ਹੀਰੋ ਸਾਇਕਲ ਦੇ ਪੰਕਜ ਮੁੰਜਾਲ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ

ਸਿਲੀਕੋਨ ਵੈਲੀ ਦੀ ਤਰਜ਼ ’ਤੇ ਪੰਜਾਬ ਵਿੱਚ ਸਾਈਕਲ ਸਨਅਤ ਵੈਲੀ ਸਥਾਪਿਤ ਕਰਨ ਵਿੱਚ ਦਿਲਚਸਪੀ ਦਿਖਾਈ

ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 22 ਅਪਰੈਲ:
ਪੰਜਾਬ ਵਿੱਚ ਸਨਅਤ ਨੂੰ ਮੁੜ ਪੈਰਾਂ ਸਿਰ ਕਰਨ ਲਈ ਚੱਲ ਰਹੇ ਯਤਨਾਂ ਦਰਮਿਆਨ ਹੀਰੋ ਸਾਇਕਲ ਨੇ ਪੰਜਾਬ ਵਿੱਚ ਸਾਹਨੇਵਾਲ ਨੇੜੇ ਆਈ.ਟੀ ਸਿਲੀਕਾਨ ਵੈਲੀ ਦੀ ਤਰਜ਼ ’ਤੇ 400 ਕਰੋੜ ਰੁਪਏ ਦੀ ਲਾਗਤ ਨਾਲ ਸਾਇਕਲ ਵੈਲੀ ਸਥਾਪਤ ਕਰਨ ਵਿੱਚ ਦਿਲਚਸਪੀ ਜ਼ਾਹਰ ਕੀਤੀ ਹੈ। ਹੀਰੋ ਸਾਇਕਲ ਦੇ ਪੰਕਜ ਮੁੰਜਾਲ ਨੇ ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਦੌਰਾਨ ਇਹ ਇੱਛਾ ਜ਼ਾਹਰ ਕੀਤੀ। ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸ੍ਰੀ ਮੁੰਜਾਲ ਨੂੰ ਸਥਾਪਤ ਕੀਤੇ ਜਾਣ ਵਾਲੇ ਪ੍ਰਾਜੈਕਟ ਦੀ ਤਜਵੀਜ਼ ਬਾਰੇ ਵਿਸਥਾਰਤ ਰਿਪੋਰਟ ਸਾਂਝੀ ਕਰਨ ਬਾਰੇ ਆਖਿਆ ਜਿਸ ਵਿੱਚ ਤਕਨੀਕੀ ਅਤੇ ਖੋਜ ਤੇ ਵਿਕਾਸ ਦੇ ਕੇਂਦਰਾਂ ਤੋਂ ਇਲਾਵਾ ਲੋੜੀਂਦੀਆਂ ਸਨਅਤੀ ਸਹੂਲਤਾਂ ਹੋਣਗੀਆਂ।
ਸ੍ਰੀ ਮੁੰਜਾਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਪ੍ਰੋਜੈਕਟ ਲਈ 100 ਏਕੜ ਜ਼ਮੀਨ ਦੀ ਲੋੜ ਹੋਵੇਗੀ ਜਿਸ ਨਾਲ ਸਾਇਕਲ ਉਦਯੋਗ ਵਿੱਚ ਸਿੱਧੇ ਜਾਂ ਅਸਿੱਧੇ ਤੌਰ ’ਤੇ ਸ਼ਾਮਲ ਮੌਜੂਦਾ 4.5 ਲੱਖ ਲੋਕਾਂ ਦੀ ਗਿਣਤੀ ਦੁੱਗਣੀ ਹੋ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਤੇ ਆਰਥਿਕ ਤਰੱਕੀ ਲਈ ਉਦਯੋਗ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਖੁਸ਼ੀ ਹੁੰਦੀ ਹੈ। ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਨਵੀਂ ਉਦਯੋਗਿਕ ਨੀਤੀ ’ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਤਹਿਤ ਸੂਬੇ ਵਿੱਚ ਨਿਵੇਸ਼ ਲਈ ਪ੍ਰਕਿਰਿਆ ਨੂੰ ਨਵੀਆਂ ਲੀਹਾਂ ’ਤੇ ਪਾ ਕੇ ਸਨਅਤੀ ਵਿਕਾਸ ’ਤੇ ਜ਼ੋਰ ਦਿੱਤਾ ਜਾਵੇਗਾ।
ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸ੍ਰੀ ਮੁੰਜਾਲ ਨੂੰ ਪੰਜਾਬ ਵਿੱਚ ਪ੍ਰੋਜੈਕਟ ਸਥਾਪਤ ਕਰਨ ਲਈ ਉਨ੍ਹਾਂ ਦੀ ਕੰਪਨੀ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਦੇ ਸੀ.ਈ.ਓ. ਅਨਿਰੁਧ ਤਿਵਾੜੀ ਨੂੰ ਹੀਰੋ ਨਾਲ ਅਗਲੇਰੇ ਵਿਚਾਰ ਵਟਾਂਦਰੇ ਲਈ ਹਦਾਇਤ ਕੀਤੀ। ਸੂਬੇ ਵਿਚ ਸੱਤਾ ਤਬਦੀਲੀ ਦੇ ਮੱਦੇਨਜ਼ਰ ਸਾਕਾਰਤਮਕ ਸਨਅਤੀ ਮਾਹੌਲ ਦੇ ਸੰਦਰਭ ਵਿੱਚ ਪੰਜਾਬ ’ਚ ਨਿਵੇਸ਼ ਕਰਨ ਵਿੱਚ ਦਿਲਚਸਪੀ ਦਿਖਾਉਣ ਵਾਲੇ ਦਿੱਗਜ ਉਦਯੋਗਪਤੀਆਂ ਵਿੱਚ ਹੁਣ ਸ੍ਰੀ ਮੁੰਜਾਲ ਵੀ ਸ਼ਾਮਲ ਹੋਏ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨਾਲ ਨਿੱਜੀ ਤੌਰ ’ਤੇ ਮੀਟਿੰਗ ਕਰਕੇ ਪੰਜਾਬ ਵਿੱਚ ਨਿਵੇਸ਼ ਕਰਨ ’ਚ ਇੱਛਾ ਜ਼ਾਹਿਰ ਕਰਨ ਵਾਲੇ ਚੋਟੀ ਦੇ ਉਦਯੋਗਪਤੀਆਂ ਵਿੱਚ ਅਡਾਨੀ ਗਰੁੱਪ ਦੇ ਸ੍ਰੀ ਪਰਨਵ ਵੀ ਅਡਾਨੀ, ਰਿਲਾਇੰਸ ਏ.ਡੀ.ਏ.ਜੀ ਦੇ ਚੇਅਰਮੈਨ ਸ੍ਰੀ ਅਨਿਲ ਅੰਬਾਨੀ, ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਤੇ ਐਮ.ਡੀ ਸ੍ਰੀ ਮੁਕੇਸ਼ ਅੰਬਾਨੀ, ਟਾਟਾ ਸੰਨਜ਼ ਦੇ ਚੇਅਰਮੈਨ ਸ੍ਰੀ ਨਟਰਾਜਨ ਚੰਦਰਸੇਖਰਨ ਤੋਂ ਇਲਾਵਾ ਐਚ.ਡੀ.ਐਫ.ਸੀ ਅਤੇ ਆਈ.ਸੀ.ਆਈ.ਸੀ ਬੈਂਕ ਸ਼ਾਮਲ ਹਨ। ਇਸੇ ਤਰ੍ਹਾਂ ਹਿੰਦੁਸਤਾਨ ਯੂਨੀਲੀਵਰ ਲਿਮਟਡ, ਮਹਿੰਦਰਾ ਐਂਡ ਮਹਿੰਦਰਾ ਅਤੇ ਗੋਦਰੇਜ ਗਰੁੱਪ ਵੀ ਵੱਡੀ ਪੱਧਰ ’ਤੇ ਪੰਜਾਬ ਵਿੱਚ ਵਪਾਰ ਦਾ ਪਸਾਰ ਕਰਨ ਉੱਤੇ ਵਿਚਾਰ ਕਰ ਰਹੇ ਹਨ। ਸੂਬਾ ਸਰਕਾਰ ਦੇ ‘ਨਿਵੇਸ਼ ਪੰਜਾਬ ਪ੍ਰੋਗਰਾਮ’ ਦੇ ਹਿੱਸੇ ਵਜੋਂ ਮੁੱਖ ਮੰਤਰੀ ਨੇ ਇਸ ਮਹੀਨੇ ਮੁੰਬਈ ਦਾ ਤਿੰਨ ਰੋਜ਼ਾ ਦੌਰਾ ਕਰਕੇ ਉੱਘੇ ਸਨਅਤਕਾਰਾਂ ਨਾਲ ਮੁਲਾਕਾਤਾਂ ਕੀਤੀਆਂ ਸਨ।

Load More Related Articles
Load More By Nabaz-e-Punjab
Load More In General News

Check Also

ਸੀਨੀਅਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਖ਼ਲ ਮੰਗਿਆ

ਸੀਨੀਅਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਖ਼ਲ ਮੰਗਿਆ ਸਰਕਾਰ ਨੇ ਕਮਿਊਟਿਡ ਪ…