ਪੰਚਾਇਤ ਮੰਤਰੀ ਬਾਜਵਾ ਵੱਲੋਂ ਸਮੂਹ ਪੰਜਾਬੀਆਂ ਨੂੰ ਸਹਿਕਾਰਤਾ ਲਹਿਰ ਨਾਲ ਜੁੜਨ ਦਾ ਸੱਦਾ

ਪੰਜਾਬ ਦੀਆਂ ਸਹਿਕਾਰੀ ਸਭਾਵਾਂ ਵਿੱਚ 3500 ਤੋਂ ਵੱਧ ਮਾਈਕਰੋ ਏਟੀਐਮ ਲਗਾਏ ਜਾਣਗੇ: ਬਾਜਵਾ

ਵਿਧਾਇਕ ਕੁਲਜੀਤ ਨਾਗਰਾ ਵੱਲੋਂ ਸਹਿਕਾਰੀ ਸਭਾਵਾਂ ਨੂੰ ਹੋਰ ਵਧੇਰੇ ਅਧਿਕਾਰ ਦੇਣ ’ਤੇ ਜ਼ੋਰ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਫਤਹਿਗੜ੍ਹ ਸਾਹਿਬ, 19 ਨਵੰਬਰ:
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਸਮੂਹ ਪੰਜਾਬੀਆਂ ਨੂੰ ਸਹਿਕਾਰਤਾ ਲਹਿਰ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਸਹਿਕਾਰਤਾ ਰਾਹੀਂ ਸੂਬੇ ਵਿਚਲੇ ਖੇਤੀ ਸੰਕਟ ਉਤੇ ਕਾਬੂ ਪਾਇਆ ਜਾ ਸਕਦਾ ਹੈ।ਉਹ ਅੱਜ ਇਥੇ ਮੁਲਕ ਭਰ ਵਿੱਚ ਮਨਾਏ ਜਾ ਰਹੇ 64ਵੇਂ ਸਹਿਕਾਰੀ ਸਪਤਾਹ ਮਨਾਉਣ ਲਈ ਕਰਵਾਏ ਗਏ ਸਮਾਗਮ ਵਿੱਚ ਜੁੜੇ ਸਹਿਕਾਰੀਆਂ ਨੂੰ ਸੰਬੋਧਨ ਕਰ ਰਹੇ ਸਨ। ਸ਼੍ਰੀ ਬਾਜਵਾ ਨੇ ਕਿਹਾ ਕਿ ਮੁਲਕ ਦੀ ਤਰੱਕੀ ਵਿੱਚ ਸਹਿਕਾਰਤਾ ਲਹਿਰ ਦਾ ਬਹੁਤ ਵੱਡਾ ਯੋਗਦਾਨ ਹੈ, ਪਰ ਇਸ ਨੂੰ ਹੋਰ ਮਜਬੂਤ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸਹਿਕਾਰਤਾ ਸਿਰਫ ਇੱਕ ਆਰਥਿਕ ਨਿਜਾਮ ਹੀ ਨਹੀਂ ਬਲਕਿ ਇੱਕ ਸੋਚ ਅਤੇ ਸੰਕਲਪ ਹੈ, ਜਿਸ ਨੂੰ ਅਪਣਾ ਕੇ ਮਨੁੱਖ ਤਰੱਕੀ ਵੀ ਕਰ ਸਕਦਾ ਹੈ ਅਤੇ ਸਮਾਜ ਵਿੱਚ ਭਾਈਚਾਰਜਕ ਸਾਂਝ ਨੂੰ ਵੀ ਮਜਬੂਤ ਕੀਤਾ ਜਾ ਸਕਦਾ ਹੈ।
ਪੇਂਡੂ ਵਿਕਾਸ ਮੰਤਰੀ ਨੇ ਕਿਹਾ ਕਿ ਮਾਰਕਫੈਡ, ਮਿਲਕਫੈਡ ਅਤੇ ਸਹਿਕਾਰੀ ਬੈਂਕਾਂ ਨੇ ਪੰਜਾਬ ਦੇ ਵਿਕਾਸ ਵਿੱਚ ਬਹੁਤ ਹੀ ਅਹਿਮ ਰੋਲ ਅਦਾ ਕੀਤਾ ਹੈ, ਪਰ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਹੋਰ ਸਰਗਰਮ ਕਰਨ ਦੀ ਲੋੜ ਹੈ। ਇਹ ਸਭਾਵਾਂ ਕਰਜ਼ਾ ਦੇਣ ਦੇ ਨਾਲ-ਨਾਲ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਮੁਹੱਈਆ ਕਰਵਾਕੇ, ਸਾਂਝੇ ਕਾਰੋਬਾਰ ਸ਼ੁਰੂ ਕਰਕੇ ਅਤੇ ਬੇਜ਼ਮੀਨੇ ਵਿਅਕਤੀਆਂ ਨੂੰ ਆਪਣੇ ਕੰਮ ਕਾਜ ਸ਼ੁਰੂ ਕਰਨ ਲਈ ਸਸਤੀਆਂ ਦਰਾਂ ’ਤੇ ਕਰਜਾ ਮੁਹੱਈਆ ਕਰਵਾਕੇ ਪੰਜਾਬੀਆਂ ਦੀ ਆਰਥਿਕਤਾ ਨੂੰ ਮਜਬੂਤ ਕਰ ਸਕਦੀਆਂ ਹਨ।
ਸ਼੍ਰੀ ਬਾਜਵਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਸੂਬੇ ਵਿੱਚ ਸਹਿਕਾਰਤਾ ਲਹਿਰ ਅਤੇ ਸਹਿਕਾਰੀ ਅਦਾਰਿਆਂ ਨੂੰ ਮਜਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਅਦਾਰਿਆਂ ਦੇ ਕੰਮ ਕਾਜ ਵਿੱਚ ਬੇਲੋੜੀ ਸਰਕਾਰੀ ਦਖ਼ਲ ਅੰਦਾਜੀ ਨੂੰ ਖਤਮ ਕਰਕੇ ਇਨ੍ਹਾਂ ਨੂੰ ਖੁਦਮੁਖਤਿਆਰ ਅਦਾਰੇ ਬਣਾਇਆ ਜਾਵੇਗਾ। ਪੰਜਾਬ ਵਿੱਚ ਸਹਿਕਾਰਤਾ ਲਹਿਰ ਦੇ ਇਤਿਹਾਸ ਨੂੰ ਫਰੋਲਦਿਆਂ , ਸ਼੍ਰੀ ਬਾਜਵਾ ਨੇ ਕਿਹਾ ਕਿ ਸਾਡੇ ਸਭਿਆਚਾਰਕ ਵਿੱਚ ਇੱਕ ਦੁਜੇ ਦੇ ਕੰਮ ਆਉਣ ਦਾ ਲੰਮਾ ਇਤਿਹਾਸ ਰਿਹਾ ਹੈ ਅਤੇ ਇਸ ਮਰ ਰਹੀ ਭਾਵਨਾਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। ਉਨ੍ਹਾਂ ਸੂਬੇ ਦੇੇ ਸਹਿਕਾਰੀ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮਿਸ਼ਨਰੀ ਭਾਵਨਾਂ ਨਾਲ ਕੰਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਨ੍ਹਾਂ ’ਤੇ ਬੜੀ ਵੱਡੀ ਜਿੰਮੇਵਾਰੀ ਹੈ ਜਿਸ ਨੂੰ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਛੋਟੇ ਅਤੇ ਦਰਮਿਆਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਵਧਾਈ ਦਿੰਦਿਆਂ ਪੇਂਡੂ ਵਿਕਾਸ ਮੰਤਰੀ ਨੇ ਕਿਹਾ ਕਿ ਸੂਬੇ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਿਸਾਨਾਂ ਨਾਲ ਕੀਤਾ ਵਾਅਦਾ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਸਹਿਕਾਰੀ ਅਦਾਰਿਆਂ ਤੇ ਬੈਂਕਾਂ ਤੋਂ ਕਰਜ਼ੇ ਲੈਣ ਵਾਲੇ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਰਾਜ ਦੀਆਂ ਸਹਿਕਾਰੀ ਸਭਾਵਾਂ ਵਿੱਚ ਕਰੀਬ 3500 ਤੋਂ ਵੱਧ ਮਾਈਕਰੋ ਏ.ਟੀ.ਐਮ. ਲਗਾਏ ਜਾਣਗੇ ਅਤੇ ਸਹਿਕਾਰੀ ਸਭਾਵਾਂ ਤੇ ਬੈਂਕਾਂ ਵਿੱਚ ਡਿਜੀਟਲ ਪ੍ਰਣਾਲੀ ਨੂੰ ਬੜਾਵਾ ਦਿੱਤਾ ਜਾਵੇਗਾ।
