
ਫੋਰਟਿਸ ਹਸਪਤਾਲ ’ਚੋਂ ਪੰਚਾਇਤ ਮੰਤਰੀ ਬਾਜਵਾ ਤੇ ਪਤਨੀ ਨੂੰ ਮਿਲੀ ਛੁੱਟੀ
ਬਾਜਵਾ ਪਰਿਵਾਰ ਨੂੰ ਅਗਲੇ ਹੁਕਮਾਂ ਤੱਕ ਘਰ ਇਕਾਂਤਵਾਸ ’ਚ ਰਹਿਣ ਦੀ ਸਲਾਹ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੁਲਾਈ:
ਪੰਜਾਬ ਦੇ ਪਸ਼ੂ ਪਾਲਣ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਸਿਹਤ ਵਿੱਚ ਸੁਧਾਰ ਹੋਣ ’ਤੇ ਅੱਜ ਸ਼ਾਮ ਉਨ੍ਹਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ। ਉਹ ਪਿਛਲੇ ਕਈ ਦਿਨਾਂ ਤੋਂ ਇੱਥੋਂ ਦੇ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਮੰਤਰੀ ਦੀ ਪਤਨੀ ਹਾਲੇ ਵੀ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਹੈ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਕੈਬਨਿਟ ਮੰਤਰੀ ਬਾਜਵਾ ਬਿਲਕੁਲ ਤੰਦਰੁਸਤ ਹਨ। ਪਿਛਲੇ ਤਿੰਨ ਦਿਨਾਂ ਤੋਂ ਉਨ੍ਹਾਂ ਵਿੱਚ ਕਰੋਨਾਵਾਇਰਸ ਦਾ ਕੋਈ ਲੱਛਣ ਨਜ਼ਰ ਨਹੀਂ ਆਇਆ ਹੈ। ਜਿਸ ਕਾਰਨ ਉਨ੍ਹਾਂ ਨੂੰ ਅੱਜ ਫੋਰਟਿਸ ਹਸਪਤਾਲ ’ਚੋਂ ਛੁੱਟੀ ਦੇ ਕੇ ਵਾਪਸ ਘਰ ਭੇਜ ਦਿੱਤਾ ਹੈ। ਸ੍ਰੀ ਬਾਜਵਾ ਦੀ ਪਤਨੀ ਨੂੰ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ ਹੈ। ਅਧਿਕਾਰੀ ਅਨੁਸਾਰ ਬਾਜਵਾ ਪਰਿਵਾਰ ਨੂੰ 17 ਦਿਨਾਂ ਤੱਕ ਆਪਣੇ ਘਰ ਇਕਾਂਤਵਾਸ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਮੰਤਰੀ ਦੇ ਬੇਟੇ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਉਹ ਵੀ ਕਈ ਦਿਨਾਂ ਤੋਂ ਘਰ ਇਕਾਂਤਵਾਸ ਵਿੱਚ ਹੀ ਹਨ। ਕਿਉਂਕਿ ਮੰਤਰੀ ਦੇ ਬੇਟੇ ਦੀ ਜਾਂਚ ਦੌਰਾਨ ਉਨ੍ਹਾਂ ’ਚ ਕਰੋਨਾ ਦਾ ਕੋਈ ਲੱਛਣ ਨਹੀਂ ਮਿਲਿਆ ਹੈ। ਪਿਛਲੇ ਦਿਨੀਂ ਪੰਚਾਇਤ ਵਿਭਾਗ ਦੀ ਵਧੀਕ ਡਾਇਰੈਕਟਰ ਆਰਕੇ ਬੁੱਟਰ ਅਤੇ ਆਈਟੀ ਸੈੱਲ ਦੇ ਮੁਲਾਜ਼ਮ ਮਨੀਸ਼ ਕੁਮਾਰ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਇਹ ਹਾਲੇ ਹਸਪਤਾਲ ਵਿੱਚ ਜੇਰੇ ਇਲਾਜ ਹਨ ਜਦੋਂਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਵਿਪੁਲ ਉੱਜਵਲ ਪਹਿਲਾਂ ਹੀ ਕਰੋਨਾ ਤੋਂ ਪੀੜਤ ਹਨ। ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਪਣੇ ਘਰ ਇਕਾਂਤਵਾਸ ਵਿੱਚ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਜੋ ਕਿ ਰੂਪਨਗਰ ਦੇ ਡਿਪਟੀ ਕਮਿਸ਼ਨਰ ਹਨ, ਉਨ੍ਹਾਂ ਇਸ ਮਹਾਮਰੀ ਤੋਂ ਪੀੜਤ ਸਨ। ਉਨ੍ਹਾਂ ਤੋਂ ਡਾਇਰੈਕਟਰ ਨੂੰ ਇਹ ਲਾਗ ਲੱਗ ਗਈ।
ਉਧਰ, ਸਿਹਤ ਵਿਭਾਗ ਵੱਲੋਂ ਵਿੱਤ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਸੀਮਾ ਜੈਨ, ਸੰਯੁਕਤ ਡਾਇਰੈਕਟਰ ਅਵਤਾਰ ਸਿੰਘ ਭੁੱਲਰ, ਵਧੀਕ ਡਾਇਰੈਕਟਰ ਰਾਜਵਿੰਦਰ ਕੌਰ ਬੁੱਟਰ, ਰਜਿਸਟਰਾਰ, ਡਿਪਟੀ ਡਾਇਰੈਕਟਰ ਸੰਜੀਵ ਗਰਗ ਤੇ ਅਮਰਦੀਪ ਸਿੰਘ ਬੈਂਸ ਅਤੇ ਪ੍ਰੀਤਇੰਦਰ ਸਿੰਘ ਬੈਂਸ, ਡਿਪਟੀ ਡਾਇਰੈਕਟਰ (ਜ਼ਮੀਨ) ਜੋਗਿੰਦਰ ਕੁਮਾਰ, ਲੀਗਲ ਅਫ਼ਸਰ ਜੌਹਰਇੰਦਰ ਸਿੰਘ ਆਹਲੂਵਾਲੀਆ ਤੇ ਸੌਦਾਗਰ ਸਿੰਘ ਅਤੇ ਡਾਇਰੈਕਟਰ ਦੇ ਪੀਏ ਭੁਪਿੰਦਰ ਸਿੰਘ ਭੁਪੀ ਸਮੇਤ ਬਾਕੀ ਅਧਿਕਾਰੀਆਂ ਅਤੇ ਦਫ਼ਤਰ ਸਟਾਫ਼ ਦੀਆਂ ਰਿਪੋਰਟਾਂ ਵੀ ਨੈਗੇਟਿਵ ਹਨ। ਮੁਹਾਲੀ ਸਥਿਤ ਪੰਚਾਇਤ ਵਿਭਾਗ ਦਾ ਮੁੱਖ ਦਫ਼ਤਰ (ਵਿਕਾਸ ਭਵਨ) ਇਕ ਹਫ਼ਤੇ ਤੋਂ ਬੰਦ ਪਿਆ ਹੈ ਅਤੇ ਸਾਰੇ ਦਫ਼ਤਰੀ ਅਤੇ ਪਿੰਡਾਂ ਦੇ ਵਿਕਾਸ ਨਾਲ ਸਬੰਧਤ ਕੰਮ ਠੱਪ ਹੋ ਕੇ ਰਹਿ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਡਾਇਰੈਕਟਰ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਭਾਵੇਂ ਕਾਫ਼ੀ ਅਧਿਕਾਰੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਪ੍ਰੰਤੂ ਕਈ ਅਫ਼ਸਰ ਹਾਲੇ ਵੀ ਆਪਣੇ ਘਰ ਨਹੀਂ ਗਏ ਹਨ। ਉਹ ਆਪਣੇ ਪਰਿਵਾਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹੋਰ ਥਾਂ ’ਤੇ ਇਕਾਂਤਵਾਸ ਵਿੱਚ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਵਿਕਾਸ ਭਵਨ ਆਮ ਦਿਨਾਂ ਵਾਂਗ ਖੁੱਲ੍ਹੇਗਾ ਪ੍ਰੰਤੂ ਦਫ਼ਤਰੀ ਕੰਮ ਚਲਾਉਣ ਲਈ ਸਾਰੇ ਅਧਿਕਾਰੀ ਤਾਂ ਹਾਜ਼ਰ ਆਉਣਗੇ ਲੇਕਿਨ ਬਾਕੀ ਕਰਮਚਾਰੀਆਂ ਨੂੰ ਅਗਲੇ ਹੁਕਮਾਂ ਤੱਕ ਲੋੜ ਅਨੁਸਾਰ ਹੀ ਦਫ਼ਤਰ ਸੱਦਿਆ ਜਾਵੇਗਾ।