nabaz-e-punjab.com

ਪੰਚਾਇਤ ਫੰਡਾਂ ’ਚ ਹੇਰਾਫੇਰੀ: ਪੰਜਾਬ ਵਿਜੀਲੈਂਸ ਵੱਲੋਂ ਸੰਗਰੂਰ ਦੀ ਪ੍ਰਾਈਵੇਟ ਫਰਮ ਦਾ ਹਿੱਸੇਦਾਰ ਗ੍ਰਿਫ਼ਤਾਰ

ਆਰਸੀਸੀ ਬੈਂਚਾਂ ਦੀ ਖਰੀਦ ਵੇਚ ਦੇ ਨਾਂ ’ਤੇ ਪੰਚਾਇਤ ਵਿਭਾਗ ਨੂੰ ਲੱਖਾਂ ਰੁਪਏ ਦਾ ਚੂਨ ਲਗਾਉਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਸਤੰਬਰ:
ਪੰਜਾਬੀ ਵਿਜੀਲੈਂਸ ਬਿਊਰੋ ਨੇ ਝਿਊਰਹੇੜੀ ਕਰੋੜਾਂ ਰੁਪਏ ਦੇ ਪੰਚਾਇਤੀ ਘੁਟਾਲੇ ਦੀ ਡੂੰਘਾਈ ਨਾਲ ਜਾਂਚ ਤੋਂ ਬਾਅਦ ਆਰਸੀਸੀ ਬੈਂਚਾਂ ਦੀ ਖਰੀਦ ਵੇਚ ਮਾਮਲੇ ਵਿੱਚ ਪੰਚਾਇਤ ਵਿਭਾਗ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਉਣ ਦੇ ਦੋਸ਼ ਵਿੱਚ ਸੰਗਰੂਰ ਦੀ ਇੱਕ ਪ੍ਰਾਈਵੇਟ ਫਰਮ ਦੇ ਹਿੱਸੇਦਾਰ ਰਜਿੰਦਰਪਾਲ ਮਿੱਤਲ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਵਿਜੀਲੈਂਸ ਵੱਲੋਂ ਇਸ ਮਾਮਲੇ ਵਿੱਚ ਖਰੜ ਦੇ ਤਤਕਾਲੀ ਬੀਡੀਪੀਓ ਜਤਿੰਦਰਪਸੰਘ ਢਿੱਲੋਂ, ਖਰੜ ਪੰਚਾਇਤ ਸਮਿਤੀ ਦੇ ਸਾਬਕਾ ਅਕਾਲੀ ਚੇਅਰਮੈਨ ਰੇਸ਼ਮ ਸਿੰਘ ਬੈਂਰੋਪੁਰ, ਜੇਆਰ ਪ੍ਰਿੰਟਰਜ਼ ਸੰਗਰੂਰ ਦੇ ਹਿੱਸੇਦਾਰਾਂ ਸੁਰਿੰਦਰਪਾਲ ਮਿੱਤਲ, ਉਸ ਦੇ ਪੁੱਤਰ ਵਿਨੀਤ ਮਿੱਤਲ ਅਤੇ ਜੀਤਪਾਲ ਮਿੱਤਲ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਅਤੇ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਵਿਜੀਲੈਂਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਦੱਸਿਆ ਗਿਆ ਹੈ ਕਿ ਇਹ ਸਾਰੇ ਮੁਲਜ਼ਮ ਹੁਣ ਜ਼ਮਾਨਤ ’ਤੇ ਚਲ ਰਹੇ ਹਨ।
ਵਿਜੀਲੈਂਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਰਜਿੰਦਰਪਾਲ ਮਿੱਤਲ ਨੂੰ ਸ਼ੱਕਰਵਾਰ ਨੂੰ ਮੁਹਾਲੀ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਅਦਾਲਤ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਮੁਲਜ਼ਮ ਮਿੱਤਲ ’ਤੇ ਆਪਣੇ ਸਾਥੀਆਂ ਅਤੇ ਅਧਿਕਾਰੀਆਂ ਨਾਲ ਮਿਲ ਕੇ ਪੰਚਾਇਤ ਵਿਭਾਗ ਨੂੰ 47.60 ਲੱਖ ਰੁਪਏ ਦਾ ਚੂਨਾ ਲਗਾਉਣ ਦਾ ਦੋਸ਼ ਹੈ।
ਉਧਰ, ਵਿਜੀਲੈਂਸ ਦੀ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸੰਗਰੂਰ ਦੀ ਪ੍ਰਾਈਵੇਟ ਫਰਮ ਕੋਲ ਆਰਸੀਸੀ ਬੈੱਚ ਤਿਆਰ ਕਰਨ ਬਾਰੇ ਕੋਈ ਆਪਣਾ ਯੂਨਿਟ/ਫੈਕਟਰੀ ਨਹੀਂ ਹੈ। ਇਨ੍ਹਾਂ ਬੈਂਚਾਂ ਦੀ ਖਰੀਦ ਤੋਂ ਪਹਿਲਾਂ, ਬੈਂਚਾਂ ਦੀ ਕੁਆਲਿਟੀ ਸਬੰਧੀ ਕੋਈ ਸਪੈਸੀਫਿਕੇਸ਼ਨ ਨਿਰਧਾਰਿਤ ਨਹੀਂ ਕੀਤੀ ਗਈ ਅਤੇ ਨਾ ਹੀ ਹਾਸਲ ਕੀਤੀਆਂ ਗਈਆਂ ਕੁਟੇਸ਼ਨਾਂ ਵਿੱਚ ਅਜਿਹੀ ਕੋਈ ਸਪੈਸੀਫਿਕੇਸ਼ਨ ਦਰਜ ਹੈ। ਜਦੋਂਕਿ ਨਿਯਮਾਂ ਮੁਤਾਬਕ ਅਜਿਹੀ ਅਦਾਇਗੀ ਕਰਨ ਤੋਂ ਪਹਿਲਾਂ ਪ੍ਰਬੰਧਕੀ ਪ੍ਰਵਾਨਗੀ ਲੈਣੀ ਜ਼ਰੂਰੀ ਸੀ।
ਪੰਚਾਇਤ ਸਮਿਤੀ ਖਰੜ ਵੱਲੋਂ ਪਿੰਡਾਂ ਲਈ ਆਰਸੀਸੀ ਬੈਂਚ ਖਰੀਦੇ ਜਾਣੇ ਸਨ ਅਤੇ ਖਰੀਦ ਤੋਂ ਪਹਿਲਾਂ ਬਲਾਕ ਦੇ ਸਾਰੇ ਪਿੰਡਾਂ ਦੀਆਂ ਗਰਾਮ ਪੰਚਾਇਤਾਂ ਤੋਂ ਬੈਂਚਾਂ ਦੀ ਲੋੜ ਸਬੰਧੀ ਮਤੇ ਪਾਸ ਕਰਵਾ ਕੇ ਡਿਮਾਂਡ ਹਾਸਲ ਕਰਨੀ ਬਣਦੀ ਸੀ। ਇਸ ਮਗਰੋਂ ਟੈਂਡਰ ਲਗਾ ਕੇ ਬੈਂਚ ਖਰੀਦੇ ਜਾਣੇ ਸਨ। ਇਹੀ ਨਹੀਂ ਖਰੀਦ ਤੋਂ ਬਾਅਦ ਬੈਂਚਾਂ ਦੀ ਗਿਣਤੀ ਸਬੰਧੀ ਇੰਦਰਾਜ ਸਟਾਕ ਰਜਿਸਟਰ ਵਿੱਚ ਕਰਨਾ ਬਣਦਾ ਸੀ ਅਤੇ ਸਟਾਕ ਰਜਿਸਟਰ ਵਿੱਚ ਹੀ ਵੱਖ/ਵੱਖ ਪੰਚਾਇਤਾਂ ਨੂੰ ਬੈਂਚ ਜਾਰੀ ਕਰਨ ਸਬੰਧੀ ਰਿਕਾਰਡ ਸੰਭਾਲਿਆ ਜਾਣਾ ਸੀ ਪ੍ਰੰਤੂ ਅਜਿਹਾ ਨਹੀਂ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…