ਇਸ ਸਮਾਗਮ ਤੋਂ ਪਹਿਲਾਂ ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਜੋਤੀ ਸਰੂਪ ਮੋੜ ’ਤੇ 2 ਕਰੋੜ 92 ਲੱਖ ਦੀ ਲਾਗਤ ਨਾਲ ਬਣਾਏ ਗਏ ਪੰਜਾਬ ਦੇ ਪਹਿਲੇ ਆਲੀਸ਼ਾਨ ਸਹਿਕਾਰਤਾ ਭਵਨ ਦਾ ਉਦਘਾਟਨ ਵੀ ਕੀਤਾ। ਇਸ ਭਵਨ ਵਿੱਚ ਸਹਿਕਾਰੀ ਬੈਂਕ, ਮਾਰਕਫੈਡ, ਭੂਮੀ ਵਿਕਾਸ ਬੈਂਕ ਅਤੇ ਹੋਰ ਸਹਿਕਾਰੀਆਂ ਦੇ ਦਫ਼ਤਰ ਇੱਕ ਛੱਤ ਹੇਠ ਆ ਗਏ ਹਨ। ਉਨ੍ਹਾਂ ਇਸ ਮੌਕੇ ਸਹਿਕਾਰੀ ਬੈਂਕ ਦਾ ਵਿਸ਼ੇਸ ਰਸਾਲਾ ‘ ਈ ਬੇਸਿਕ ’ ਵੀ ਜਾਰੀ ਕੀਤਾ।
ਇਸ ਮੌਕੇ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਆਰਥਿਕ ਮੰਦਹਾਲੀ ਦੇ ਦੌਰ ਵਿੱਚ ਲੰਘ ਰਹੇ ਕਿਸਾਨਾਂ ਦਾ ਆਰਥਿਕ ਪੱਧਰ ਉਚਾ ਚੁੱਕਣ ਲਈ ਸਹਿਕਾਰੀ ਸਭਾਵਾਂ ਬਹੁਤ ਵੱਡਾ ਰੋਲ ਅਦਾ ਕਰ ਸਕਦੀਆਂ ਹਨ। ਇਸ ਲਈ ਸਹਿਕਾਰਤਾ ਲਹਿਰ ਨੂੰ ਹੋਰ ਵੱਡਾ ਹੁੰਗਾਰਾ ਦੇਣ ਦੀ ਲੋੜ ਹੈ । ਉਨ੍ਹਾਂ ਇਸ ਗੱਲ ’ਤੇ ਜੋਰ ਦਿੱਤਾ ਕਿ ਸਹਿਕਾਰਤਾ ਵਿਭਾਗ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਨੂੰ ਸਵੈ ਨਿਰਭਰ ਬਣਾਉਣ ਲਈ ਪਿੰਡਾਂ ਦੇ ਲੋਕਾਂ ਦੀਆਂ ਰੋਜਮੱਰਾ ਦੀਆਂ ਲੋੜਾਂ ਵਾਲੀਆਂ ਸਾਰੀਆਂ ਵਸਤਾਂ ਵੇਚਣ ਦੇ ਅਧਿਕਾਰ ਦਿੱਤੇ ਜਾਣ। ਉਨ੍ਹਾਂ ਆਖਿਆ ਕਿ ਬਹੁਮੰਤਵੀ ਸਹਿਕਾਰੀ ਸਭਾਵਾਂ ਵਾਜ਼ਬ ਮੁਨਾਫੇ ’ਤੇ ਸਹਿਕਾਰੀ ਮੈਂਬਰਾਂ ਨੂੰ ਸਾਰੀਆਂ ਵਸਤਾਂ ਮੁਹੱਈਆ ਕਰਵਾ ਸਕਦੀਆਂ ਹਨ। ਉਨ੍ਹਾਂ ਆਖਿਆ ਕਿ ਪਰਾਲੀ ਦੀ ਸੰਭਾਲ ਵਿੱਚ ਵੀ ਸਹਿਕਾਰੀ ਸਭਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਇਨ੍ਹਾਂ ਵੱਲੋਂ ਬਹੁਤ ਘੱਟ ਕਿਰਾਏ ’ਤੇ ਰੋਟਾਵੇਟਰ, ਹੈਪੀਸੀਡਰ, ਚੌਪਰ, ਕਟਰ ਅਤੇ ਖੇਤੀ ਲਈ ਟਰੈਕਟਰ, ਲੇਜਰ ਲੈਵਲਰ ਤੇ ਹੋਰ ਸੰਦ ਮੁਹੱਈਆ ਕਰਵਾਏ ਜਾਂਦੇ ਹਨ।
ਸਹਿਕਾਰਤਾ ਵਿਭਾਗ ਦੇ ਐਮ.ਡੀ. ਡਾ. ਐਸ.ਕੇ. ਬਾਤਿਸ਼ ਨੇ ਦੱਸਿਆ ਕਿ ਪੰਜਾਬ ਵਿੱਚ ਸਹਿਕਾਰੀ ਬੈਂਕਾਂ ਦਾ 3 ਲੱਖ 30 ਹਜਾਰ ਕਰੋੜ ਦਾ ਸਰਮਾਇਆ ਹੈ ਅਤੇ 10 ਲੱਖ ਕਿਸਾਨ ਸਹਿਕਾਰੀ ਸਭਾਵਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸਹਿਕਾਰੀ ਬੈਂਕਾਂ ਵੱਲੋਂ 12 ਹਜਾਰ ਕਰੋੜ ਦੇ ਕਰਜੇ ਕਿਸਾਨਾਂ ਨੂੰ ਦਿੱਤੇ ਗਏ ਹਨ ਅਤੇ ਸਹਿਕਾਰੀ ਬੈਂਕ 36 ਹਜਾਰ ਕਰੋੜ ਦਾ ਬਿਜਨਸ ਕਰ ਰਹੇ ਹਨ। ਇਸ ਮੌਕੇ ਪੇਂਡੂ ਵਿਕਾਸ ਮੰਤਰੀ ਨੇ ਵਧੀਆ ਕਾਰਗੁਜਾਰੀ ਵਿਖਾਉਣ ਵਾਲੀਆਂ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਜੱਲ੍ਹਾ, ਰਾਏਪੁਰ ਮਾਜਰੀ, ਭੈਣੀ ਕਲਾਂ ਤੇ ਖਨਿਆਣ ਦੇ ਅਹੁਦੇਦਾਰਾਂ ਦਾ ਸਨਮਾਨ ਵੀ ਕੀਤਾ। ਇਸ ਤੋਂ ਇਲਾਵਾ ਡੀ.ਜੀ.ਐਮ. ਐਚ.ਐਸ. ਢਿੱਲੋਂ, ਗਜ਼ਲ ਗੋ ਅਵਤਾਰ ਸਿੰਘ ਪਵਾਰ, ਨੇਤਰਹੀਣ ਅੰਤਰ ਰਾਸ਼ਟਰੀ ਕ੍ਰਿਕਟਰ ਗੁਰਬੀਰ ਸਿੰਘ, ਏ.ਐਮ. ਗੋਪਾਲ ਦਾਸ ਤੇ ਸਹਿਕਾਰੀ ਬੈਂਕ ਸੰਗਰੂਰ ਦੀ ਮੈਨੇਜਰ ਗੁਨਪ੍ਰੀਤ ਕੌਰ ਦਾ ਵਿਸ਼ੇਸ ਤੌਰ ’ਤੇ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਐਸ.ਕੇ. ਜੈਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਹਰਦਿਆਲ ਸਿੰਘ ਚੱਠਾ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ. ਅਮਰਿੰਦਰ ਸਿੰਘ ਟਿਵਾਣਾ, ਡੀ.ਡੀ.ਪੀ.ਓ. ਸ੍ਰੀ ਅਮਰੀਕ ਸਿੰਘ ਸਿੱਧੂ, ਡੀ.ਆਰ. ਗੁਰਪ੍ਰੀਤ ਸਿੰਘ, ਏ.ਪੀ.ਐਸ. ਘੁੰਮਣ ਐਮ.ਡੀ. ਜ਼ਿਲ੍ਹਾ ਸਹਿਕਾਰੀ ਬੈਂਕ, ਕਾਂਗਰਸੀ ਆਗੂ ਗੁਰਸਤਿੰਦਰ ਸਿੰਘ ਜੱਲਾ, ਸ. ਸੁਖਰਾਜ ਸਿੰਘ ਰਾਜਾ, ਬਲਵਿੰਦਰ ਮਾਵੀ, ਚਰਨਜੀਤ ਚੰਨਾ, ਕਿਸਾਨ ਆਗੂ ਬਲਦੇਵ ਸਿੰਘ ਦਮਹੇੜੀ, ਸਮੂਹ ਬੋਰਡ ਆਫ ਡਾਇਰੈਕਟਰ ਪੀ.ਏ.ਡੀ.ਬੀ. ਬੈਂਕ, ਦੀ ਫ਼ਤਹਿਗੜ੍ਹ ਸਾਹਿਬ ਸੈਂਟਰਲ ਕੋਅਪ੍ਰੇਟਿਵ ਬੈਂਕ, ਪੰਜਾਬ ਸਟੇਟ ਕੋਅਪ੍ਰੇਟਿਵ ਸਪਲਾਈ ਤੇ ਮਾਰਕੀਟਿੰਗ ਫੈਡਰੇਸ਼ਨ ਤੋਂ ਇਲਾਵਾ ਸਹਿਕਾਰੀ ਸਭਾਵਾਂ ਦੇ ਪ੍ਰਧਾਨ ਤੇ ਸਕੱਤਰ ਸਮੇਤ ਵੱਡੀ ਗਿਣਤੀ ਵਿੱਚ ਸਹਿਕਾਰੀ ਮੈਂਬਰ ਵੀ ਸ਼ਾਮਲ ਹੋਏ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …