Nabaz-e-punjab.com

ਪੰਚਾਇਤ ਚੋਣਾਂ: ਹਾਈ ਕੋਰਟ ਦੇ ਫੈਸਲੇ ਮਗਰੋਂ ਮੁਹਾਲੀ ਵਿੱਚ ਚੋਣ ਅਧਿਕਾਰੀ ਨੇ ਪੀੜਤ ਉਮੀਦਵਾਰਾਂ ਦੇ ਇਤਰਾਜ਼ ਸੁਣੇ

ਪੀੜਤ ਉਮੀਦਵਾਰਾਂ ਨੂੰ ਇਨਸਾਫ਼ ਮਿਲਣ ਦੀ ਆਸ ਬੱਝੀ, ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਲੈ ਕੇ ਪੁੱਜੇ ਪੀੜਤ ਉਮੀਦਵਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਦਸੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਗਰਾਮ ਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਮੈਦਾਨ ਪੁਰੀ ਤਰ੍ਹਾਂ ਭਖ ਗਿਆ ਹੈ ਅਤੇ ਚੋਣ ਪ੍ਰਚਾਰ ਦੌਰਾਨ ਇੱਕ ਦੂਜੇ ਵਿਰੁੱਧ ਦੂਸ਼ਣਬਾਜ਼ੀ ਕਰਨ ਦੇ ਨਾਲ ਨਾਲ ਵਿਕਾਸ ਪੱਖੋਂ ਪਿੰਡਾਂ ਦੀ ਨੁਹਾਰ ਬਦਲਣ ਦੇ ਸੁਪਨੇ ਵੀ ਦਿਖਾਏ ਜਾ ਰਹੇ ਹਨ। ਉਧਰ, ਨਾਮਜ਼ਦਗੀ ਪੱਤਰ ਰੱਦ ਹੋਣ ਦੇ ਮਾਮਲੇ ਵਿੱਚ ਹਾਈ ਕੋਰਟ ਦਾ ਤਾਜ਼ਾ ਫੈਸਲਾ ਆਉਣ ਤੋਂ ਬਾਅਦ ਪੀੜਤ ਉਮੀਦਵਾਰਾਂ ਨੂੰ ਇਨਸਾਫ਼ ਦੀ ਆਸ ਬੱਝ ਗਈ ਹੈ। ਹਾਲਾਂਕਿ ਬੀਤੇ ਦਿਨੀਂ ਕ੍ਰਿਸਮਸ ਤਿਉਹਾਰ ਦੀ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਚੋਣਾਂ ਸਬੰਧੀ ਵਧੀਕ ਚੋਣ ਅਫ਼ਸਰ ਦਾ ਦਫ਼ਤਰ ਖੁੱਲ੍ਹਾ ਸੀ ਅਤੇ ਪੀੜਤ ਵਿਅਕਤੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਹਨ ਪ੍ਰੰਤੂ ਅੱਜ ਵੱਡੀ ਗਿਣਤੀ ਵਿੱਚ ਲੋਕ ਸ਼ਿਕਾਇਤਾਂ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪਹੁੰਚ ਗਏ। ਇਸ ਮੌਕੇ ਮੁਹਾਲੀ ਦੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਏਡੀਸੀ (ਵਿਕਾਸ) ਅਮਰਦੀਪ ਸਿੰਘ ਬੈਂਸ ਨੇ ਦਫ਼ਤਰ ਵਿੱਚ ਪੀੜਤ ਉਮੀਦਵਾਰਾਂ ਦੇ ਇਤਰਾਜ਼ ਸੁਣੇ ਅਤੇ ਉਨ੍ਹਾਂ ਨੂੰ ਨਿਯਮਾਂ ਤਹਿਤ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ।
ਇਸ ਮੌਕੇ ਪਿੰਡ ਚੱਪੜਚਿੜੀ ਖੁਰਦ ਵਿੱਚ ਵਾਰਡ ਨੰਬਰ-4 ਤੋਂ ਪੀੜਤ ਉਮੀਦਵਾਰ ਬੀਬੀ ਮਲਕੀਤ ਕੌਰ ਨੇ ਲਿਖਤੀ ਸ਼ਿਕਾਇਤ ਦੇ ਕੇ ਚੋਣ ਅਧਿਕਾਰੀ ਨੂੰ ਦੱਸਿਆ ਕਿ ਉਸ ਨੇ ਅਨੁਸੂਚਿਤ ਜਾਤੀ ਅੌਰਤਾਂ ਲਈ ਰਾਖਵੇਂ ਵਾਰਡ ਤੋਂ ਪੰਚੀ ਦੀ ਚੋਣ ਲੜਨ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ ਪ੍ਰੰਤੂ ਰਿਟਰਨਿੰਗ ਅਫ਼ਸਰ ਨੇ ਇਹ ਕਹਿ ਕੇ ਉਸ ਦੇ ਪੇਪਰ ਰੱਦ ਕਰ ਦਿੱਤੇ ਕਿ ਦਸਤਾਵੇਜ਼ਾਂ ਨਾਲ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਨੱਥੀ ਨਹੀਂ ਸੀ। ਇਸ ਬਾਰੇ ਉਨ੍ਹਾਂ ਅਧਿਕਾਰੀ ਨੂੰ ਦੱਸਿਆ ਕਿ ਉਸ ਨੇ ਬੀਤੀ 14 ਦਸੰਬਰ ਨੂੰ ਤਹਿਸੀਲ ਦਫ਼ਤਰ ਵਿੱਚ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਬਣਾਉਣ ਲਈ ਅਰਜ਼ੀ ਦਿੱਤੀ ਸੀ ਲੇਕਿਨ ਅਧਿਕਾਰੀ ਨੇ ਉਸ ਨੂੰ ਰਸੀਦ ਤਾਂ ਦੇ ਦਿੱਤੀ ਪ੍ਰੰਤੂ ਜਾਤੀ ਸਰਟੀਫਿਕੇਟ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੀ ਤਰੀਕ ਲੰਘ ਜਾਣ ਤੋਂ ਬਾਅਦ ਦਿੱਤਾ ਗਿਆ। ਜਦੋਂਕਿ ਚੋਣਾਂ ਸਬੰਧੀ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਸਰਟੀਫਿਕੇਟ ਜਾਰੀ ਕਰਨਾ ਬਣਦਾ ਸੀ।
ਬਲੌਂਗੀ ਕਲੋਨੀ ਦੇ ਇੱਕ ਉਮੀਦਵਾਰ ਨੇ ਅਧਿਕਾਰੀ ਨੂੰ ਦੱਸਿਆ ਕਿ ਉਹ ਬਲੌਂਗੀ ਕਲੋਨੀ ਤੋਂ ਚੋਣ ਲੜਨਾ ਚਾਹੁੰਦੇ ਸੀ ਪ੍ਰੰਤੂ ਗਲਤੀ ਨਾਲ ਉਨ੍ਹਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰਨ ਸਮੇਂ ਕਲੋਨੀ ਦੀ ਥਾਂ ਪਿੰਡ ਬਲੌਂਗੀ ਲਿਖ ਹੋ ਗਿਆ ਸੀ, ਜਿਸ ਕਾਰਨ ਉਸ ਦੇ ਕਾਗਜ ਰੱਦ ਕੀਤੇ ਗਏ। ਇੰਝ ਹੀ ਹਰਨੇਕ ਸਿੰਘ ਸਮੇਤ ਕਈ ਹੋਰਨਾਂ ਉਮੀਦਵਾਰਾਂ ਨੇ ਉਨ੍ਹਾਂ ਨਾਲ ਪੱਖਪਾਤ ਕਰਨ ਦਾ ਦੋਸ਼ ਲਗਾਉਂਦਿਆਂ ਇਨਸਾਫ਼ ਦੀ ਗੁਹਾਰ ਲਗਾਈ ਗਈ। ਇਨ੍ਹਾਂ ’ਚੋਂ ਕਈ ਵਿਅਕਤੀਆਂ ਨੇ ਵੀ ਆਪਣੇ ਨਾਲ ਹੋਈ ਕਥਿਤ ਵਧੀਕੀਆਂ ਬਾਰੇ ਸ਼ਿਕਾਇਤਾਂ ਦਿੱਤੀਆਂ ਹਨ।
ਇਸ ਮੌਕੇ ਏਡੀਸੀ (ਵਿਕਾਸ) ਅਮਰਦੀਪ ਸਿੰਘ ਬੈਂਸ ਨੇ ਦੱਸਿਆ ਕਿ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਪੀੜਤ ਉਮੀਦਵਾਰਾਂ ਨੂੰ ਆਪਣੇ ਇਤਰਾਜ ਦੇਣ ਦੀ ਮੋਹਲਤ ਦਿੱਤੀ ਗਈ ਹੈ ਅਤੇ ਅੱਜ ਉਨ੍ਹਾਂ ਨੇ ਆਪਣੇ ਦਫ਼ਤਰ ਵਿੱਚ ਸ਼ਿਕਾਇਤਾਂ ਲੈ ਕੇ ਪੁੱਜੇ ਵਿਅਕਤੀਆਂ ਦੇ ਇਤਰਾਜ਼ ਸੁਣੇ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਨ੍ਹਾਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਆਪਣੀ ਗਲਤੀ ਕਾਰਨ ਰੱਦ ਹੋਏ ਹਨ। ਉਨ੍ਹਾਂ ਨੂੰ ਮੁੜ ਤੋਂ ਨਹੀਂ ਵਿਚਾਰਿਆ ਜਾਵੇਗਾ। ਹੁਣ ਸਿਰਫ਼ ਉਨ੍ਹਾਂ ਹੀ ਉਮੀਦਵਾਰਾਂ ਦੇ ਇਤਰਾਜ਼ ਸੁਣੇ ਜਾਣਗੇ। ਜਿਨ੍ਹਾਂ ਦੇ ਪੇਪਰ ਕਿਸੇ ਤਕਨੀਕੀ ਗਲਤੀ ਕਾਰਨ ਰੱਦ ਹੋਏ ਹਨ। ਉਨ੍ਹਾਂ ਦੱਸਿਆ ਕਿ ਪੀੜਤ ਵਿਅਕਤੀਆਂ ਦੀਆਂ ਸ਼ਿਕਾਇਤਾਂ ਦੀ ਵੱਖ-ਵੱਖ ਪਹਿਲੂਆਂ ’ਤੇ ਪੜਤਾਲ ਕੀਤੀ ਜਾਵੇਗੀ ਅਤੇ ਸਬੰਧਤ ਰਿਟਰਨਿੰਗ ਅਧਿਕਾਰੀ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …