
ਪਿੰਡ ਬੜੀ ਦੀ ਸ਼ਾਮਲਾਤ ਜ਼ਮੀਨ ਪ੍ਰਾਈਵੇਟ ਕੰਪਨੀ ਨੂੰ ਲੀਜ਼ ’ਤੇ ਦੇਣ ਦਾ ਮਾਮਲਾ ਭਖਿਆ
ਸਰਕਾਰ ਦੀ ਸ਼ਹਿ ’ਤੇ ਸ਼ਾਮਲਾਤ ਜ਼ਮੀਨਾਂ ਹੜੱਪਣ ਦੀ ਕਵਾਇਦ ਜਾਰੀ: ਚੰਦੂਮਾਜਰਾ
‘ਮੁਹਾਲੀ ਹਲਕੇ ਦੇ ਲੋਕਾਂ ਦੇ ਭਲੇ ਲਈ ਮੈਂ ਆਪਣੀ 6 ਏਕੜ ਜ਼ਮੀਨ ਮੁਫ਼ਤ ਦੇਣ ਨੂੰ ਤਿਆਰ ਹਾਂ’: ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਥਾਨਕ ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ’ਤੇ ਦੋਸ਼ ਲਾਇਆ ਹੈ ਕਿ ਪਿੰਡ ਬੜੀ ਦੀ ਗਰਾਮ ਪੰਚਾਇਤ ’ਤੇ ਦਬਾਅ ਪਾ ਕੇ ਕਰੀਬ 7 ਏਕੜ 3 ਕਨਾਲ ਜ਼ਮੀਨ ਕਿਸੇ ਪ੍ਰਾਈਵੇਟ ਕੰਪਨੀ ਨੂੰ ਦੇਣ ਦਾ ਮਤਾ ਪਾਸ ਕਰਵਾਇਆ ਗਿਆ ਹੈ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਚੰਦੂਮਾਜਰਾ ਨੇ ਕਿਹਾ ਕਿ ਹਾਲਾਂਕਿ ਪਿੰਡ ਵਾਸੀਆਂ ਵੱਲੋਂ ਜ਼ਬਰਦਸਤ ਵਿਰੋਧ ਕੀਤੇ ਜਾਣ ’ਤੇ ਸਿੱਧੂ ਨੇ ਪੰਚਾਇਤ ਨੂੰ ਉਕਤ ਮਤਾ ਰੱਦ ਕਰਨ ਦੀ ਗੱਲ ਵੀ ਆਖੀ ਸੀ ਪਰ ਇਹ ਮਤਾ ਰੱਦ ਨਹੀਂ ਹੋਇਆ ਸਗੋਂ 25 ਅਕਤੂਬਰ ਨੂੰ ਉਕਤ ਸ਼ਾਮਲਾਤ ਜ਼ਮੀਨ ਦੀ ਬੋਲੀ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਪਿਛਲੇ ਦਰਵਾਜੇ ਰਾਹੀਂ ਘੱਟ ਕੀਮਤ ’ਤੇ ਪ੍ਰਾਈਵੇਟ ਫਰਮ ਨੂੰ ਬਹੁ-ਕਰੋੜੀ ਜ਼ਮੀਨ 33 ਸਾਲਾ ਲੀਜ਼ ’ਤੇ ਦੇਣ ਲਈ ਉਤਾਵਲੇ ਦਿਖਾਈ ਦੇ ਰਹੇ ਹਨ। ਇਸ ਤੋਂ ਪਹਿਲਾਂ ਵੀ ਬਲੌਂਗੀ, ਦੈੜੀ, ਤੰਗੋਰੀ, ਕੁਰੜਾ ਸਮੇਤ ਹੋਰਨਾਂ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਹਥਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਪਿੰਡ ਬੜੀ ਦੀ ਉਕਤ ਜ਼ਮੀਨ ਦੀ ਕੀਮਤ 60 ਕਰੋੜ ਦੱਸੀ ਜਾ ਰਹੀ ਹੈ ਪ੍ਰੰਤੂ ਸਰਕਾਰ ਮਹਿਜ਼ ਦੋ ਕਰੋੜ ਵਿੱਚ ਇਹ ਜ਼ਮੀਨ ਦੇਣ ਨੂੰ ਤਿਆਰ ਬੈਠੀ ਹੈ। ਉਨ੍ਹਾਂ ਨੇ ਵਾਇਰਲ ਹੋਈ ਵੀਡੀਓ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਪੰਚ ਖ਼ੁਦ ਕਹਿ ਰਿਹਾ ਹੈ ਕਿ ਸਿੱਧੂ ਦੇ ਦਬਾਅ ਕਾਰਨ ਇਹ ਜ਼ਮੀਨ ਲੀਜ਼ ’ਤੇ ਦੇਣ ਦਾ ਮਤਾ ਪਾਇਆ ਗਿਆ ਹੈ ਪ੍ਰੰਤੂ ਗਰਾਮ ਸਭਾ ਦੇ ਸਖ਼ਤ ਵਿਰੋਧ ਕਰਨ ਦੇ ਬਾਵਜੂਦ ਉਕਤ ਜ਼ਮੀਨ ਦੀ ਨਿਲਾਮੀ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ। ਜਿਸ ਕਾਰਨ ਪਿੰਡ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਇੱਕ ਵਫ਼ਦ ਪੰਚਾਇਤ ਮੰਤਰੀ, ਸਕੱਤਰ ਅਤੇ ਡਾਇਰੈਕਟਰ ਨੂੰ ਮਿਲੇਗਾ। ਜੇਕਰ ਸ਼ਾਮਲਾਤ ਜ਼ਮੀਨ ਦੀ ਬੋਲੀ ਰੱਦ ਨਹੀਂ ਕੀਤੀ ਤਾਂ ਅਕਾਲੀ ਦਲ ਅਦਾਲਤ ਦਾ ਬੂਹਾ ਖੜਕਾਏਗਾ ਅਤੇ ਲੋੜ ਪੈਣ ’ਤੇ ਜਨ ਅੰਦੋਲਨ ਵਿੱਢਿਆ ਜਾਵੇਗਾ।
