nabaz-e-punjab.com

ਪੰਚਾਇਤ ਚੋਣਾਂ: ਅਧਿਕਾਰੀ ਦਫ਼ਤਰ ਵਿੱਚ ਨਾ ਮਿਲਣ ਕਾਰਨ ਚੋਣਾਂ ਲੜਨ ਦੇ ਚਾਹਵਾਨ ਖੱਜਲ-ਖੁਆਰ

ਮੁਹਾਲੀ ਜ਼ਿਲ੍ਹੇ ਵਿੱਚ ਵੱਖ-ਵੱਖ ਸਰਪੰਚੀ ਅਤੇ ਪੰਚੀ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ

ਨਬਜ਼-ਏ-ਪੰਜਾਬ, ਮੁਹਾਲੀ, 1 ਅਕਤੂਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪੰਚਾਇਤ ਚੋਣਾਂ ਨੂੰ ਲੈ ਕੇ ਪਿੰਡਾਂ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ ਅਤੇ ਪਿਆਕੜਾਂ ਨੂੰ ਮੌਜਾਂ ਲੱਗੀਆਂ ਹੋਈਆਂ ਹਨ। ਹਾਲਾਂਕਿ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੰਡਾਂ ਵਿੱਚ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਬਣਾਉਣ ਲਈ ਬਿਨਾਂ ਪਾਰਟੀ ਚੋਣ ਨਿਸ਼ਾਨ ਤੋਂ ਆਜ਼ਾਦ ਪੰਚਾਇਤ ਚੋਣਾਂ ਲੜੀਆਂ ਜਾ ਰਹੀਆਂ ਹਨ ਪ੍ਰੰਤੂ ਇਸ ਸਭ ਦੇ ਬਾਵਜੂਦ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਸਿੱਧੀ ਦਖ਼ਲਅੰਦਾਜ਼ੀ ਭਾਰੂ ਹੈ। ਉਧਰ, ਦਫ਼ਤਰਾਂ ਵਿੱਚ ਬੀਡੀਪੀਓ ਅਤੇ ਹੋਰ ਸਬੰਧਤ ਅਧਿਕਾਰੀ ਨਾ ਮਿਲਣ ਕਾਰਨ ਚੋਣਾਂ ਲੜਨ ਦੇ ਚਾਹਵਾਨ ਵਿਅਕਤੀਆਂ ਨੂੰ ਕਾਫ਼ੀ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਜਦੋਂਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਸਿਰਫ਼ ਤਿੰਨ ਦਿਨ ਬਾਕੀ ਬਚੇ ਹਨ। ਅੱਜ ਇਤਿਹਾਸਕ ਨਗਰ ਚੱਪੜਚਿੜੀ ਖ਼ੁਰਦ ਅਤੇ ਚੱਪੜਚਿੜੀ ਕਲਾਂ ਸਮੇਤ ਪਿੰਡ ਲਖਨੌਰ ਅਤੇ ਹੋਰਨਾਂ ਪਿੰਡਾਂ ਦੇ ਵਿਅਕਤੀ ਬੀਡੀਪੀਓ ਦਫ਼ਤਰ ਪਹੁੰਚੇ ਸੀ।
ਚੱਪੜਚਿੜੀ ਖ਼ੁਰਦ ਦੀ ਤਤਕਾਲੀ ਸਰਪੰਚ ਰਾਜਵੀਰ ਕੌਰ ਨੇ ਦੱਸਿਆ ਕਿ ਉਸ ਨੇ ਬੀਤੀ 28 ਸਤੰਬਰ ਨੂੰ ਫਾਰਮ ਭਰੇ ਸਨ ਲੇਕਿਨ ਹੁਣ ਤੱਕ ਐਨਓਸੀ ਨਹੀਂ ਮਿਲੀ। ਅੱਜ ਸ਼ਾਮ ਸਾਢੇ 4 ਵਜੇ ਬੀਡੀਪੀਓ ਨੂੰ ਮਿਲੇ ਸੀ ਪਰ ਉਹ ਤੁਰੰਤ ਫਿਰ ਕਿਸੇ ਮੀਟਿੰਗ ਵਿੱਚ ਚਲੇ ਗਏ। ਹੁਣ ਉਨ੍ਹਾਂ ਨੂੰ ਭਲਕੇ ਬੁੱਧਵਾਰ ਨੂੰ ਦਫ਼ਤਰ ਆਉਣ ਲਈ ਕਿਹਾ ਗਿਆ ਹੈ। ਹੋਰਨਾਂ ਪਿੰਡਾਂ ’ਚੋਂ ਵੀ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਪੰਚਾਇਤ ਸਕੱਤਰ ਵੀ ਰਿਪੋਰਟਾਂ ਤਿਆਰ ਕਰਕੇ ਦੇਣ ਵਿੱਚ ਆਨਾਕਾਨੀ ਕਰ ਰਹੇ ਹਨ।
