nabaz-e-punjab.com

ਪੰਚਾਇਤ ਮੰਤਰੀ ਬਾਜਵਾ ਵੱਲੋਂ ਮੁੱਖ ਦਫ਼ਤਰ ਦੀ ਅਚਨਚੇਤ ਚੈਕਿੰਗ, ਕਈ ਅਧਿਕਾਰੀ ਗ਼ੈਰ ਹਾਜ਼ਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 1 ਨਵੰਬਰ:
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਵਿਭਾਗ ਵਿਚ ਲੋਕਾਂ ਨੂੰ ਸਮਾਂ ਬੱਧ ਸੇਵਾਵਾਂ ਮੁਹਈਆ ਕਰਵਾਉਣ ਅਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਮੇਂ ਸਿਰ ਦਫ਼ਤਰ ਵਿਚ ਹਾਜ਼ਰੀ ਯਕੀਨੀ ਬਣਾਉਣ ਲਈ ਅੱਜ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਕਈ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਗੈਰਹਾਜ਼ਿਰ ਪਾਏ ਗਏ ਅਤੇ ਕਈ ਦੇਰੀ ਨਾਲ ਦਫਤਰ ਪਹੁੰਚੇ। ਅੱਜ ਇਥੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਸਹੀ 9 ਵਜੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਵਿਭਾਗ ਦੇ ਮੁੱਖ ਦਫਤਰ ਵਿਕਾਸ ਭਵਨ ਵਿੱਚ ਪਹੁੰਚ ਗਏ ਅਤੇ ਸਾਰੀਆਂ ਬ੍ਰਾਂਚਾਂ ਦੇ ਹਾਜ਼ਰੀ ਰਜਿਸਟਰ ਆਪਣੇ ਕੋਲ ਮੰਗਵਾ ਲਏ।
ਜਾਣਕਾਰੀ ਅਨੁਸਾਰ ਸਵੇਰੇ 9.10 ਤੱਕ ਤੱਕ ਸਿਰਫ਼ 15 ਫੀਸਦੀ ਅਧਿਕਾਰੀ ਅਤੇ ਕਰਮਚਾਰੀ ਹੀ ਦਫਤਰ ਪਹੁੰਚੇ ਸਨ, ਜਦਕਿ 9.30 ਵਜੇ ਤੱਕ 50 ਫੀਸਦੀ ਮੁਲਾਜ਼ਮ ਦਫਤਰ ਪਹੁੰਚੇ ਜਿੰਨਾਂ ਨੂੰ ਸਖਤ ਤਾੜਨਾ ਕੀਤੀ ਗਈ। ਦਫਤਰ ਵਿਚ ਲੇਟ ਲਤੀਫੀ ਦਾ ਸਖਤ ਨੋਟਿਸ ਲੈਦਿਆਂ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਅੱਜ ਦੀ ਚੈਕਿੰਗ ਦੌਰਾਨ 9.30 ਤੋਂ ਬਾਅਦ ਦਫਤਰ ਪਹੁੰਚੇ ਜਾਂ ਇਸ ਤੋਂ ਬਾਅਦ ਵੀ ਦਫਤਰ ਨਾ ਪਹੁੰਚੇ ਅਧਿਕਾਰੀ/ਮੁਲਾਜ਼ਮਾਂ ਦੀ ਜਵਾਬ ਤਲਬੀ ਕਰਨ ਦੇ ਲਈ ਸੀਨੀਅਰ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਸ੍ਰੀ ਬਾਜਵਾ ਨੇ ਕਿਹਾ ਕਿ ਸਰਕਾਰ ਵਲੋਂ ਅਧਿਕਾਰੀਆਂ ਨੂੰ ਸਮੇਂ ਦਾ ਪਾਬੰਦ ਰਹਿ ਕੇ ਕੰਮ ਕਰਨ ਦੀ ਤਨਖਾਹ ਦਿੱਤੀ ਜਾਂਦੀ ਹੈ।ਉਨ੍ਹਾਂ ਨਾਲ ਹੀ ਕਿਹਾ ਕਿ ਡਿਊਟੀ ਵਿਚ ਕੁਤਾਹੀ ਜਾਂ ਸਮੇਂ ਸਿਰ ਦਫਤਰ ਨਾ ਆਉਣ ਵਾਲਿਆਂ ਦੇ ਖਿਲਾਫ ਪੂਰੀ ਸਖਤੀ ਵਰਤੀ ਜਾਵੇਗੀ ਅਤੇ ਭਵਿੱਖ ਵਿਚ ਅਜਿਹੀਆਂ ਚੈਕਿੰਗਾਂ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਵੀ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਸ. ਬਾਜਵਾ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਪਬਲਿਕ ਡੀਲਿੰਗ ਨਾਲ ਜੁੜੀਆਂ ਸੀਟਾਂ ਨਾਲ ਜੁੜੇ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਰਵੱਈਆ, ਕੰਮ ਕਾਜ ਲਈ ਦਫਤਰ ਆਂਉਦੇ ਲੋਕਾਂ ਨਾਲ ਸਤਿਕਾਰ ਵਾਲਾ ਹੋਣਾ ਚਾਹੀਦਾ ਹੈ।ਉਨ੍ਹਾਂ ਨਾਲ ਹੀ ਕਿਹਾ ਕਿ ਦਫਤਰ ਵਿਚ ਕੰਮ ਕਾਜ ਲਈ ਆਏ ਕਿਸੇ ਵੀ ਵਿਅਕਤੀ ਨੂੰ ਬੇਲੋੜਾ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…