ਇਸ ਮੌਕੇ ਅਕਾਲੀ ਦਲ ਜ਼ਿਲ੍ਹਾ ਮੁਹਾਲੀ (ਸ਼ਹਿਰੀ) ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ, ਯੂਥ ਵਿੰਗ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ, ਸਿਮਰਨਜੀਤ ਸਿੰਘ ਚੰਦੂਮਾਜਰਾ, ਅਕਾਲੀ-ਬਸਪਾ ਦੇ ਗੱਠਜੋੜ ਦੇ ਸਾਂਝੇ ਉਮੀਦਵਾਰ ਗੁਰਮੀਤ ਸਿੰਘ ਬਾਕਰਪੁਰ, ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ ਮੌਲੀ, ਸਰਬਜੀਤ ਸਿੰਘ ਪਾਰਸ, ਪ੍ਰਦੀਪ ਸਿੰਘ ਭਾਰਜ, ਗੁਰਪ੍ਰਤਾਪ ਬੜੀ, ਕਰਮਜੀਤ ਕੰਮਾ, ਟਕਸਾਲੀ ਆਗੂ ਜਥੇਦਾਰ ਕਰਤਾਰ ਸਿੰਘ ਤਸਿੰਬਲੀ, ਗੁਰਮੀਤ ਸਿੰਘ ਸ਼ਾਮਪੁਰ, ਹਰਪਾਲ ਸਿੰਘ ਬਰਾੜ, ਅਵਤਾਰ ਗੋਸਲ, ਗੁਰਪ੍ਰੀਤ ਸਿੱਧੂ, ਬਲਵਿੰਦਰ ਸਿੰਘ, ਓਐੱਸਡੀ ਹਰਦੇਵ ਹਰਪਾਲਪੁਰ ਸਮੇਤ ਵੱਖ-ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ।
ਉਧਰ, ਦੂਜੇ ਪਾਸੇ ਸਾਬਕਾ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਸਪੱਸ਼ਟ ਕੀਤਾ ਕਿ ਉਕਤ ਮਾਮਲੇ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਜਾਣਬੁੱਝ ਕੇ ਉਸ ਨੂੰ ਬਦਨਾਮ ਕਰਨ ਲਈ ਗੁਮਰਾਹਕੁਨ ਦੂਸ਼ਣਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿਕਾਸ ਦੇ ਰਾਹ ਵਿੱਚ ਦਿੱਕਤਾਂ ਖੜੀਆਂ ਕਰ ਰਿਹਾ ਹੈ। ਬੜੀ ਵਿੱਚ ਦਿਲ ਦੇ ਰੋਗਾਂ ਦਾ ਹਸਪਤਾਲ ਬਣਨਾ ਹੈ, ਜਿਸ ਦਾ ਲੋਕਾਂ ਨੂੰ ਵੱਡਾ ਲਾਭ ਮਿਲਣਾ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਮੁਹਾਲੀ ਹਲਕੇ ਦੇ ਲੋਕਾਂ ਦੇ ਭਲੇ ਲਈ ਆਪਣੀ 6 ਏਕੜ ਜ਼ਮੀਨ ਮੁਫ਼ਤ ਦੇਣ ਨੂੰ ਤਿਆਰ ਹਨ। ਉਨ੍ਹਾਂ ਨੇ ਚੰਦੂਮਾਜਰਾ ਨੂੰ ਸਵਾਲ ਕੀਤਾ ਕਿ ਅਕਾਲੀ ਸਰਕਾਰ ਵੇਲੇ ਜਦੋਂ ਆਈਐਸਬੀ, ਮੈਕਸ ਹਸਪਤਾਲ, ਜੇਸੀਟੀ ਨੂੰ ਲੀਜ਼ ’ਤੇ ਜ਼ਮੀਨਾਂ ਦਿੱਤੀਆਂ ਗਈਆਂ ਸਨ, ਉਦੋਂ ਉਹ (ਚੰਦੂਮਾਜਰਾ) ਕਿਉਂ ਨਹੀਂ ਬੋਲੇ। ਉਨ੍ਹਾਂ ਅਕਾਲੀ ਦਲ ਨੂੰ ਮੁੱਦਾਹੀਣ ਦੱਸਦਿਆਂ ਕਿਹਾ ਕਿ ਚੋਣਾਂ ਨੇੜੇ ਆਉਣ ਕਾਰਨ ਅਕਾਲੀ ਘਟੀਆ ਰਾਜਨੀਤੀ ’ਤੇ ਉਤਰ ਆਏ ਹਨ ਅਤੇ ਮੁਹਾਲੀ ਦਾ ਸਰਬਪੱਖੀ ਵਿਕਾਸ ਹੁੰਦਾ ਦੇਖ ਕੇ ਵਿਰੋਧੀ ਬੁਖਲਾ ਗਏ ਹਨ।