nabaz-e-punjab.com

ਪੰਚਾਇਤ ਫੰਡਾਂ ’ਚ ਘਪਲੇਬਾਜ਼ੀ: ਝਿਊਰਹੇੜੀ ਦੇ ਸਰਪੰਚ ਗੁਰਪਾਲ ਸਿੰਘ ਨੂੰ ਜੇਲ੍ਹ ਭੇਜਿਆ

ਏਡੀਸੀ ਸਰਾਓ ਨੂੰ ਮਿਲੀ ਜ਼ਮਾਨਤ, ਬੀਡੀਪੀਓ ਮਾਲਵਿੰਦਰ ਸਿੰਘ ਤੇ ਗਰਾਮ ਸੇਵਕ ਰਵਿੰਦਰ ਸਿੰਘ ਦੀ ਜ਼ਮਾਨਤ ਦੀਆਂ ਅਰਜ਼ੀਆਂ ਰੱਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਪਰੈਲ:
ਪੰਚਾਇਤੀ ਫੰਡਾਂ ਵਿੱਚ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਦੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਪਿੰਡ ਝਿਊਰਹੇੜੀ ਦੇ ਅਕਾਲੀ ਸਰਪੰਚ ਗੁਰਪਾਲ ਸਿੰਘ ਨੂੰ ਅੱਜ ਮੁਹਾਲੀ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ। ਵਿਜੀਲੈਂਸ ਨੇ ਮੁਲਜ਼ਮ ਸਰਪੰਚ ਨੂੰ 3 ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।
ਜਾਣਕਾਰੀ ਅਨੁਸਾਰ ਅਕਾਲੀ-ਭਾਜਪਾ ਸਰਕਾਰ ਵੱਲੋਂ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਦਾ ਵਿਸਥਾਰ ਕਰਨ ਲਈ ਪਿੰਡ ਝਿਊਰਹੇੜੀ ਦੀ 306 ਏਕੜ ਜ਼ਮੀਨ ਐਕਵਾਇਰ ਕੀਤੀ ਸੀ। ਜਿਸ ਵਿੱਚ ਕਰੀਬ 36 ਏਕੜ ਪੰਚਾਇਤ ਦੇਹ ਸ਼ਾਮਲ ਹੈ। ਜਿਸ ਦਾ ਮੁਆਵਜ਼ਾ 1.50 ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 54,16,87,500 ਰੁਪਏ ਜਾਰੀ ਕੀਤਾ ਗਿਆ ਸੀ। ਇਹ ਰਕਮ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਦੀ ਨਿਗਰਾਨੀ ਹੇਠ ਰੱਖੀ ਗਈ ਸੀ ਪਰ ਸਾਲ 2013 ਵਿੱਚ ਸਰਪੰਚ ਗੁਰਪਾਲ ਸਿੰਘ ਨੇ ਪੰਚਾਇਤ ਵੱਲੋਂ ਪਾਸ ਮਤੇ ਦੇ ਉਲਟ ਵਿਭਾਗ ਦੇ ਅਧਿਕਾਰੀਆਂ, ਮੁਲਾਜ਼ਮਾਂ ਅਤੇ ਹੋਰਨਾਂ ਨੇ ਰਲ ਕੇ ਵੱਖ-ਵੱਖ ਥਾਵਾਂ ’ਤੇ ਜ਼ਮੀਨ ਖਰੀਦਣ ਵਿੱਚ ਘਪਲੇਬਾਜ਼ੀ ਕੀਤੀ ਗਈ।
ਵਿਜੀਲੈਂਸ ਦੇ ਐਸਐਸਪੀ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਪਹਿਲਾਂ ਹੀ ਏਡੀਸੀ ਗੁਰਬਿੰਦਰ ਸਿੰਘ ਸਰਾਓ, ਬੀਡੀਪੀਓ ਮਾਲਵਿੰਦਰ ਸਿੰਘ ਸਿੱਧੂ ਤੇ ਜਤਿੰਦਰ ਸਿੰਘ ਢਿੱਲੋਂ ਗਰਾਮ ਸੇਵਕ ਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਏਡੀਸੀ ਸਰਾਓ ਹੁਣ ਜ਼ਮਾਨਤ ’ਤੇ ਜੇਲ੍ਹ ’ਚੋਂ ਬਾਹਰ ਆ ਗਏ ਹਨ ਜਦੋਂਕਿ ਦੋਵੇਂ ਬੀਡੀਪੀਓ ਤੇ ਗਰਾਮ ਸੇਵਕ ਇਸ ਸਮੇਂ ਜੇਲ੍ਹ ਵਿੱਚ ਹਨ। ਮੁਹਾਲੀ ਅਦਾਲਤ ਨੇ ਬੀਡੀਪੀਓ ਮਾਲਵਿੰਦਰ ਸਿੰਘ ਅਤੇ ਗਰਾਮ ਸੇਵਕ ਰਵਿੰਦਰ ਸਿੰਘ ਦੀ ਜ਼ਮਾਨਤ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ। ਵਿਜੀਲੈਂਸ ਅਨੁਸਾਰ ਇਨ੍ਹਾਂ ਨੇ ਜ਼ਮੀਨ ਖਰੀਦਣ ਸਬੰਧੀ ਸਰਕਾਰੀ ਹਦਾਇਤਾਂ ਤੋਂ ਜਾਣੂ ਹੁੰਦੇ ਹੋਏ ਵੀ ਆਪਣੇ ਨਿੱਜੀ ਲਾਭ ਲਈ ਜ਼ਮੀਨ ਕੁਲੈਕਟਰ ਰੇਟ ਅਤੇ ਮਾਰਕੀਟ ਰੇਟਾਂ ਤੋਂ ਬਹੁਤ ਉਚੇ ਰੇਟ ’ਤੇ ਖਰੀਦ ਕੇ ਸਰਕਾਰ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
ਇਸ ਸਬੰਧੀ ਏਡੀਸੀ, ਦੋਵੇਂ ਬੀਡੀਪੀਓਜ਼ ਅਤੇ ਗਰਾਮ ਸੇਵਕ ਸਮੇਤ ਸਰਪੰਚ ਗੁਰਪਾਲ ਸਿੰਘ, ਸੁਰਿੰਦਰ ਸਿੰਘ ਉਰਫ਼ ਸੁਰਿੰਦਰ ਖਾਨ ਵਾਸੀ ਮੂਲੇਪੁਰ, ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਮੁਹੰਮਦ ਸੁਹੇਲ ਚੌਹਾਨ ਵਾਸੀ ਸੈਕਟਰ-79, ਦਰਸ਼ਨ ਸਿੰਘ ਵਾਸੀ ਹੱਲੋਮਾਜਰਾ (ਯੂਟੀ), ਸਵਰਨ ਸਿੰਘ ਪਿੰਡ ਟਿਵਾਣਾ ਤਹਿਸੀਲ ਡੇਰਾਬੱਸੀ ਅਤੇ ਦਰਸ਼ਨ ਸਿੰਘ ਵਾਸੀ ਕੰਵਰਪੁਰ (ਊਕਸੀ ਜੱਟਾਂ) ਜ਼ਿਲ੍ਹਾ ਪਟਿਆਲਾ ਦੇ ਖ਼ਿਲਾਫ਼ ਧਾਰਾ 409, 420, 465, 467, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਡੀ) ਤੇ 13 (2) ਤਹਿਤ ਕੇਸ ਦਰਜ ਕੀਤਾ ਗਿਆ ਹੈ।
ਵਿਜੀਲੈਂਸ ਅਨੁਸਾਰ ਐਕਵਾਇਰ ਕੀਤੀ ਪੰਚਾਇਤੀ ਜ਼ਮੀਨ ਦੇ ਮੁਆਵਜੇ ਦੀ ਪ੍ਰਾਪਤ ਹੋਈ ਰਾਸੀ ਨਾਲ ਪੇਂਡੂ ਖੇਤਰ ਵਿੱਚ ਵਾਹੀਯੋਗ ਜ਼ਮੀਨ ਅਤੇ ਕੁਝ ਕਮਰਸ਼ੀਅਲ ਸੋਅਰੂਮ ਸ਼ਹਿਰੀ ਖੇਤਰ ਵਿੱਚ ਖਰੀਦ ਕਰਨ ਲਈ 15 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕਰਨ ਲਈ ਲਿਖਿਆ ਸੀ। ਇਸ ਰਾਸ਼ੀ ਨਾਲ ਝਿਊਰਹੇੜੀ ਪੰਚਾਇਤ ਵੱਲੋਂ ਪਿੰਡ ਕੈਦੀਪੁਰ ਅਤੇ ਕਰੀਮਪੁਰਾ ਵਿੱਚ 25 ਏਕੜ ਵਾਹੀਯੋਗ ਜ਼ਮੀਨ ਖਰੀਦਣ ਸਬੰਧੀ ਤਿੰਨ ਸੌਦੇ 6 ਅਪਰੈਲ ਅਤੇ 27 ਅਪਰੈਲ 2016 ਰਾਹੀਂ ਕੀਤੇ ਗਏ। ਜ਼ਮੀਨ ਦਾ ਸੌਦਾ ਸੁਰਿੰਦਰ ਸਿੰਘ ਉਰਫ਼ ਸੁਰਿੰਦਰ ਖਾਨ ਵਾਸੀ ਮੁਲੇਪੁਰ ਜ਼ਿਲ੍ਹਾ ਫਤਹਿਗੜ੍ਹ ਅਤੇ ਉਸਦੇ ਭਾਂਣਜੇ ਮੁਹੰਮਦ ਸੁਹੇਲ ਚੌਹਾਨ ਸੈਕਟਰ-79 ਅਤੇ ਬਲਦੇਵ ਸਿੰਘ ਵਾਸੀ ਵਜੀਦਪੁਰ ਡੇਰਾਬੱਸੀ ਵੱਲੋਂ ਕਰਵਾਇਆ ਗਿਆ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …