ਪੰਚਾਇਤ ਚੋਣਾਂ: ਅਖੀਰਲੇ ਦਿਨ 4898 ਵਿਅਕਤੀਆਂ ਨੇ ਕੀਤੇ ਨਾਮਜ਼ਦਗੀ ਪੱਤਰ ਦਾਖ਼ਲ

ਮੁਹਾਲੀ ਜ਼ਿਲ੍ਹੇ ਵਿੱਚ ਸਰਪੰਚੀ 1446 ਲਈ ਅਤੇ 3890 ਪੰਚੀ ਦੇ ਉਮੀਦਵਾਰਾਂ ਨੇ ਭਰੇ ਫਾਰਮ

ਦੇਰ ਸ਼ਾਮ ਸਥਿਤੀ ਤਣਾਅ ਪੂਰਨ ਬਣੀ, ਡੀਐਸਪੀ ਬੱਲ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਕੀਤਾ ਸ਼ਾਂਤ

ਨਬਜ਼-ਏ-ਪੰਜਾਬ, ਮੁਹਾਲੀ, 4 ਅਕਤੂਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪੰਚਾਇਤ ਚੋਣਾਂ ਨੂੰ ਲੈ ਕੇ ਪਿੰਡਾਂ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅਖੀਰਲੇ ਦਿਨ ਵਿਅਕਤੀਆਂ ਨੇ ਫਾਰਮ ਭਰੇ। ਸ਼ਾਮ ਨੂੰ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਨਗਰ ਨਿਗਮ ਦੇ ਬਾਹਰ ਖੜੇ ਉਮੀਦਵਾਰ ਅਤੇ ਸਮਰਥਕ ਅੰਦਰ ਜਾਣ ਦੀ ਜ਼ਿੱਦ ਕਰਨ ਲੱਗ ਪਏ। ਭੀੜ ’ਤੇ ਕਾਬੂ ਪਾਉਣ ਲਈ ਮੁਹਾਲੀ ਦੇ ਸਾਰੇ ਥਾਣਿਆਂ ਦੇ ਐਸਐਚਓਜ਼ ਤੇ ਹੋਰ ਪੁਲੀਸ ਫੋਰਸ ਨੂੰ ਮੌਕੇ ’ਤੇ ਸੱਦਿਆ ਗਿਆ। ਸੂਚਨਾ ਮਿਲਦੇ ਹੀ ਡੀਐਸਪੀ ਹਰਸਿਮਰਨ ਸਿੰਘ ਬੱਲ ਵੀ ਮੌਕੇ ’ਤੇ ਪਹੁੰਚ ਗਏ ਅਤੇ ਲੋਕਾਂ ਨੂੰ ਕਾਨੂੰਨ ਦਾ ਪਾਠ ਪੜ੍ਹਾਉਂਦੇ ਹੋਏ ਮਾਹੌਲ ਸ਼ਾਂਤ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਤਿੰਨ ਵਜੇ ਤੱਕ ਨਿਗਮ ਦਫ਼ਤਰ ਵਿੱਚ ਦਾਖ਼ਲ ਹੋ ਗਏ ਸੀ, ਉਨ੍ਹਾਂ ਸਾਰਿਆਂ ਦੇ ਫਾਰਮ ਭਰੇ ਜਾਣਗੇ। ਇੰਜ ਦੇਰ ਸ਼ਾਮ ਤੱਕ ਫਾਰਮ ਜਮ੍ਹਾ ਕਰਨ ਦਾ ਸਿਲਸਿਲਾ ਜਾਰੀ ਰਿਹਾ।
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਸ਼ੁੱਕਰਵਾਰ ਨੂੰ 4898 ਵਿਅਕਤੀਆਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਹੁਣ ਤੱਕ 5390 ਵਿਅਕਤੀਆਂ ਦੇ ਫਾਰਮ ਜਮ੍ਹਾ ਹੋਏ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦੀ ਬਲਾਕ-ਵਾਰ ਵੰਡ ਵਿੱਚ ਮੁਹਾਲੀ ਬਲਾਕ ਦੀਆਂ 73 ਗਰਾਮ ਪੰਚਾਇਤਾਂ ਵਿੱਚ ਸਰਪੰਚੀ ਲਈ ਕੁੱਲ 314 ਅਤੇ ਪੰਚੀ ਲਈ 970 ਵਿਅਕਤੀਆਂ ਨੇ ਪੇਪਰ ਜਮ੍ਹਾ ਕਰਵਾਏ ਹਨ। ਖਰੜ ਬਲਾਕ ਦੇ 65 ਪੰਚਾਇਤਾਂ ਲਈ ਸਰਪੰਚੀ ਲਈ ਕੁੱਲ 275 ਅਤੇ ਪੰਚਾਂ ਲਈ 669 ਨਾਮਜ਼ਦਗੀਆਂ ਹੋਈਆਂ ਹਨ। ਇੰਜ ਹੀ ਡੇਰਾਬੱਸੀ ਬਲਾਕ ਵਿੱਚ 93 ਪੰਚਾਇਤਾਂ ਲਈ ਸਰਪੰਚੀ ਲਈ ਕੁੱਲ 505 ਅਤੇ ਪੰਚੀ ਲਈ 1336 ਵਿਅਕਤੀਆਂ ਨੇ ਨਾਮਜ਼ਦਗੀਆਂ ਅਤੇ ਮਾਜਰੀ ਬਲਾਕ ਵਿੱਚ 101 ਪੰਚਾਇਤਾਂ ਲਈ ਸਰਪੰਚੀ ਲਈ ਕੱਲ 352 ਅਤੇ ਪੰਚੀ ਲਈ 915 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਇਸ ਤਰ੍ਹਾਂ ਹੁਣ ਤੱਕ ਸਰਪੰਚੀ ਲਈ 1446 ਅਤੇ ਪੰਚੀ ਲਈ 3890 ਉਮੀਦਵਾਰਾਂ ਨੇ ਫਾਰਮ ਭਰੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਉਮੀਦਵਾਰਾਂ ਕੋਲ ਐਨਓਸੀ ਨਹੀਂ ਸੀ, ਉਨ੍ਹਾਂ ਤੋਂ ਹਲਫਨਾਮਾ ਲੈ ਕੇ ਫਾਰਮ ਭਰੇ ਗਏ ਹਨ ਤਾਂ ਜੋ ਕਿਸੇ ਵਿਅਕਤੀ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਕਿ ਚੁੱਲ੍ਹਾ ਟੈਕਸ ਅਤੇ ਐਨਓਸੀ ਤੋਂ ਲੈ ਕੇ ਨਾਮਜ਼ਦਗੀ ਪੱਤਰ ਦਾਖ਼ਲ ਤੱਕ ਸਾਰਾ ਕੰਮ ਪੂਰੀ ਪਾਰਦਰਸ਼ਤਾ ਨਾਲ ਕੀਤਾ ਗਿਆ ਹੈ, ਗੜਬੜੀ ਦੀ ਕੋਈ ਗੁਜਾਇੰਸ ਨਹੀਂ ਹੈ।
ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਕੁੱਲ 332 ਗਰਾਮ ਪੰਚਾਇਤਾਂ ਹਨ। ਭਲਕੇ 5 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। ਸੱਤ ਅਕਤੂਬਰ ਨੂੰ ਬਾਅਦ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਵਾਪਸ ਲਏ ਜਾ ਸਕਣਗੇ। ਇਸ ਤੋਂ ਬਾਅਦ ਸਬੰਧਤ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 15 ਅਕਤੂਬਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਬੈਲਟ ਬਕਸਿਆਂ ਰਾਹੀਂ ਮਤਦਾਨ ਦਾ ਸਮਾਂ ਤੈਅ ਕੀਤਾ ਗਿਆ ਹੈ। ਵੋਟਾਂ ਦੀ ਗਿਣਤੀ, ਮਤਦਾਨ ਹੋਣ ਤੋਂ ਬਾਅਦ ਉਸੇ ਦਿਨ ਕੀਤੀ ਜਾਵੇਗੀ। ਸਰਪੰਚ ਲਈ ਉਮੀਦਵਾਰ ਦੇ ਚੋਣ ਖ਼ਰਚੇ ਦੀ ਸੀਮਾ 40 ਹਜ਼ਾਰ ਅਤੇ ਪੰਚ ਲਈ 30 ਹਜ਼ਾਰ ਰੁਪਏ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਿਟਰਨਿੰਗ ਅਫ਼ਸਰਾਂ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਜ਼ਿਲ੍ਹੇ ਵਿੱਚ ਸਮੁੱਚੀ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਬਲਾਕ-ਵਾਰ ਤਾਇਨਾਤ ਕੀਤਾ ਗਿਆ ਹੈ। ਪੰਚਾਇਤਾਂ ਦੇ ਰਾਖਵੇਂਕਰਨ ਦੀ ਸੂਚੀ ਜ਼ਿਲ੍ਹੇ ਦੀ ਵੈੱਬਸਾਈਟ sasnagar.nic.in ਉੱਤੇ ਅਪਲੋਡ ਕੀਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਵੱਡੀ ਲਾਪਰਵਾਹੀ: ਪੰਚਾਇਣ ਚੋਣਾਂ ਸਬੰਧੀ ਅਸਲਾ ਜਮ੍ਹਾ ਕਰਵਾਉਣਾ ਭੁੱਲੀ ਸਰਕਾਰ

ਵੱਡੀ ਲਾਪਰਵਾਹੀ: ਪੰਚਾਇਣ ਚੋਣਾਂ ਸਬੰਧੀ ਅਸਲਾ ਜਮ੍ਹਾ ਕਰਵਾਉਣਾ ਭੁੱਲੀ ਸਰਕਾਰ ਪਿੰਡ ਮਨੌਲੀ ਦੇ ਜਤਿੰਦਰ ਸਿੰਘ…