Share on Facebook Share on Twitter Share on Google+ Share on Pinterest Share on Linkedin ਪੰਚਾਇਤ ਮੰਤਰੀ ਬਾਜਵਾ ਦੀ ਪਤਨੀ ਵੀ ਫੋਰਟਿਸ ਹਸਪਤਾਲ ’ਚ ਦਾਖ਼ਲ ਫੋਰਟਿਸ ਹਸਪਤਾਲ ਵਿੱਚ ਬਾਜਵਾ ਪਤੀ-ਪਤਨੀ ਦਾ ਰੱਖਿਆ ਜਾ ਰਿਹਾ ਹੈ ਪੂਰਾ ਖਿਆਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ: ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ ਬਾਅਦ ਹੁਣ ਉਸ ਦੀ ਪਤਨੀ ਅਤੇ ਬੇਟੇ ਨੂੰ ਵੀ ਕਰੋਨਾਵਾਇਰਸ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਬਾਜਵਾ ਪਹਿਲਾਂ ਤੋਂ ਹੀ ਇੱਥੋਂ ਦੇ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਅਤੇ ਅੱਜ ਉਨ੍ਹਾਂ ਦੀ ਪਤਨੀ ਅਤੇ ਬੇਟੇ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ ਜਦੋਂਕਿ ਮੁਹਾਲੀ ਦੇ ਵਿਧਾਇਕ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਰਿਪੋਰਟ ਨੈਗੇਟਿਵ ਹੈ। ਬਾਜਵਾ ਦੀ ਪਤਨੀ ਵਿੱਚ ਕਰੋਨਾ ਦੇ ਲੱਛਣ ਪਾਏ ਜਾਣ ਕਾਰਨ ਉਨ੍ਹਾਂ ਨੂੰ ਵੀ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਉਨ੍ਹਾਂ ਦੇ ਬੇਟੇ ਨੂੰ ਘਰ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ, ਕਿਉਂਕਿ ਮੰਤਰੀ ਦੇ ਬੇਟੇ ਦੀ ਜਾਂਚ ਦੌਰਾਨ ਉਨ੍ਹਾਂ ’ਚ ਕਰੋਨਾ ਦਾ ਕੋਈ ਲੱਛਣ ਨਹੀਂ ਮਿਲਿਆ ਹੈ। ਫੋਰਟਿਸ ਹਸਪਤਾਲ ਵਿੱਚ ਬਾਜਵਾ ਪਤੀ-ਪਤਨੀ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਜਦੋਂਕਿ ਬਾਕੀ ਆਈਸੋਲੇਸ਼ਨਾਂ ਵਿੱਚ ਪੀੜਤ ਮਰੀਜ਼ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਹੁਣ ਤੱਕ ਕਈ ਮਰੀਜ਼ ਗਿਆਨ ਸਾਗਰ ਹਸਪਤਾਲ ਅਤੇ ਇਕਾਂਤਵਾਸ ਕੇਂਦਰਾਂ ਵਿੱਚ ਲੋੜੀਂਦੀਆਂ ਸਹੂਲਤਾਂ ਨਾ ਮਿਲਣ ਦਾ ਦੋਸ਼ ਲਗਾ ਚੁੱਕੇ ਹਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਵਿਪੁਲ ਉੱਜਵਲ ਪਹਿਲਾਂ ਹੀ ਕਰੋਨਾ ਤੋਂ ਪੀੜਤ ਹਨ। ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਪਣੇ ਘਰ ਇਕਾਂਤਵਾਸ ਵਿੱਚ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਜੋ ਕਿ ਰੂਪਨਗਰ ਦੇ ਡਿਪਟੀ ਕਮਿਸ਼ਨਰ ਹਨ, ਉਨ੍ਹਾਂ ਇਸ ਮਹਾਮਰੀ ਤੋਂ ਪੀੜਤ ਸਨ। ਉਨ੍ਹਾਂ ਤੋਂ ਡਾਇਰੈਕਟਰ ਨੂੰ ਇਹ ਲਾਗ ਲੱਗ ਗਈ। ਉਧਰ, ਸਿਹਤ ਵਿਭਾਗ ਵੱਲੋਂ ਵਿੱਤ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਸੀਮਾ ਜੈਨ, ਸੰਯੁਕਤ ਡਾਇਰੈਕਟਰ ਅਵਤਾਰ ਸਿੰਘ ਭੁੱਲਰ, ਵਧੀਕ ਰਾਜਵਿੰਦਰ ਕੌਰ ਬੁੱਟਰ, ਰਜਿਸਟਰਾਰ, ਡਿਪਟੀ ਡਾਇਰੈਕਟਰ ਸੰਜੀਵ ਗਰਗ ਤੇ ਅਮਰਦੀਪ ਸਿੰਘ ਬੈਂਸ ਅਤੇ ਪ੍ਰੀਤਇੰਦਰ ਸਿੰਘ ਬੈਂਸ, ਡਿਪਟੀ ਡਾਇਰੈਕਟਰ (ਜ਼ਮੀਨ) ਜੋਗਿੰਦਰ ਕੁਮਾਰ, ਲੀਗਲ ਅਫ਼ਸਰ ਜੌਹਰਇੰਦਰ ਸਿੰਘ ਆਹਲੂਵਾਲੀਆ ਤੇ ਸੌਦਾਗਰ ਸਿੰਘ ਅਤੇ ਡਾਇਰੈਕਟਰ ਦੇ ਪੀਏ ਭੁਪਿੰਦਰ ਸਿੰਘ ਭੁਪੀ ਸਮੇਤ 25 ਤੋਂ 30 ਅਧਿਕਾਰੀਆਂ ਅਤੇ ਦਫ਼ਤਰ ਸਟਾਫ਼ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸੀ। ਇਨ੍ਹਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਮੁਹਾਲੀ ਸਥਿਤ ਪੰਚਾਇਤ ਵਿਭਾਗ ਦਾ ਮੁੱਖ ਦਫ਼ਤਰ (ਵਿਕਾਸ ਭਵਨ) ਇਕ ਹਫ਼ਤੇ ਤੋਂ ਬੰਦ ਪਿਆ ਹੈ ਅਤੇ ਸਾਰੇ ਦਫ਼ਤਰੀ ਅਤੇ ਪਿੰਡਾਂ ਦੇ ਵਿਕਾਸ ਨਾਲ ਸਬੰਧਤ ਕੰਮ ਠੱਪ ਹੋ ਕੇ ਰਹਿ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਡਾਇਰੈਕਟਰ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਭਾਵੇਂ ਕਾਫ਼ੀ ਅਧਿਕਾਰੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਪ੍ਰੰਤੂ ਕਈ ਅਫ਼ਸਰ ਹਾਲੇ ਵੀ ਆਪਣੇ ਘਰ ਨਹੀਂ ਗਏ ਹਨ। ਉਹ ਆਪਣੇ ਪਰਿਵਾਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹੋਰ ਥਾਂ ’ਤੇ ਇਕਾਂਤਵਾਸ ਵਿੱਚ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਵਿਕਾਸ ਭਵਨ ਖੁੱਲ੍ਹੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