ਚੱਪੜਚਿੜੀ ਕਲਾਂ ਦੇ ਸਾਬਕਾ ਸਰਪੰਚ ਗੁਰਮੇਲ ਸਿੰਘ, ਸੋਹਨ ਸਿੰਘ ਅਤੇ ਮਹਿਲਾ ਉਮੀਦਵਾਰ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਪਿੱਛੇ ਤਿੰਨ ਦਿਨਾਂ ਤੋਂ ਦਫ਼ਤਰਾਂ ਵਿੱਚ ਧੱਕੇ ਖਾ ਰਹੇ ਹਨ ਲੇਕਿਨ ਕੋਈ ਅਧਿਕਾਰੀ ਅਤੇ ਕਰਮਚਾਰੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਹ ਅੱਜ ਪਹਿਲਾਂ ਸਵੇਰੇ ਬੀਡੀਪੀਓ ਨੂੰ ਮਿਲਣ ਗਏ ਲੇਕਿਨ ਉਹ ਦਫ਼ਤਰ ਵਿੱਚ ਨਹੀਂ ਸੀ, ਫਿਰ ਉਹ ‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਦਫ਼ਤਰ ਵਿੱਚ ਪਹੁੰਚੇ। ਸਟਾਫ਼ ਨੇ ਦੱਸਿਆ ਕਿ ਵਿਧਾਇਕ ਦੀ ਹਰਿਆਣਾ ਚੋਣਾਂ ਵਿੱਚ ਡਿਊਟੀ ਲੱਗੀ ਹੋਈ ਹੈ, ਉਹ ਗੁਆਂਢੀ ਸੂਬੇ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਗਏ ਹੋਏ ਹਨ।
ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਨਾਮਜ਼ਦਗੀਆਂ ਦੇ ਤੀਜੇ ਦਿਨ ਮੰਗਲਵਾਰ ਨੂੰ ਮੁਹਾਲੀ ਜ਼ਿਲ੍ਹੇ ਵਿੱਚ ਕੁੱਲ 438 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ 178 ਉਮੀਦਵਾਰਾਂ ਨੇ ਸਰਪੰਚੀ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ ਜਦੋਂਕਿ 260 ਉਮੀਦਵਾਰਾਂ ਨੇ ਪੰਚੀ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਨਾਮਜ਼ਦਗੀਆਂ ਦੀ ਬਲਾਕ-ਵਾਰ ਵੰਡ ਵਿੱਚ ਮੁਹਾਲੀ ਬਲਾਕ ਵਿੱਚ ਸਰਪੰਚੀ ਲਈ 16 ਤੇ ਪੰਚੀ ਲਈ 27 ਵਿਅਕਤੀਆਂ ਨੇ ਪੇਪਰ ਜਮ੍ਹਾ ਕਰਵਾਏ ਹਨ। ਖਰੜ ਬਲਾਕ ਵਿੱਚ ਸਰਪੰਚੀ ਲਈ 30 ਅਤੇ ਪੰਚਾਂ ਲਈ 52 ਨਾਮਜ਼ਦਗੀਆਂ ਹੋਈਆਂ ਹਨ। ਇੰਜ ਹੀ ਡੇਰਾਬੱਸੀ ਬਲਾਕ ਵਿੱਚ ਸਰਪੰਚੀ ਲਈ 66 ਅਤੇ ਪੰਚੀ ਲਈ 73 ਵਿਅਕਤੀਆਂ ਨੇ ਨਾਮਜ਼ਦਗੀਆਂ ਅਤੇ ਮਾਜਰੀ ਬਲਾਕ ਵਿੱਚ ਸਰਪੰਚੀ ਲਈ 66 ਅਤੇ ਪੰਚੀ ਲਈ 108 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਗਰਾਮ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖਰੀ ਮਿਤੀ 4 ਅਕਤੂਬਰ ਹੈ। ਇਸ ਤੋਂ ਬਾਅਦ ਦਸਤਾਵੇਜਾਂ ਦੀ ਪੜਤਾਲ ਕਰਕੇ ਸਬੰਧਤ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ ਨਬਜ਼-ਏ-ਪੰਜਾਬ, ਮੁਹਾਲੀ, 5 ਅਕ…