੇ। ਇਸ ਤੋਂ ਇਲਾਵਾ ਐਸਐਸਪੀ ਅਤੇ ਨੋਡਲ ਅਫ਼ਸਰ ਨਾਲ ਪੁਲੀਸ ਫੋਰਸ ਸਮੇਤ 50 ਮੁਲਾਜ਼ਮ ਐਮਰੀਜੈਂਸੀ ਡਿਊਟੀ ਲਈ ਰਿਜ਼ਰਵ ਰੱਖੇ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…