Nabaz-e-punjab.com

ਐਸਡੀਐਸ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਦਫ਼ਤਰ ਦੇ ਮੁਲਾਜ਼ਮਾਂ ’ਚ ਦਹਿਸ਼ਤ

ਸਿਹਤ ਵਿਭਾਗ ਨੇ ਡੀਸੀ\ਐਸਡੀਐਮ ਦਫ਼ਤਰਾਂ ਦੇ ਸਟਾਫ਼ ਸਣੇ 300 ਲੋਕਾਂ ਦੇ ਸੈਂਪਲ ਲਏ

ਐਸਡੀਐਮ ਦੇ ਦਫ਼ਤਰੀ ਸਟਾਫ਼ ਨੂੰ ਇਕਾਂਤਵਾਸ ’ਚ ਰਹਿਣ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੁਲਾਈ:
ਮੁਹਾਲੀ ਦੇ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਜਗਦੀਪ ਸਹਿਗਲ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਅਜੀਬ ਕਿਸਮ ਦੀ ਦਹਿਸ਼ਤ ਜਿਹੀ ਫੈਲ ਗਈ ਹੈ। ਐਸਡੀਐਮ ਪਹਿਲੇ ਦਿਨ ਤੋਂ ਫਰੰਟ ਲਾਈਨ ’ਤੇ ਕੰਮ ਕਰ ਰਹੇ ਹਨ। ਸਿਹਤ ਵਿਭਾਗ ਦੀ ਟੀਮ ਨੇ ਅੱਜ ਡਿਪਟੀ ਕਮਿਸ਼ਨਰ ਅਤੇ ਐਸਡੀਐਮ ਦਫ਼ਤਰਾਂ ਵਿੱਚ ਤਾਇਨਾਤ ਸਟਾਫ਼ ਮੈਂਬਰਾਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ ਅਤੇ ਸਵੇਰੇ ਦਫ਼ਤਰ ਖੁੱਲ੍ਹਣ ਤੋਂ ਪਹਿਲਾਂ ਸਮੁੱਚੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਪੂਰੀ ਤਰ੍ਹਾਂ ਸੈਨੇਟਾਈਜ ਕੀਤਾ ਗਿਆ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਐਸਡੀਐਮ ਦੇ ਦਫ਼ਤਰੀ ਸਟਾਫ਼ ਨੂੰ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਅਧਿਕਾਰੀ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉਂਜ ਐਸਡੀਐਮ ਸਿਹਤ ਵਿਭਾਗ ਨੂੰ ਪੂਰਾ ਸਹਿਯੋਗ ਦੇ ਰਹੇ ਹਨ ਅਤੇ ਉਹ ਖ਼ੁਦ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਸੂਚੀ ਦੇ ਰਹੇ ਹਨ।
ਜਾਣਕਾਰੀ ਅਨੁਸਾਰ ਮੁਹਾਲੀ ਵਿੱਚ ਕਰੋਨਾਵਾਇਰਸ ਦੀ ਮਹਾਮਾਰੀ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪਿਛਲੇ ਕਾਫੀ ਦਿਨਾਂ ਤੋਂ ਆਪਣੇ ਪਰਿਵਾਰਕ ਮੈਂਬਰਾਂ ਤੋਂ ਅਲੱਗ ਇੱਥੋਂ ਦੇ ਸੈਕਟਰ-88 ਸਥਿਤ ਗਮਾਡਾ ਦੇ ਮੈਗਾ ਹਾਊਸਿੰਗ ਕੰਪਲੈਕਸ ਪੂਰਵ ਅਪਾਰਟਮੈਂਟ ਵਿੱਚ ਇਕਾਂਤਵਾਸ ਵਿੱਚ ਰਹਿ ਰਹੇ ਹਨ। ਪਿਛਲੇ ਦਿਨੀਂ ਉਨ੍ਹਾਂ ਨੇ ਪੀਸੀਐਸ ਅਧਿਕਾਰੀਆਂ ਦੀ ਮੀਟਿੰਗ ਅਟੈਂਡ ਕੀਤੀ ਸੀ। ਉਂਜ ਉਹ ਰੋਜ਼ਾਨਾ ਆਪਣੇ ਦਫ਼ਤਰ ਆ ਰਹੇ ਹਨ ਅਤੇ ਦਫ਼ਤਰੀ ਸਟਾਫ਼ ਸਮੇਤ ਆਮ ਲੋਕਾਂ ਨੂੰ ਮਿਲਦੇ ਰਹੇ ਹਨ।
ਉਧਰ, ਪੰਜਾਬ ਪੁਲੀਸ ਦੇ ਸਾਬਕਾ ਪੁਲੀਸ ਅਧਿਕਾਰੀ ਦੀ ਧਰਮ ਪਤਨੀ ਜੋ ਕਿ ਸਿੱਖਿਆ ਬੋਰਡ ਵਿੱਚ ਨੌਕਰੀ ਕਰਦੀ ਹੈ, ਦੀ ਰਿਪੋਰਟ ਪਾਜ਼ੇਟਿਵ ਆਉਣ ਸਿੱਖਿਆ ਭਵਨ ਦੇ ਮੁਲਾਜ਼ਮ ਸਹਿਮੇ ਹੋਏ ਨਜ਼ਰ ਆਏ। ਇਸ ਤੋਂ ਪਹਿਲਾਂ ਮਹਿਲਾ ਅਧਿਕਾਰੀ ਦਾ ਬੇਟਾ ਕਰੋਨਾ ਤੋਂ ਪੀੜਤ ਸੀ। ਦਫ਼ਤਰੀ ਸਟਾਫ਼ ਅਨੁਸਾਰ ਉਕਤ ਮਹਿਲਾ ਅਧਿਕਾਰੀ ਬੀਤੀ 17 ਜੂਨ ਤੋਂ ਦਫ਼ਤਰ ਨਹੀਂ ਆ ਰਹੀ ਹੈ ਅਤੇ ਛੁੱਟੀ ’ਤੇ ਚਲ ਰਹੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸਿੱਖਿਆ ਬੋਰਡ ਭਵਨ ਵਿੱਚ ਰੋਜ਼ਾਨਾ ਹੀ ਸੈਂਕੜੇ ਕਰਮਚਾਰੀ ਡਿਊਟੀ ’ਤੇ ਆ ਰਹੇ ਹਨ ਅਤੇ ਪੰਜਾਬ ਭਰ ’ਚੋਂ ਆਪਣੇ ਕੰਮਾਂ ਕਾਰਾਂ ਵੀ ਲੋਕ ਆ ਜਾ ਰਹੇ ਹਨ। ਕਈ ਬ੍ਰਾਂਚਾਂ ਵਿੱਚ ਤਾਂ ਕੰਮਾਂ ਲਈ ਲੋਕਾਂ ਦੀ ਭੀੜ ਜੁੱਟ ਰਹੀ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …